ਫਰਿਟਜ਼ ਨੂੰ ਹਰਾ ਕੇ ਸੈਮੀ ਫਾਈਨਲ ’ਚ ਪੁੱਜਿਆ ਅਲਕਰਾਜ਼
ਪੈਰਿਸ, 9 ਨਵੰਬਰ – ਕਾਰਲੋਸ ਅਲਕਰਾਜ਼ ਨੇ ਸ਼ੁੱਕਰਵਾਰ ਨੂੰ ਪੈਰਿਸ ਮਾਸਟਰਜ਼ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਟੇਲਰ ਫਰਿਟਜ਼ ਵਿਰੁੱਧ ਦੋ ਮੈਚ ਪੁਆਇੰਟ ਬਚਾਏ ਅਤੇ ਇਸ ਦੇ ਨਾਲ ਹੀ ਏ ਟੀ ਪੀ ਫਾਈਨਲਜ਼ ਲਈ ਖਿਡਾਰੀਆਂ ਦੀ ਸੂਚੀ ਤੈਅ ਹੋ ਗਈ। ਦੂਜੇ ਸੈੱਟ ਵਿੱਚ 5-3 ਅਤੇ 5-4 ਦੇ ਸਕੋਰ ’ਤੇ ਅਲਕਰਾਜ਼ ਮੈਚ ਪੁਆਇੰਟ ਤੋਂ ਪਿੱਛੇ ਸੀ, ਜਿਸ ਨੇ ਫੋਰਹੈਂਡ ਪਾਸ ਨਾਲ ਦੂਜਾ ਮੈਚ ਪੁਆਇੰਟ ਬਚਾਇਆ। ਆਖ਼ਰਕਾਰ ਉਸ ਨੇ 6-7 (10), 7-5, 6-3 ਨਾਲ ਜਿੱਤ ਪ੍ਰਾਪਤ ਕੀਤੀ। ਅਲਕਰਾਜ਼ ਨੇ ਕਿਹਾ, “ਮੈਂ ਦੂਜੇ ਸੈੱਟ ਦੇ ਮੁਸ਼ਕਲ ਪਲਾਂ ਵਿੱਚ ਆਪਣੇ ਆਪ ਨੂੰ ਨਿਰਾਸ਼ ਨਾ ਹੋਣ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਮਾਨਸਿਕ ਤੌਰ ’ਤੇ ਮਜ਼ਬੂਤ ਰਹਿਣ ਅਤੇ ਉਨ੍ਹਾਂ ਬਰੇਕ ਪੁਆਇੰਟਾਂ ਤੇ ਮੈਚ ਪੁਆਇੰਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।” ਉਸ ਨੇ ਹੋਰ ਕਿਹਾ, “ਮੈਂ ਕਹਾਂਗਾ ਕਿ 3-5 ਦੀ ਸਰਵਿੰਗ ਦੌਰਾਨ, ਅਸੀਂ ਜਿਸ ਗੇਮ ਨੂੰ ਖੇਡਿਆ ਉਹ ਸ਼ਾਨਦਾਰ ਟੈਨਿਸ ਸੀ।
ਮੈਂ ਦਰਸ਼ਕਾਂ ਅਤੇ ਉਨ੍ਹਾਂ ਦੀ ਊਰਜਾ ਦਾ ਫ਼ਾਇਦਾ ਉਠਾਇਆ ਅਤੇ ਉਨ੍ਹਾਂ ਨੂੰ ਉਹ ਦਿੱਤਾ ਜੋ ਉਹ ਅਸਲ ਵਿੱਚ ਦੇਖਣਾ ਚਾਹੁੰਦੇ ਸਨ ਅਤੇ ਮੈਂ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਡੇਢ ਘੰਟਾ ਹੋਰ ਖੇਡ ਕੇ ਬਹੁਤ ਖ਼ੁਸ਼ ਹਾਂ। ਅੱਜ ਮੈਨੂੰ ਜੋ ਮਹਿਸੂਸ ਹੋਇਆ ਹੈ, ਉਸ ਦੀ ਕੋਈ ਤੁਲਨਾ ਨਹੀਂ ਹੈ।”ਅਲਕਰਾਜ਼ ਪਹਿਲੀ ਵਾਰ ਪੈਰਿਸ ਦੇ ਸੈਮੀ ਫਾਈਨਲ ਵਿੱਚ ਖੇਡੇਗਾ। ਸੱਤ ਵਾਰ ਦਾ ਗਰੈਂਡ ਸਲੈਮ ਜੇਤੂ ਇਸ ਸਾਲ ਸੱਟ ਅਤੇ ਥਕਾਵਟ ਤੋਂ ਪ੍ਰਭਾਵਿਤ ਰਿਹਾ ਹੈ ਪਰ ਉਸ ਨੇ ਪਿਛਲੇ ਹਫ਼ਤੇ ਵਿਆਨਾ ਦਾ ਖ਼ਿਤਾਬ ਜਿੱਤਿਆ ਸੀ ਅਤੇ ਸੀਜ਼ਨ ਦੇ ਇਸ ਪੜਾਅ ’ਤੇ ਆਪਣੇ ਕਈ ਵਿਰੋਧੀਆਂ ਨਾਲੋਂ ਵੱਧ ਤਰੋ-ਤਾਜ਼ਾ ਨਜ਼ਰ ਆ ਰਿਹਾ ਹੈ। ਬੈਨ ਸ਼ੈਲਟਨ ਵੀ ਟੌਮੀ ਪੌਲ ਵਿਰੁੱਧ ਆਲ-ਅਮਰੀਕੀ ਮੁਕਾਬਲਾ 6-4, 4-6, 6-3 ਨਾਲ ਜਿੱਤ ਕੇ ਜੀਵਨ ਦੇ ਪਹਿਲੇ ਪੈਰਿਸ ਸੈਮੀ ਫਾਈਨਲ ਵਿੱਚ ਪਹੁੰਚ ਗਿਆ। ਸ਼ੈਲਟਨ ਨੇ ਇਸ ਮਹੀਨੇ ਤੁਰਿਨ ਵਿੱਚ ਹੋਣ ਵਾਲੇ ਏ ਟੀ ਪੀ ਫਾਈਨਲਜ਼ ਲਈ ਕੁਆਲੀਫਾਈ ਕਰਨ ਦੀਆਂ ਟੌਮੀ ਪੌਲ ਦੀਆਂ ਉਮੀਦਾਂ ਨੂੰ ਖ਼ਤਮ ਕਰ ਦਿੱਤਾ।
Share this content:



Post Comment