Loading Now

ਕਹਾਣੀ/ਕੱਲ੍ਹ ਤੋਂ ਅੱਜ ਤੱਕ

ਕਹਾਣੀ/ਕੱਲ੍ਹ ਤੋਂ ਅੱਜ ਤੱਕ

‘‘ਹੁਣ ਦੱਸ ਬੇਟਾ! ਤੂੰ ਕੱਲ੍ਹ ਸਾਰਾ ਦਿਨ ਮੇਰਾ ਬਚਪਨ ਵੇਖ ਕੇ ਖ਼ੁਸ਼ ਹੋ ਗਿਆ ਏਂ ਨਾ?’’ ਅਸੀਂ ਸਵੇਰ ਦਾ ਨਾਸ਼ਤਾ ਕਰ ਰਹੇ ਸਾਂ ਜਦੋਂ ਮੈਂ ਆਪਣੇ ਬੇਟੇ ਸਤਬੀਰ ਨੂੰ ਪੁੱਛਿਆ।

‘‘ਮੈਂ ਬਹੁਤ ਖ਼ੁਸ਼ ਹਾਂ ਪਾਪਾ। ਹੁਣ ਮੇਰਾ ਥੀਸਿਸ ਪੂਰਾ ਹੋ ਜਾਏਗਾ ਅਤੇ ਬਹੁਤ ਵਧੀਆ ਹੋਏਗਾ।’’ ਸਤਬੀਰ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ।

‘‘ਪਰ ਪਾਪਾ! ਤੁਸੀਂ ਸਾਰਾ ਦਿਨ ਆਪਣੇ ਬਚਪਨ ਵਿੱਚ ਘੁੰਮਦਿਆਂ ਫਿਰਦਿਆਂ ਬਹੁਤ ਉਦਾਸ ਉਦਾਸ ਰਹੇ ਸੀ। ਕੀ ਤੁਹਾਨੂੰ ਤੁਹਾਡੀਆਂ ਕੋਈ ਪੁਰਾਣੀਆਂ ਯਾਦਾਂ ਨੇ ਉਦਾਸ ਕਰ ਦਿੱਤਾ ਸੀ?’’

ਸਾਨੂੰ ਆਸਟਰੇਲੀਆ ਵਿੱਚ ਵੱਸਿਆਂ ਕੋਈ ਪੰਝੀ ਕੁ ਸਾਲ ਹੋ ਗਏ ਸਨ। ਸਤਬੀਰ ਉਸ ਵਕਤ ਦੋ ਸਾਲ ਦਾ ਸੀ ਜਦੋਂ ਅਸੀਂ ਅੰਮ੍ਰਿਤਸਰ ਨੂੰ ਛੱਡ ਕੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿੱਚ ਆ ਵੱਸੇ। ਸਤਬੀਰ ਸਿਡਨੀ ਵਿੱਚ ਹੀ ਵੱਡਾ ਹੋਇਆ ਅਤੇ ਇੱਥੇ ਹੀ ਪੜ੍ਹਾਈ ਕੀਤੀ ਅਤੇ ਅਜੇ ਵੀ ਸਿਡਨੀ ਯੂਨੀਵਰਸਿਟੀ ਵਿੱਚ ਪੀਐੱਚ.ਡੀ. ਲਈ ਮਿਹਨਤ ਕਰ ਰਿਹਾ ਹੈ। ਇਸ ਲਈ ਇਹ ਕੋਈ ਥੀਸਿਸ ਲਿਖ ਰਿਹਾ ਹੈ ਜਿਸ ਨੂੰ ਪੂਰਾ ਕਰਨ ਲਈ ਇਹ ਪਿਛਲੇ ਕੁਝ ਕੁ ਸਮੇਂ ਤੋਂ ਕਹਿ ਰਿਹਾ ਸੀ, ‘‘ਪਾਪਾ! ਤੁਹਾਡੇ ਬਚਪਨ ਦੇ ਮੁਹੱਲੇ ਜਾਣਾ ਹੈ। ਉੱਥੇ ਤੁਸੀਂ ਮੈਨੂੰ ਆਪਣੇ ਬਚਪਨ ਵਾਲਾ ਘਰ, ਜਿੱਥੇ ਤੁਸੀਂ ਰਹਿੰਦੇ ਸੀ, ਵਿਖਾਉਣਾ ਹੈ। ਮੈਂ ਤੁਹਾਡਾ ਬਚਪਨ ਵਾਲਾ ਮੁਹੱਲਾ ਅਤੇ ਉਸ ਮੁਹੱਲੇ ਦੀਆਂ ਗਲੀਆਂ ਵੇਖਾਂਗਾ ਜਿੱਥੇ ਤੁਸੀਂ ਆਪਣੇ ਬਚਪਨ ਦੇ ਯਾਰਾਂ ਬੇਲੀਆਂ ਨਾਲ ਖੇਡਦੇ ਸੀ। ਮੈਂ ਤੁਹਾਡਾ ਉਹ ਸਕੂਲ ਵੀ ਵੇਖਾਂਗਾ ਜਿੱਥੇ ਤੁਸੀਂ ਪੜ੍ਹਦੇ ਸੀ। ਤੁਸੀਂ ਦੱਸਦੇ ਹੁੰਦੇ ਹੋ ਕਿ ਤੁਹਾਡੇ ਸਕੂਲ ਦੇ ਮਾਸਟਰ ਵਿਦਿਆਰਥੀਆਂ ਨੂੰ ਮਾਰਦੇ ਕੁੱਟਦੇ ਬਹੁਤ ਸਨ। ਅੱਜ ਦੇ ਯੁੱਗ ਵਿੱਚ ਪਤਾ ਨਹੀਂ ਉੱਥੋਂ ਦੇ ਮਾਸਟਰ ਕਿਹੋ ਜਿਹੇ ਹਨ, ਪਰ ਆਸਟਰੇਲੀਆ ਵਿੱਚ ਤਾਂ ਇਹ ਕਾਨੂੰਨੀ ਤੌਰ ’ਤੇ ਮਨ੍ਹਾ ਹੈ ਕਿ ਬੱਚਿਆਂ ਨੂੰ ਨਾ ਤਾਂ ਮਾਸਟਰ ਕੁੱਟ ਸਕਦੇ ਹਨ ਅਤੇ ਨਾ ਹੀ ਮਾਂ ਬਾਪ ਜਾਂ ਕੋਈ ਹੋਰ। ਕੋਈ ਬੱਚੇ ਨੂੰ ਇੱਕ ਚਪੇੜ ਤੱਕ ਨਹੀਂ ਮਾਰ ਸਕਦਾ।’’

ਸਤਬੀਰ ਯੂਨੀਵਰਸਿਟੀ ਵਿੱਚ ਪੀਐੱਚ.ਡੀ. ਪੂਰੀ ਕਰਨ ਲਈ ਇਸੇ ਵਿਸ਼ੇ ’ਤੇ ਥੀਸਿਸ ਲਿਖ ਰਿਹਾ ਹੈ। ਇਸੇ ਕਾਰਨ ਉਹ ਮੈਨੂੰ ਮੇਰੇ ਬਚਪਨ ਵਾਲੇ ਮੁਹੱਲੇ ਲੈ ਕੇ ਜਾਣਾ ਚਾਹੁੰਦਾ ਸੀ। ਉਸ ਦੀ ਇਹ ਖਾਹਿਸ਼ ਅੱਜ ਪੂਰੀ ਹੋ ਗਈ। ਪੰਜਾਬ ਆ ਕੇ ਸਾਰਾ ਮੁਹੱਲਾ ਘੁੰਮਦਿਆਂ ਫਿਰਦਿਆਂ ਮੈਂ ਬਹੁਤ ਥੱਕ ਗਿਆ ਸਾਂ। ਵਾਪਸ ਆਪਣੇ ਹੋਟਲ ਆ ਕੇ ਰਾਤ ਦਾ ਖਾਣਾ ਖਾਧਾ ਅਤੇ ਆਪਣੇ ਕਮਰੇ ਵਿੱਚ ਜਾ ਕੇ ਰਾਤ ਬਿਤਾਉਣ ਲਈ ਬਿਸਤਰੇ ’ਤੇ ਲੇਟ ਗਿਆ।

ਮੈਂ ਬਿਸਤਰੇ ’ਤੇ ਲੇਟ ਤਾਂ ਗਿਆ, ਪਰ ਨੀਂਦ ਬਿਲਕੁਲ ਨਹੀਂ ਸੀ ਆ ਰਹੀ। ਸਤਬੀਰ ਦਾ ਸਵਾਲ ਮੇਰੇ ਦਿਮਾਗ਼ ਵਿੱਚ ਘੁੰਮੀ ਜਾ ਰਿਹਾ ਸੀ।

‘‘ਪਾਪਾ ! ਤੁਸੀਂ ਸਾਰਾ ਦਿਨ ਆਪਣੇ ਬਚਪਨ ਵਿੱਚ ਘੁੰਮਦਿਆਂ ਫਿਰਦਿਆਂ ਬਹੁਤ ਉਦਾਸ ਉਦਾਸ ਰਹੇ ਸੀ। ਕੀ ਤੁਹਾਨੂੰ ਤੁਹਾਡੀਆਂ ਕੋਈ ਪੁਰਾਣੀਆਂ ਯਾਦਾਂ ਨੇ ਉਦਾਸ ਕਰ ਦਿੱਤਾ ਸੀ?’’

ਮੈਂ ਸਤਬੀਰ ਨੂੰ ਉਸ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਹੁਣ ਬਿਸਤਰੇ ਵਿੱਚ ਲੇਟਿਆਂ ਆਪਣੇ ਆਪ ਨੂੰ ਜਵਾਬ ਦਿੱਤਾ, ‘‘ਹਾਂ ! ਮੇਰੇ ਬਚਪਨ ਨੇ ਮੈਨੂੰ ਉਦਾਸ ਅਤੇ ਜਜ਼ਬਾਤੀ ਕਰ ਦਿੱਤਾ ਹੈ।’’

ਜਿਉਂ ਹੀ ਮੈਂ ਆਪਣੇ ਆਪ ਨੂੰ ਇਹ ਜਵਾਬ ਦਿੱਤਾ ਮੇਰੀਆਂ ਬਚਪਨ ਦੀਆਂ ਯਾਦਾਂ ਮੇਰੇ ਦਿਮਾਗ਼ ਦੇ ਪਰਦੇ ’ਤੇ ਇੱਕ ਫਿਲਮ ਵਾਂਗ ਚੱਲਣ ਲੱਗੀਆਂ।

ਅੱਜ ਮੈਂ ਸਤਬੀਰ ਨੂੰ ਆਪਣੇ ਬਚਪਨ ਵਾਲੇ ਮੁਹੱਲੇ ਵਿੱਚ ਲੈ ਕੇ ਗਿਆ ਸੀ। ਤਕਰੀਬਨ ਸੱਠ ਕੁ ਸਾਲ ਬਾਅਦ ਮੇਰੇ ਪੈਰ ਮੇਰੇ ਬਚਪਨ ਵਾਲੇ ਮੁਹੱਲੇ ਵਿੱਚ ਪਏ ਸਨ। ਮੈਂ ਸਤਬੀਰ ਨੂੰ ਆਪਣੇ ਮੁਹੱਲੇ ਦੀਆਂ ਗਲੀਆਂ ਵਿੱਚ ਲੈ ਕੇ ਗਿਆ, ਗਲੀਆਂ ਦੇ ਚੌਕ ਵਿੱਚ ਖੜ੍ਹੇ ਹੋ ਕੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ, ਚੌਕਾਂ ਵਿੱਚ ਖੂਹ ਵਿੱਚ ਝਾਤੀਆਂ ਮਾਰੀਆਂ, ਜੋ ਅੱਜ ਸੁੱਕ ਚੁੱਕੇ ਸਨ ਅਤੇ ਫਿਰ ਆਪਣੇ ਘਰ ਦੇ ਅੱਗੇ ਪਹੁੰਚੇ। ਘਰ ਦਾ ਇੱਕ ਕਾਫ਼ੀ ਵੱਡਾ ਦਰਵਾਜ਼ਾ ਸੀ ਜਿਸ ਨੂੰ ਜਿੰਦਰਾ ਲੱਗਾ ਹੋਇਆ ਸੀ। ਦਰਵਾਜ਼ਾ ਲੱਕੜ ਦਾ ਸੀ ਅਤੇ ਬਹੁਤ ਪੁਰਾਣਾ ਹੋਣ ਕਰਕੇ ਇਸ ਵਿੱਚ ਝੀਤਾਂ ਜਿਹੀਆਂ ਪੈ ਗਈਆਂ ਸਨ। ਮੈਂ ਉਨ੍ਹਾਂ ਝੀਤਾਂ ਵਿੱਚੋਂ ਅੰਦਰ ਵੇਖਿਆ। ਘਰ ਖੰਡਰ ਬਣ ਚੁੱਕਾ ਸੀ। ਮੈਂ ਸਤਬੀਰ ਨੂੰ ਕਿਹਾ, ‘‘ਇਨ੍ਹਾਂ ਝੀਤਾਂ ਵਿੱਚੋਂ ਹੀ ਵੇਖ ਲੈ ਇਹ ਘਰ ਹੈ ਜਿੱਥੇ ਅਸੀਂ ਰਹਿੰਦੇ ਸਾਂ।’’ ਜਿਉਂ ਹੀ ਮੈਂ ਸਤਬੀਰ ਨੂੰ ਇਹ ਗੱਲੀ ਆਖੀ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ;

‘‘ਸਰਦਾਰ ਜੀ ! ਸਾਡੇ ਕੋਲ ਇਸ ਘਰ ਦੀ ਚਾਬੀ ਹੈ। ਮੈਂ ਇਹ ਘਰ ਖੋਲ੍ਹ ਦਿੰਦਾ ਹਾਂ। ਤੁਸੀਂ ਅੰਦਰ ਜਾ ਕੇ ਵੇਖ ਲਉ।’’

‘‘ਮੈਂ ਸਿਰ ਘੁਮਾ ਕੇ ਉਸ ਸੱਜਣ ਵੱਲ ਵੇਖ ਕੇ ਉਸ ਨੂੰ ਚਾਬੀ ਲਿਆਉਣ ਲਈ ਕਹਿ ਦਿੱਤਾ। ਇਹ ਇੱਕ ਗੁਆਂਢੀ ਸੀ ਜੋ ਚਾਬੀ ਲੈਣ ਲਈ ਆਪਣੇ ਘਰ ਅੰਦਰ ਚਲਾ ਗਿਆ। ਮੈਂ ਸਤਬੀਰ ਨੂੰ ਦੱਸਣ ਲੱਗਾ, ‘‘ਸਾਡੇ ਨਾਲ ਦੇ ਇਸ ਘਰ ਵਿੱਚ ਮੇਰਾ ਬਚਪਨ ਦਾ ਯਾਰ ਰਹਿੰਦਾ ਸੀ। ਆਹ ਦੂਸਰੇ ਪਾਸੇ ਵਾਲੇ ਗੁਆਂਢੀ ਦਾ ਨਾਮ ਲਾਲ ਚੰਦ ਸੀ।’’ ਜਿਉਂ ਹੀ ਮੈਂ ਦੂਸਰੇ ਗੁਆਂਢੀ ਬਾਰੇ ਦੱਸਿਆ ਤਾਂ ਉੱਥੇ ਖੜ੍ਹਾ ਇੱਕ ਨੌਜਵਾਨ ਬੋਲ ਪਿਆ, ‘‘ਲਾਲ ਚੰਦ ਜੀ ਮੇਰੇ ਦਾਦਾ ਜੀ ਸਨ। ਮੈਂ ਪਾਪਾ ਨੂੰ ਬੁਲਾ ਕੇ ਲਿਆਉਂਦਾ ਹਾਂ।’’ ਉਹ ਨੌਜਵਾਨ ਆਪਣੇ ਪਾਪਾ ਨੂੰ ਬੁਲਾਉਣ ਲਈ ਆਪਣੇ ਘਰ ਅੰਦਰ ਚਲਾ ਗਿਆ। ਇੰਨੇ ਨੂੰ ਪਹਿਲਾ ਗੁਆਂਢੀ ਸਾਡੇ ਘਰ ਦੀ ਚਾਬੀ ਲਿਆ ਕੇ ਜਿੰਦਰਾ ਖੋਲ੍ਹਣ ਲੱਗ ਪਿਆ। ਜਿੰਦਰਾ ਖੋਲ੍ਹਦਿਆਂ ਖੋਲ੍ਹਦਿਆਂ ਮੇਰੇ ਵੱਲ ਬੜੇ ਗਹੁ ਨਾਲ ਵੇਖਣ ਲੱਗਾ ਅਤੇ ਮੈਨੂੰ ਪੁੱਛਣ ਲੱਗਾ, ‘‘ਤੁਸੀਂ ਮੈਨੂੰ ਪਛਾਣਿਆ? ਮੈਂ ਤੁਹਾਨੂੰ ਪਛਾਣ ਲਿਆ। ਅਸੀਂ ਦੋਵੇਂ ਬੰਟੇ ਖੇਡਦੇ ਹੁੰਦੇ ਸਾਂ। ਗੁੱਲੀ ਡੰਡਾ ਵੀ ਖੇਡਦੇ ਹੁੰਦੇ ਸਾਂ।’’

ਮੈਂ ਵੀ ਆਪਣੇ ਬਚਪਨ ਦੇ ਯਾਰ ਨੂੰ ਪਛਾਣ ਲਿਆ ਅਤੇ ਉਸ ਨੂੰ ਗਲ ਨਾਲ ਲਾ ਲਿਆ। ਏਨੇ ਨੂੰ ਦੂਸਰੇ ਗੁਆਂਢੀ ਲਾਲ ਚੰਦ ਦਾ ਪੁੱਤਰ ਵੀ ਆ ਗਿਆ। ਕੋਈ ਸੱਠ ਕੁ ਸਾਲ ਬਾਅਦ ਬਚਪਨ ਦੇ ਤਿੰਨ ਯਾਰ ਇਕੱਠੇ ਹੋ ਗਏ। ਅਸੀਂ ਤਿੰਨੇ ਯਾਰ ਮੇਰੇ ਬਚਪਨ ਵਾਲੇ ਘਰ ਅੰਦਰ ਚਲੇ ਗਏ ਅਤੇ ਸਾਡੇ ਨਾਲ ਸਤਬੀਰ ਅਤੇ ਲਾਲ ਚੰਦ ਦਾ ਪੋਤਾ ਵੀ ਆ ਗਏ। ਮੈਂ ਸਤਬੀਰ ਨੂੰ ਆਪਣੇ ਘਰ ਬਾਰੇ ਦੱਸਦਾ ਰਿਹਾ ਅਤੇ ਸਤਬੀਰ ਆਪਣੀ ਡਾਇਰੀ ਵਿੱਚ ਲਿਖਦਾ ਰਿਹਾ ਅਤੇ ਆਪਣੇ ਮੋਬਾਈਲ ਤੋਂ ਫੋਟੋਆਂ ਵੀ ਲੈਂਦਾ ਰਿਹਾ।

ਜਿਉਂ ਹੀ ਅਸੀਂ ਘਰ ਵਿੱਚੋਂ ਬਾਹਰ ਆਏ ਤਾਂ ਮੇਰਾ ਚਾਬੀ ਵਾਲਾ ਯਾਰ ਜਬਰਦਸਤੀ ਆਪਣੇ ਘਰ ਲੈ ਗਿਆ ਜਿੱਥੇ ਉਸ ਨੇ ਆਪਣੇ ਸਾਰੇ ਪਰਿਵਾਰ ਨਾਲ ਜਾਣ ਪਛਾਣ ਕਰਵਾਈ ਅਤੇ ਚਾਹ ਪਾਣੀ ਦੀ ਸੇਵਾ ਕੀਤੀ।

ਜਦੋਂ ਅਸੀਂ ਬਾਹਰ ਆਏ ਤਾਂ ਮੈਂ ਕਾਫ਼ੀ ਭਾਵੁਕ ਹੋ ਚੁੱਕਾ ਸਾਂ। ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗੲੈ ਜਦੋਂ ਮੈਂ ਆਪਣੇ ਬਚਪਨ ਦੇ ਯਾਰਾਂ ਅਤੇ ਉਸ ਦੇ ਪਰਿਵਾਰ ਕੋਲੋਂ ਵਿਦਾਇਗੀ ਲਈ। ਸਤਬੀਰ ਕਹਿਣ ਲੱਗਾ, ‘‘ਪਾਪਾ! ਕਮਾਲ ਹੈ ਕਿ ਤੁਹਾਡੇ ਗੁਆਂਢੀ ਏਨਾ ਪਿਆਰ ਕਰਦੇ ਹਨ। ਸਿਡਨੀ ਵਿੱਚ ਤਾਂ ਇੱਕ ਗੁਆਂਢੀ ਨੂੰ ਆਪਣੇ ਗੁਆਂਢੀ ਦਾ ਨਾਮ ਤੱਕ ਨਹੀਂ ਪਤਾ।’’

ਮੈਂ ਅਤੇ ਸਤਬੀਰ ਉਸ ਸਕੂਲ ਦੇ ਬਾਹਰ ਖੜ੍ਹੇ ਸਾਂ ਜਿਸ ਸਕੂਲ ਵਿੱਚ ਮੈਂ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਜਿਉਂ ਜਿਉਂ ਮੈਂ ਸਤਬੀਰ ਨੂੰ ਸਕੂਲ ਬਾਰੇ ਦੱਸਦਾ ਤਾਂ ਸਤਬੀਰ ਆਪਣੀ ਡਾਇਰੀ ਵਿੱਚ ਕੁਝ ਲਿਖੀ ਜਾਂਦਾ ਅਤੇ ਨਾਲ ਹੀ ਆਪਣੇ ਮੋਬਾਈਲ ’ਤੇ ਫੋਟੋ ਖਿੱਚੀ ਜਾਂਦਾ। ਡਾਇਰੀ ਵਿੱਚ ਲਿਖਦਿਆਂ ਲਿਖਦਿਆਂ ਉਸ ਨੇ ਇੱਕ ਸਵਾਲ ਪੁੱਛਿਆ;

‘‘ਪਾਪਾ! ਏਸ ਸਕੂਲ ਵਿੱਚ ਪੜ੍ਹਦਿਆਂ ਤੁਸੀਂ ਮਾਸਟਰਾਂ ਕੋਲੋਂ ਕਿੰਨੀ ਕੁ ਮਾਰ ਖਾਧੀ ਹੈ?’’

ਸਤਬੀਰ ਦਾ ਇਹ ਸਵਾਲ ਸੁਣ ਕੇ ਮੇਰੇ ਅੰਦਰ ਇੱਕ ਕੰਬਣੀ ਜਿਹੀ ਛਿੜ ਗਈ। ਮੈਨੂੰ ਮਾਸਟਰ ਸੂਬਾ ਸਿੰਘ ਦੀ ਮਾਰ ਯਾਦ ਆ ਗਈ, ਪਰ ਮੈਂ ਬੇਟੇ ਨੂੰ ਸਿਰਫ਼ ਇੱਕੋ ਸ਼ਬਦ ਹੀ ਕਿਹਾ, ‘‘ਬਹੁਤ।’’

ਹੁਣ ਬਿਸਤਰੇ ਵਿੱਚ ਲੇਟਿਆ ਲੇਟਿਆ ਜਦੋਂ ਮੈਂ ਆਪਣੇ ਬਚਪਨ ਦੀ ਫਿਲਮ ਆਪਣੇ ਦਿਮਾਗ਼ ਦੇ ਪਰਦੇ ’ਤੇ ਵੇਖਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਆਪਣੀ ਅੱਠਵੀਂ ਜਮਾਤ ਦੇ ਕਮਰੇ ਵਿੱਚ ਸਭ ਤੋਂ ਅਗਲੇ ਡੈਸਕ ’ਤੇ ਬੈਠਾ ਵੇਖਦਾ ਹਾਂ। ਮੇਰੇ ਨਾਲ ਮੇਰੇ ਬਚਪਨ ਦਾ ਦੋਸਤ ਜਸਜੀਤ ਬੈਠਾ ਹੈ। ਸਾਡੇ ਪਿੱਛੇ ਜਮਾਤ ਦੇ ਬਾਕੀ ਵਿਦਿਆਰਥੀ ਬੈਠੇ ਹਨ।

ਮੈਂ ਆਪਣੀ ਇਸ ਬਚਪਨ ਦੀ ਫਿਲਮ ਵਿੱਚ ਆਪਣਾ ਚਿਹਰਾ ਬੜੇ ਗਹੁ ਨਾਲ ਵੇਖਦਾ ਹਾਂ। ਇਹ ਕੀ? ਮੈਂ ਤਾਂ ਰੋਈ ਜਾ ਰਿਹਾ ਹਾਂ। ਮੇਰੇ ਨਾਲ ਬੈਠਾ ਦੋਸਤ ਜਸਜੀਤ ਚੁੱਪ ਚਾਪ ਉਦਾਸ ਜਿਹਾ ਬੈਠਾ ਹੈ। ਮਾਸਟਰ ਜੀ ਨੇ ਮਾਰਿਆ ਤਾਂ ਜਸਮੀਤ ਨੂੰ ਵੀ ਸੀ, ਪਰ ਉਸ ਨੂੰ ਦੋ ਡੰਡੇ ਮਾਰ ਕੇ ਹੀ ਛੱਡ ਦਿੱਤਾ ਸੀ। ਦਿਮਾਗ਼ੀ ਫਿਲਮ ਤੋਂ ਹਟ ਕੇ ਮੈਂ ਉਹ ਦਿਨ ਅਤੇ ਉਹ ਮਾਰ ਯਾਦ ਕਰਨ ਲੱਗਾ।

ਇਹ ‘ਅੱਠਵੀਂ ਸੀ’ ਜਮਾਤ ਦਾ ਕਮਰਾ ਸੀ। ਇਸ ਜਮਾਤ ਦੇ ਇੰਚਾਰਜ ਮਾਸਟਰ ਸੂਬਾ ਸਿੰਘ ਸਨ। ਇਸ ਜਮਾਤ ਵਿੱਚ ਤਕਰੀਬਨ ਪੰਜਾਹ ਕੁ ਵਿਦਿਆਰਥੀ ਸਨ ਤੇ ਹਰ ਡੈਸਕ ’ਤੇ ਦੋ ਵਿਦਿਆਰਥੀ ਬੈਠਦੇ ਸਨ। ਮੈਂ ਅਤੇ ਜਸਜੀਤ ਇਸੇ ਜਮਾਤ ਦੇ ਵਿਦਿਆਰਥੀ ਸਾਂ। ਮਾਸਟਰ ਸੂਬਾ ਸਿੰਘ ਇੰਚਾਰਜ ਹੋਣ ਦੇ ਨਾਲ ਨਾਲ ਪੰਜਾਬੀ ਵੀ ਪੜ੍ਹਾਉਂਦੇ ਸਨ। ਸਾਡਾ ਪਹਿਲਾ ਪੀਰੀਅਡ ਪੰਜਾਬੀ ਦਾ ਹੀ ਹੁੰਦਾ ਸੀ। ਮੈਂ ਅਤੇ ਜਸਜੀਤ ਹਰ ਰੋਜ਼ ਸਭ ਤੋਂ ਅਗਲੇ ਡੈਸਕ ’ਤੇ ਬੈਠਦੇ ਸਾਂ। ਸਾਡੇ ਦੋਵਾਂ ਵਿੱਚ ਬਹੁਤ ਦੋਸਤੀ ਵੀ ਸੀ। ਅਸੀਂ ਪ੍ਰਾਇਮਰੀ ਸਕੂਲ ਵਿੱਚ ਤੀਸਰੀ ਜਮਾਤ ਵਿੱਚ ਇਕੱਠੇ ਹੋਏ ਸਾਂ ਅਤੇ ਫਿਰ ਉਸ ਤੋਂ ਬਾਅਦ ਇਕੱਠੇ ਹੀ ਹਰ ਜਮਾਤ ਪਾਸ ਕਰਦੇ ਕਰਦੇ ਅੱਠਵੀਂ ਜਮਾਤ ਤੱਕ ਪਹੁੰਚ ਗਏ। ਸਾਡੀ ਜਮਾਤ ਦੇ ਇੰਚਾਰਜ ਮਾਸਟਰ ਸੂਬਾ ਸਿੰਘ ਵਿਦਿਆਰਥੀਆਂ ਨੂੰ ਕੁੱਟਣ ਵਿੱਚ ਬਾਕੀ ਸਭ ਮਾਸਟਰਾਂ ਤੋਂ ਅੱਗੇ ਸਨ ਅਤੇ ਵਿਦਿਆਰਥੀ ਉਸ ਕੋਲੋਂ ਬਹੁਤ ਡਰਦੇ ਸਨ।

ਜਮਾਤ ਵਿੱਚ ਸਾਰੇ ਬੱਚੇ ਖੂਬ ਰੌਲਾ ਪਾ ਰਹੇ ਸਨ। ਜਿਉਂ ਹੀ ਮਾਸਟਰ ਸੂਬਾ ਸਿੰਘ ਇੱਕ ਹੱਥ ਵਿੱਚ ਡੰਡਾ ਅਤੇ ਦੂਸਰੇ ਹੱਥ ਵਿੱਚ ਜਮਾਤ ਦਾ ਰਜਿਸਟਰ ਫੜੀ ਜਮਾਤ ਵਿੱਚ ਦਾਖਲ ਹੋਏ ਤਾਂ ਸਾਰੇ ਵਿਦਿਆਰਥੀ ਇਕਦਮ ਚੁੱਪ ਕਰਕੇ ਆਪਣੀ ਆਪਣੀ ਸੀਟ ’ਤੇ ਜਾ ਖੜ੍ਹੇ ਹੋਏ ਅਤੇ ਮਾਸਟਰ ਜੀ ਨੂੰ ਜ਼ੋਰ ਨਾਲ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਆਖੀ ਅਤੇ ਫਿਰ ਸਾਰੇ ਸੁਸਰੀ ਵਾਂਗ ਚੁੱਪ ਕਰਕੇ ਬੈਠ ਗਏ। ਮਾਸਟਰ ਜੀ ਨੇ ਹਰ ਰੋਜ਼ ਵਾਂਗ ਆਪਣਾ ਡੰਡਾ ਮੇਰੇ ਅਤੇ ਜਸਜੀਤ ਦੀ ਡੈਸਕ ਉੱਪਰ ਰੱਖ ਦਿੱਤਾ ਅਤੇ ਆਪਣੀ ਕੁਰਸੀ ’ਤੇ ਬੈਠ ਗਏ। ਆਪਣਾ ਰਜਿਸਟਰ ਖੋਲ੍ਹਿਆ ਅਤੇ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਲਾਈ। ਫਿਰ ਮੀਤਪਾਲ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਆਪਣੀ ਪੰਜਾਬੀ ਦੀ ਕਿਤਾਬ ਖੋਲ੍ਹ ਕੇ ਉਸ ਵਿੱਚੋਂ ਨਾਨਕ ਸਿੰਘ ਦੀ ਬਹੁਤ ਮਸ਼ਹੂਰ ਕਹਾਣੀ ‘ਸੁਨਹਿਰੀ ਜਿਲਦ’ ਪੜ੍ਹਨੀ ਸ਼ੁਰੂ ਕਰਨ ਲਈ ਕਿਹਾ।

ਮੀਤਪਾਲ ਨੂੰ ਮਾਸਟਰ ਸੂਬਾ ਸਿੰਘ ਨੇ ਜਮਾਤ ਦਾ ਮੌਨੀਟਰ ਥਾਪਿਆ ਹੋਇਆ ਸੀ। ਉਸ ਨੇ ਕਿਤਾਬ ਖੋਲ੍ਹ ਕੇ ਉਸ ਵਿੱਚੋਂ ਨਾਨਕ ਸਿੰਘ ਦੀ ਕਹਾਣੀ ‘ਸੁਨਹਿਰੀ ਜਿਲਦ’ ਪੜ੍ਹਨੀ ਸ਼ੁਰੂ ਕਰ ਦਿੱਤੀ। ਅਜੇ ਉਸ ਨੇ ਕਹਾਣੀ ਸ਼ੁਰੂ ਹੀ ਕੀਤੀ ਸੀ ਕਿ ਹੈੱਡਮਾਸਟਰ ਸਾਹਿਬ ਦਾ ਇੱਕ ਚਪੜਾਸੀ ਕਮਰੇ ਵਿੱਚ ਦਾਖਲ ਹੋਇਆ ਅਤੇ ਮਾਸਟਰ ਜੀ ਨੂੰ ਇਹ ਕਹਿ ਕੇ ਚਲਾ ਗਿਆ;

‘‘ਮਾਸਟਰ ਜੀ! ਹੈੱਡਮਾਸਟਰ ਸਾਹਿਬ ਨੇ ਤੁਹਾਨੂੰ ਕਿਸੇ ਬਹੁਤ ਹੀ ਜ਼ਰੂਰੀ ਕੰਮ ਲਈ ਹੁਣੇ ਹੀ ਆਪਣੇ ਦਫ਼ਤਰ ਵਿੱਚ ਬੁਲਾਇਆ ਹੈ।’’

ਮਾਸਟਰ ਜੀ ਮੀਤਪਾਲ ਨੂੰ ਕਹਿਣ ਲੱਗੇ, ‘‘ਮੈਂ ਹੈੱਡ ਮਾਸਟਰ ਸਾਹਿਬ ਨੂੰ ਮਿਲ ਕੇ ਆਉਂਦਾ ਹਾਂ। ਓਨੀ ਦੇਰ ਤੂੰ ਇਨ੍ਹਾਂ ਦਾ ਖ਼ਿਆਲ ਰੱਖੀਂ। ਜਿਹੜਾ ਕੋਈ ਰੌਲਾ ਪਾਵੇ ਜਾਂ ਕੋਈ ਸ਼ਰਾਰਤ ਕਰੇ, ਉਸ ਦਾ ਨਾਮ ਨੋਟ ਕਰ ਲਈਂ। ਮੈਂ ਆ ਕੇ ਵੇਖ ਲਵਾਂਗਾ।’’

ਫਿਰ ਮਾਸਟਰ ਜੀ ਜਮਾਤ ਵੱਲ ਇਸ਼ਾਰਾ ਕਰਕੇ ਬੜੇ ਰੋਹਬ ਨਾਲ ਕਹਿਣ ਲੱਗੇ, ‘‘ਚੁੱਪ ਕਰਕੇ ਬੈਠੇ ਰਹਿਣਾ ਅਤੇ ਆਪਣੀ ਆਪਣੀ ਕਿਤਾਬ ਵਿੱਚੋਂ ਕਹਾਣੀ ਪੜ੍ਹਦੇ ਰਹਿਣਾ। ਇਹ ਨਾ ਹੋਵੇ ਕਿ ਵਾਪਸ ਆ ਕੇ ਮੈਨੂੰ ਆਪਣਾ ਡੰਡਾ ਵਰਤਣਾ ਪਵੇ।’’

ਮਾਸਟਰ ਜੀ ਚਲੇ ਗਏ, ਪਰ ਉਨ੍ਹਾਂ ਦਾ ਡੰਡਾ ਸਾਡੇ ਡੈਸਕ ’ਤੇ ਪਿਆ ਰਿਹਾ ਅਤੇ ਰਜਿਸਟਰ ਉਨ੍ਹਾਂ ਦੀ ਕੁਰਸੀ ’ਤੇ। ਸਾਰੇ ਬੱਚੇ ਚੁੱਪ ਚਾਪ ਆਪਣੀ ਆਪਣੀ ਕਿਤਾਬ ਪੜ੍ਹਣ ਲੱਗੇ ਪਏ। ਮੈਂ ਜਸਜੀਤ ਨੂੰ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ‘‘ਯਾਰ! ਮੈਂ ਆਪਣੀ ਕਿਤਾਬ ਘਰ ਭੁੱਲ ਆਇਆ ਹਾਂ। ਅਸੀਂ ਇਕੱਠੇ ਹੀ ਤੇਰੀ ਕਿਤਾਬ ਪੜ੍ਹ ਲੈਂਦੇ ਹਾਂ।’’ ਦੋਵੇਂ ਜਣੇ ਕਿਤਾਬ ਪੜ੍ਹਨ ਲੱਗ ਪਏ। ਵਿੱਚ ਵਿੱਚ ਕੋਈ ਛੋਟੀ ਮੋਟੀ ਹੌਲੇ ਹੌਲੇ ਗੱਲ ਵੀ ਕਰ ਲੈਂਦੇ।

ਥੋੜ੍ਹੀ ਦੇਰ ਬਾਅਦ ਮਾਸਟਰ ਜੀ ਵਾਪਸ ਆ ਗਏ। ਮੀਤਪਾਲ ਨੂੰ ਪੁੱਛਣ ਲੱਗੇ, ‘‘ਸਾਰੇ ਚੁੱਪ ਹੀ ਰਹੇ ਨਾ? ਕਿਸੇ ਨੇ ਕੋਈ ਸ਼ਰਾਰਤ ਤਾਂ ਨਹੀਂ ਕੀਤੀ?’’

ਮੀਤਪਾਲ, ਮੇਰੇ ਅਤੇ ਜਸਜੀਤ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗਾ, ‘‘ਸਾਰੇ ਜਣੇ ਤਾਂ ਚੁੱਪ ਰਹੇ, ਪਰ ਇਹ ਦੋਵੇਂ ਜਣੇ ਆਪਸ ਵਿੱਚ ਗੱਲਾਂ ਕਰੀ ਜਾਂਦੇ ਸਨ।’’ ਫਿਰ ਮੇਰੇ ਵੱਲ ਇਸ਼ਾਰਾ ਕਰਦਿਆਂ ਮੀਤਪਾਲ ਕਹਿਣ ਲੱਗਾ, ‘‘ਇਹ ਤਾਂ ਆਪਣੀ ਕਿਤਾਬ ਵੀ ਘਰ ਭੁੱਲ ਆਇਆ। ਇਨ੍ਹਾਂ ਦੋਵਾਂ ਨੂੰ ਮੈਂ ਚੁੱਪ ਰਹਿਣ ਲਈ ਕਿਹਾ ਵੀ ਸੀ, ਪਰ ਇਹ ਦੋਵੇਂ ਚੁੱਪ ਵੀ ਨਹੀਂ ਸੀ ਕਰਦੇ।’’

ਮਾਸਟਰ ਜੀ ਨੇ ਮੈਨੂੰ ਅਤੇ ਜਸਜੀਤ ਨੂੰ ਡੈਸਕ ਤੋਂ ਬਾਹਰ ਕੱਢ ਕੇ ਆਪਣੇ ਸਾਹਮਣੇ ਖੜ੍ਹਾ ਕਰ ਲਿਆ। ਫਿਰ ਡੈਸਕ ਤੋਂ ਡੰਡਾ ਚੁੱਕ ਕੇ ਉਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਪਹਿਲਾਂ ਜਸਜੀਤ ਦੇ ਦੋਵੇਂ ਹੱਥਾਂ ’ਤੇ ਇੱਕ ਇੱਕ ਡੰਡਾ ਮਾਰਿਆ ਅਤੇ ਉਸ ਨੂੰ ਆਪਣੀ ਸੀਟ ’ਤੇ ਖੜ੍ਹਾ ਹੋਣ ਲਈ ਕਿਹਾ। ਜਸਜੀਤ ਆਪਣੀ ਸੀਟ ’ਤੇ ਜਾ ਕੇ ਖੜ੍ਹਾ ਹੋ ਗਿਆ।

ਫਿਰ ਮਾਸਟਰ ਜੀ ਨੇ ਮੈਨੂੰ ਆਪਣਾ ਹੱਥ ਅੱਗੇ ਕਰਨ ਨੂੰ ਕਿਹਾ। ਮੈਂ ਹੱਥ ਅੱਗੇ ਕਰ ਦਿੱਤਾ। ਮਾਸਟਰ ਜੀ ਨੇ ਇੱਕ ਡੰਡਾ ਮੇਰੇ ਹੱਥ ’ਤੇ ਮਾਰਿਆ। ਫਿਰ ਮੈਨੂੰ ਦੂਜਾ ਹੱਥ ਅੱਗੇ ਕਰਨ ਨੂੰ ਕਿਹਾ। ਹੱਥ ਅੱਗੇ ਕਰਨ ਦੀ ਬਜਾਇ ਮੈਂ ਕਹਿ ਬੈਠਾ;

‘‘ਮਾਸਟਰ ਜੀ! ਮੀਤਪਾਲ ਝੂਠ ਬੋਲਦਾ ਹੈ। ਅਸੀਂ ਕੋਈ ਸ਼ਰਾਰਤ ਨਹੀਂ ਕੀਤੀ।’’

‘‘ਤੂੰ ਆਪਣੀ ਕਿਤਾਬ ਤਾਂ ਘਰ ਭੁੱਲ ਆਇਆ ਹੈਂ ਨਾ? ਇਸ ਦੀ ਵੀ ਤੈਨੂੰ ਸਜ਼ਾ ਮਿਲੇਗੀ। ਤੂੰ ਆਪਣਾ ਹੱਥ ਅੱਗੇ ਕਰ। ਮਾਸਟਰ ਜੀ ਨੇ ਗੁੱਸੇ ਵਿੱਚ ਡੰਡਾ ਹਿਲਾਉਂਦਿਆਂ ਕਿਹਾ। ਮੈਂ ਆਪਣਾ ਹੱਥ ਅੱਗੇ ਕਰ ਦਿੱਤਾ ਅਤੇ ਨਾਲ ਹੀ ਕਹਿ ਦਿੱਤਾ;

‘‘ਮਾਸਟਰ ਜੀ! ਤੁਸੀਂ ਬਹੁਤ ਗ਼ਲਤ ਕਰ ਰਹੇ ਹੋ।’’ ਮਾਸਟਰ ਜੀ ਨੇ ਜ਼ੋਰ ਨਾਲ ਇੱਕ ਡੰਡਾ ਮੇਰੇ ਹੱਥ ’ਤੇ ਮਾਰਿਆ ਤੇ ਫਿਰ ਉਹ ਮੇਰੇ ਪਿਛਵਾੜੇ ’ਤੇ ਮਾਰਨ ਲੱਗ ਪਏ। ਨਾਲ ਇਹ ਵੀ ਕਹੀ ਜਾਣ, ‘‘ਤੂੰ ਮੈਨੂੰ ਗ਼ਲਤ ਕਹਿ ਰਿਹਾ ਹੈਂ? ਤੂੰ ਮੇਰੇ ਅੱਗੇ ਕੁੱਤੇ ਵਾਂਗ ਭੌਂਕ ਰਿਹਾ ਹੈਂ?’’

‘‘ਮਾਸਟਰ ਜੀ! ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ।’’ ਕਹਿੰਦਿਆਂ ਹੋਇਆਂ ਉਨ੍ਹਾਂ ਦਾ ਡੰਡਾ ਫੜ ਲਿਆ। ਮਾਸਟਰ ਜੀ ਨੇ ਜ਼ੋਰ ਨਾਲ ਇੱਕ ਚਪੇੜ ਮੇਰੇ ਖੱਬੇ ਕੰਨ ਵਾਲੇ ਪਾਸੇ ’ਤੇ ਮਾਰ ਦਿੱਤੀ। ਇਸ ਚਪੇੜ ਨੇ ਮੇਰੀ ਪੱਗ ਢਾਹ ਕੇ ਫਰਸ਼ ’ਤੇ ਸੁੱਟ ਦਿੱਤੀ। ਮੇਰੇ ਮੂੰਹੋਂ ਜ਼ੋਰ ਦੀ ਚੀਕ ਨਿਕਲ ਗਈ ਅਤੇ ਬੜੇ ਗੁੱਸੇ ਨਾਲ ਮਾਸਟਰ ਜੀ ਨੂੰ ਕਹਿ ਦਿੱਤਾ;

‘‘ਮਾਸਟਰ ਜੀ! ਤੁਸੀਂ ਮੇਰੀ ਪੱਗ ਢਾਹ ਕੇ ਚੰਗਾ ਨਹੀਂ ਕੀਤਾ। ਤੁਸੀਂ ਕਾਹਦੇ ਸਿੱਖ ਹੋ?’’

ਮੈਂ ਫਰਸ਼ ਤੋਂ ਆਪਣੀ ਪੱਗ ਚੁੱਕ ਲਈ। ਮਾਸਟਰ ਜੀ ਨੇ ਮਾਰਨਾ ਬੰਦ ਕਰ ਦਿੱਤਾ ਅਤੇ ਮੈਨੂੰ ਕਹਿਣ ਲੱਗੇ;

‘‘ਜਾ ਆਪਣੀ ਸੀਟ ’ਤੇ ਬਹਿ ਜਾ। ਪੱਗ ਅੱਧੀ ਛੁੱਟੀ ਵੇਲੇ ਬੰਨ੍ਹ ਲਈਂ।’’

ਜਿਉਂ ਹੀ ਮੈਂ ਪੱਗ ਨੂੰ ਫਰਸ਼ ਤੋਂ ਚੁੱਕ ਕੇ ਆਪਣੇ ਹੱਥਾਂ ਵਿੱਚ ਫੜਿਆ ਤਾਂ ਮੇਰਾ ਜ਼ੋਰ ਜ਼ੋਰ ਨਾਲ ਰੋਣਾ ਨਿਕਲ ਗਿਆ। ਮੈਂ ਆਪਣੀ ਸੀਟ ’ਤੇ ਪੱਗ ਨੂੰ ਆਪਣੀ ਗੋਦੀ ਵਿੱਚ ਲੈ ਕੇ ਬੈਠ ਗਿਆ। ਮਾਸਟਰ ਜੀ ਨੇ ਆਪਣਾ ਡੰਡਾ ਮੇਰੇ ਡੈਸਕ ’ਤੇ ਰੱਖਦਿਆਂ ਜਸਜੀਤ ਨੂੰ, ਜੋ ਆਪਣੀ ਸੀਟ ’ਤੇ ਖੜ੍ਹਾ ਸੀ, ਬੈਠਣ ਲਈ ਕਹਿ ਦਿੱਤਾ।

ਹੁਣ ਤੱਕ ਮੇਰਾ ਰੋਣ ਭਾਵੇਂ ਬੰਦ ਹੋ ਚੁੱਕਾ ਸੀ, ਪਰ ਮੇਰਾ ਅੰਦਰ ਗੁੱਸੇ ਨਾਲ ਰੋਈ ਜਾ ਰਿਹਾ ਸੀ। ਮੈਂ ਸੋਚੀ ਜਾ ਰਿਹਾ ਸੀ ਕਿ ਮਾਸਟਰ ਜੀ ਨੇ ਮੈਨੂੰ ਮਾਰਿਆ ਕਿਉਂ ਜਦੋਂ ਕਿ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਮੀਤਪਾਲ ਦੀ ਝੂਠੀ ਸ਼ਿਕਾਇਤ ਬਾਰੇ ਵੀ ਸੋਚਦਾ ਜਿਸ ਕਰਕੇ ਮੈਨੂੰ ਮਾਰ ਪਈ। ਮੈਂ ਮੀਤਪਾਲ ਵੱਲ ਵੇਖਿਆ। ਉਹ ਨਾਨਕ ਸਿੰਘ ਦੀ ਕਹਾਣੀ ‘ਸੁਨਹਿਰੀ ਜਿਲਦ’ ਦਾ ਇੱਕ ਪਹਿਰਾ ਪੜ੍ਹਦਾ ਅਤੇ ਮਾਸਟਰ ਜੀ ਉਸ ਦੀ ਵਿਆਖਿਆ ਕਰਨ ਲੱਗ ਜਾਂਦੇ। ਮੈਂ ਕਦੇ ਮੀਤਪਾਲ ਵੱਲ ਵੇਖਦਾ ਅਤੇ ਕਦੇ ਮਾਸਟਰ ਜੀ ਵੱਲ। ਜਿਉਂ ਹੀ ਮੇਰੀ ਨਜ਼ਰ ਮਾਸਟਰ ਜੀ ਵੱਲ ਜਾਂਦੀ ਤਾਂ ਮੈਂ ਆਪਣੇ ਡੈਸਕ ’ਤੇ ਪਏ ਮਾਸਟਰ ਜੀ ਦੇ ਡੰਡੇ ਵੱਲ ਵੇਖਦਾ ਤੇ ਫਿਰ ਆਪਣੀ ਗੋਦੀ ਵਿੱਚ ਪਈ ਢੱਠੀ ਹੋਈ ਪੱਗ ਵੱਲ ਵੇਖਦਾ। ਉਸ ਨੂੰ ਆਪਣੇ ਹੱਥਾਂ ਨਾਲ ਘੁੱਟ ਲੈਂਦਾ। ਪੱਗ ਦੀ ਹੋਈ ਬੇਇਜ਼ਤੀ ਨੂੰ ਮਹਿਸੂਸ ਕਰਦਾ। ਮੈਂ ਆਪਣੇ ਹੱਥ ਮਾਸਟਰ ਜੀ ਦੇ ਡੰਡੇ ’ਤੇ ਰੱਖ ਕੇ ਉਸ ਦੀ ਛੋਹ ਮਹਿਸੂਸ ਕਰਨ ਲੱਗਾ। ਜਿਉਂ ਜਿਉਂ ਮੈਂ ਡੰਡੇ ਦੀ ਛੋਹ ਮਹਿਸੂਸ ਕਰਦਾ ਮੇਰੀ ਨਜ਼ਰ ਮਾਸਟਰ ਜੀ ਦੇ ਉਸ ਹੱਥ ’ਤੇ ਚਲੀ ਜਾਂਦੀ ਜਿਸ ਨਾਲ ਮੇਰੀ ਪੱਗ ਢਹਿ ਕੇ ਫਰਸ਼ ’ਤੇ ਡਿੱਗ ਪਈ ਸੀ। ਮੇਰੇ ਅੰਦਰ ਮਾਸਟਰ ਜੀ ਦੇ ਖ਼ਿਲਾਫ਼ ਗੁੱਸਾ ਵਧਦਾ ਗਿਆ। ਹੌਲੀ ਹੌਲੀ ਇਹ ਗੁੱਸਾ ਏਨਾ ਵਧ ਗਿਆ ਕਿ ਇਹ ਆਪੇ ਤੋਂ ਬਾਹਰ ਹੋ ਗਿਆ। ਮੈਂ ਆਪਣੀ ਪੱਗ ਆਪਣੀ ਗੋਦੀ ’ਚੋਂ ਚੁੱਕ ਕੇ ਆਪਣੇ ਬਸਤੇ ਉੱਪਰ ਰੱਖ ਦਿੱਤੀ। ਮੈਂ ਆਪਣੀ ਸੀਟ ਤੋਂ ਬਾਹਰ ਆਇਆ, ਮਾਸਟਰ ਜੀ ਦਾ ਡੰਡਾ ਘੁੱਟ ਕੇ ਆਪਣੇ ਹੱਥਾਂ ਵਿੱਚ ਫੜ ਲਿਆ, ਮਾਸਟਰ ਜੀ ਵੱਲ ਵਧਿਆ ਅਤੇ ਉਨ੍ਹਾਂ ਨੂੰ ਡੰਡੇ ਨਾਲ ਕੁੱਟਣ ਲੱਗਾ। ਮਾਸਟਰ ਜੀ ਆਪਣੀ ਸੀਟ ਤੋਂ ਉੱਠੇ, ਮੇਰੇ ਹੱਥੋਂ ਆਪਣਾ ਡੰਡਾ ਖੋਹਿਆ ਅਤੇ ਮੈਨੂੰ ਕੁੱਟਦੇ ਹੋਏ ਕਹਿਣ ਲੱਗੇ, ‘‘ਤੇਰੇ ਵਰਗੇ ਬਦਮਾਸ਼ ਨੂੰ ਸਕੂਲ ਵਿੱਚੋਂ ਹੀ ਕੱਢ ਦੇਣਾ ਹੈ।’’

ਸਾਰੀ ਜਮਾਤ ਇਹ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਈ। ਮਾਸਟਰ ਜੀ ਨੇ ਮੈਨੂੰ ਮੇਰੀ ਬਾਂਹ ਤੋਂ ਜ਼ੋਰ ਨਾਲ ਫੜ ਲਿਆ ਅਤੇ ਬੜੇ ਗੁੱਸੇ ਨਾਲ ਵਿਦਿਆਰਥੀਆਂ ਨੂੰ ਕਹਿਣ ਲੱਗੇ;

‘‘ਮੈਂ ਇਸ ਨੂੰ ਹੈੱਡ ਮਾਸਟਰ ਜੀ ਕੋਲ ਲੈ ਕੇ ਜਾ ਰਿਹਾ ਹਾਂ। ਇਸ ਨੂੰ ਅੱਜ ਸਕੂਲੋਂ ਕੱਢ ਦੇਣਾ ਹੈ। ਮੇਰੀ ਗ਼ੈਰ ਹਾਜ਼ਰੀ ਵਿੱਚ ਜੇ ਕਿਸੇ ਨੇ ਵੀ ਕੋਈ ਸ਼ਰਾਰਤ ਕੀਤੀ ਤਾਂ ਉਸ ਨਾਲ ਵੀ ਇਹੋ ਸਲੂਕ ਹੋਏਗਾ। ਮੇਰੀ ਗ਼ੈਰ ਹਾਜ਼ਰੀ ਵਿੱਚ ਚੁੱਪ ਕਰਕੇ ਆਪਣੀ ਆਪਣੀ ਕਿਤਾਬ ਪੜ੍ਹਦੇ ਰਹੋ। ਮੀਤਪਾਲ ਤੁਹਾਡਾ ਖ਼ਿਆਲ ਰੱਖੇਗਾ।’’

ਫਿਰ ਮਾਸਟਰ ਜੀ ਜਸਜੀਤ ਨੂੰ ਕਹਿਣ ਲੱਗੇ, ‘‘ਇਹਦਾ ਬਸਤਾ ਤੇ ਪੱਗ ਫੜਾਈਂ।’’ ਜਸਜੀਤ ਸੀਟ ਤੋਂ ਮੇਰਾ ਬਸਤਾ ਅਤੇ ਪੱਗ ਚੁੱਕ ਕੇ ਮਾਸਟਰ ਜੀ ਨੂੰ ਫੜਾਉਣ ਲੱਗਾ। ਜਿਉਂ ਹੀ ਮਾਸਟਰ ਜੀ ਨੇ ਬਸਤਾ ਅਤੇ ਪੱਗ ਫੜਾਉਣ ਲਈ ਆਪਣਾ ਹੱਥ ਅੱਗੇ ਕੀਤਾ, ਮੈਂ ਬੋਲ ਪਿਆ;

‘‘ਮਾਸਟਰ ਜੀ! ਮੇਰੀ ਪੱਗ ਨੂੰ ਹੱਥ ਨਾ ਲਾਉਣਾ।’’ ਮੈਂ ਆਪਣਾ ਬਸਤਾ ਅਤੇ ਪੱਗ ਫੜ ਕੇ ਮਾਸਟਰ ਜੀ ਨਾਲ ਤੁਰ ਪਿਆ।

ਮਾਸਟਰ ਸੂਬਾ ਸਿੰਘ ਜੀ ਗੁੱਸੇ ਨਾਲ ਮੇਰੀ ਬਾਂਹ ਫੜੀ ਹੈੱਡ ਮਾਸਟਰ ਜੀ ਦੇ ਦਫ਼ਤਰ ਵੱਲ ਜਾ ਰਹੇ ਸਨ। ਇਸ ਵਕਤ ਮੇਰੇ ਅੰਦਰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ। ਮੈਂ ਹੌਲੀ ਹੌਲੀ ਵਾਹਿਗੁਰੂ ਦਾ ਜਾਪ ਕਰੀ ਜਾ ਰਿਹਾ ਸਾਂ। ਕੁਝ ਹੀ ਮਿੰਟਾਂ ਵਿੱਚ ਅਸੀਂ ਹੈੱਡ ਮਾਸਟਰ ਜੀ ਦੇ ਦਫ਼ਤਰ ਵਿੱਚ ਪਹੁੰਚ ਗਏ। ਉਸ ਵਕਤ ਹੈੱਡ ਮਾਸਟਰ ਜੀ ਆਪਣੇ ਇੱਕ ਕਲਰਕ ਨਾਲ ਕੁਝ ਕਾਗ਼ਜ਼ ਪੱਤਰ ਵੇਖ ਰਹੇ ਸਨ। ਸਾਨੂੰ ਵੇਖ ਕੇ ਉਹ ਕਲਰਕ ਸਮਝ ਗਿਆ ਕਿ ਕੋਈ ਖ਼ਾਸ ਹੀ ਗੱਲ ਹੈ। ਇਸ ਤੋਂ ਪਹਿਲਾਂ ਕਿ ਹੈੱਡ ਮਾਸਟਰ ਜੀ ਉਸ ਨੂੰ ਉੱਥੋਂ ਜਾਣ ਲਈ ਕਹਿਣ, ਉਹ ਕਲਰਕ ਆਪੇ ਹੀ ਆਪਣੇ ਕਾਗ਼ਜ਼ ਪੱਤਰ ਸਾਂਭ ਕੇ ਇਹ ਕਹਿੰਦਾ ਹੋਇਆ, ‘‘ਮੈਂ ਅੱਧੀ ਛੁੱਟੀ ਵੇਲੇ ਆ ਜਾਵਾਂਗਾ।’’ ਉੱਥੋਂ ਚਲਾ ਗਿਆ।

ਹੈੱਡ ਮਾਸਟਰ ਜੀ ਨੇ ਸਾਨੂੰ ਦੋਵਾਂ ਨੂੰ ਵੇਖਿਆ। ਮੈਨੂੰ ਨੰਗੇ ਸਿਰ ਅਤੇ ਹੱਥ ਵਿੱਚ ਪੱਗ ਫੜੀ ਵੇਖ ਕੇ ਬਹੁਤ ਹੈਰਾਨ ਹੋ ਗਏ। ਮਾਸਟਰ ਨੂੰ ਪੁੱਛਣ ਲੱਗੇ, ‘‘ਇਹ ਕੀ ਨਵੀਂ ਖੇਡ ਖੇਡ ਲਈ ਹੈ? ਅਜੇ ਹੁਣੇ ਤਾਂ ਤੁਸੀਂ ਇੱਥੋਂ ਗਏ ਸੀ।’’

‘‘ਜਨਾਬ! ਅੱਜ ਇਸ ਨੇ ਮੇਰੇ ਹੀ ਡੰਡੇ ਨਾਲ ਮੇਰੇ ’ਤੇ ਵਾਰ ਕੀਤਾ ਹੈ। ਮੈਂ ਇਸ ਨੂੰ ਜਮਾਤ ਵਿੱਚ ਕੀ, ਸਕੂਲ ਵਿੱਚ ਹੀ ਨਹੀਂ ਵੇਖਣਾ ਚਾਹੁੰਦਾ। ਇਸ ਦਾ ਨਾਮ ਸਕੂਲ ਦੇ ਰਜਿਸਟਰ ਵਿੱਚੋਂ ਕੱਟੋ ਅਤੇ ਇਸ ਦੇ ਪਿਉ ਨੂੰ ਬੁਲਾਉ। ਉਹ ਇਸ ਨੂੰ ਇੱਥੋਂ ਲੈ ਜਾਏ।’’

ਮਾਸਟਰ ਸੂਬਾ ਸਿੰਘ ਨੇ ਜਲਦੀ ਜਲਦੀ ਹੈੱਡ ਮਾਸਟਰ ਜੀ ਨੂੰ ਕਿੰਨਾ ਕੁਝ ਹੀ ਕਹਿ ਦਿੱਤਾ। ਉਸ ਦਾ ਗੁੱਸਾ ਅਜੇ ਵੀ ਅਸਮਾਨ ’ਤੇ ਚੜ੍ਹਿਆ ਹੋਇਆ ਸੀ। ਹੈੱਡ ਮਾਸਟਰ ਜੀ ਨੇ ਮੇਜ਼ ’ਤੇ ਪਏ ਪਾਣੀ ਦੇ ਗਲਾਸ ਨੂੰ ਫੜ ਕੇ ਮਾਸਟਰ ਸੂਬਾ ਸਿੰਘ ਨੂੰ ਇਹ ਕਹਿੰਦਿਆਂ ਹੋਇਆਂ ਫੜਾ ਦਿੱਤਾ, ‘‘ਸੂਬਾ ਸਿੰਘ ਜੀ! ਪਾਣੀ ਪੀਓ ਅਤੇ ਠੰਢੇ ਹੋ ਜਾਉ।’’

ਫਿਰ ਹੈੱਡ ਮਾਸਟਰ ਜੀ ਮੈਨੂੰ ਕਹਿਣ ਲੱਗੇ, ‘‘ਕਾਕਾ! ਤੂੰ ਆਹ ਪਿਛਲੇ ਮੀਟਿੰਗ ਰੂਮ ਵਿੱਚ ਜਾ ਕੇ ਪੱਗ ਬੰਨ੍ਹ ਲੈ ਅਤੇ ਉੱਥੇ ਬੈਠ ਕੇ ਮੇਰੀ ਆਵਾਜ਼ ਦੀ ਉਡੀਕ ਕਰੀਂ। ਜਦੋਂ ਮੈਂ ਤੈਨੂੰ ਬੁਲਾਵਾਂ ਉਦੋਂ ਹੀ ਮੇਰੇ ਕੋਲ ਆਵੀਂ।’’

ਮੈਂ ਕੁਝ ਦੇਰ ਮੀਟਿੰਗ ਰੂਮ ਵਿੱਚ ਪੱਗ ਬੰਨ੍ਹ ਕੇ ਬੈਠਾ ਰਿਹਾ ਅਤੇ ਹੈੱਡ ਮਾਸਟਰ ਦੇ ਬੁਲਾਵੇ ਦੀ ਉਡੀਕ ਕਰਨ ਲੱਗਾ। ਮੈਨੂੰ ਮਾਸਟਰ ਸੂਬਾ ਸਿੰਘ ਅਤੇ ਹੈੱਡ ਮਾਸਟਰ ਜੀ ਦੀ ਗੱਲਬਾਤ ਤਾਂ ਸੁਣਾਈ ਦੇ ਰਹੀ ਸੀ, ਪਰ ਸਮਝ ਬਿਲਕੁਲ ਨਹੀਂ ਸੀ ਆ ਰਹੀ ਕਿ ਗੱਲਬਾਤ ਹੋ ਕੀ ਰਹੀ ਹੈ। ਥੋੜ੍ਹੀ ਦੇਰ ਬਾਅਦ ਦੋਵੇਂ ਉੱਠ ਕੇ ਕਮਰੇ ਵਿੱਚੋਂ ਬਾਹਰ ਚਲੇ ਗਏ। ਹੈੱਡ ਮਾਸਟਰ ਜੀ ਦੇ ਦਫ਼ਤਰ ਵਿੱਚ ਖਾਮੋਸ਼ੀ ਛਾ ਗਈ। ਥੋੜ੍ਹੀ ਦੇਰ ਬਾਅਦ ਹੈੱਡ ਮਾਸਟਰ ਜੀ ਵਾਪਸ ਆਪਣੇ ਦਫ਼ਤਰ ਵਿੱਚ ਆ ਗਏ। ਉਨ੍ਹਾਂ ਨੇ ਮੈਨੂੰ ਆਵਾਜ਼ ਮਾਰੀ ਅਤੇ ਮੈਂ ਉਨ੍ਹਾਂ ਦੇ ਦਫ਼ਤਰ ਵਿੱਚ ਚਲਾ ਗਿਆ। ਮਾਸਟਰ ਸੂਬਾ ਸਿੰਘ ਉਨ੍ਹਾਂ ਨਾਲ ਵਾਪਸ ਨਹੀਂ ਸਨ ਆਏ। ਹੈੱਡ ਮਾਸਟਰ ਸਾਹਿਬ ਬੜੇ ਪਿਆਰ ਨਾਲ ਮੈਨੂੰ ਕਹਿਣ ਲੱਗੇ;

‘‘ਦੇਖ ਕਾਕਾ! ਗ਼ਲਤੀ ਤੇਰੀ ਵੀ ਹੈ ਅਤੇ ਗ਼ਲਤੀ ਤੇਰੇ ਮਾਸਟਰ ਦੀ ਵੀ ਹੈ। ਤੈਨੂੰ ਆਪਣੇ ਮਾਸਟਰ ਜੀ ਉੱਪਰ ਡੰਡਾ ਨਹੀਂ ਸੀ ਚੁੱਕਣਾ ਚਾਹੀਦਾ। ਮੈਂ ਤੇਰੀ ਜਮਾਤ ਵਿੱਚ ਜਾ ਕੇ ਬਾਕੀ ਵਿਦਿਆਰਥੀਆਂ ਕੋਲੋਂ ਵੀ ਪੁੱਛ-ਗਿੱਛ ਕੀਤੀ ਹੈ। ਤੇਰੇ ਦੋਸਤ ਜਸਜੀਤ ਨੇ ਵੀ ਮੈਨੂੰ ਬਹੁਤ ਕੁਝ ਦੱਸ ਦਿੱਤਾ ਹੈ। ਹੁਣ ਅਸੀਂ ਫ਼ੈਸਲਾ ਕੀਤਾ ਹੈ ਕਿ ਤੇਰਾ ਅਤੇ ਤੇਰੇ ਦੋਸਤ ਜਸਜੀਤ ਦੀ ਜਮਾਤ ਦਾ ਸੈਕਸ਼ਨ ਬਦਲਿਆ ਜਾਏ। ਹੁਣ ਤੁਸੀਂ ਮਾਸਟਰ ਸੂਬਾ ਸਿੰਘ ਦੀ ਜਮਾਤ ‘ਅੱਠਵੀਂ ਸੀ’ ਨਹੀਂ ਜਾਇਆ ਕਰੋਗੇ। ਮੈਂ ਆਪ ਤੁਹਾਨੂੰ ਮਾਸਟਰ ਮਹਿੰਦਰ ਸਿੰਘ ਦੀ ਜਮਾਤ ‘ਅੱਠਵੀਂ ਏ’ ਵਿੱਚ ਛੱਡ ਕੇ ਆਉਂਦਾ ਹਾਂ।’’

ਹੈੱਡ ਮਾਸਟਰ ਜੀ ਦੀ ਗੱਲ ਸੁਣ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ। ਹੈੱਡ ਮਾਸਟਰ ਜੀ ਮੈਨੂੰ ਮਾਸਟਰ ਮਹਿੰਦਰ ਸਿੰਘ ਦੀ ਜਮਾਤ ‘ਅੱਠਵੀਂ ਏ’ ਵਿੱਚ ਲੈ ਗਏ। ਜਸਜੀਤ ਨੂੰ ਪਹਿਲਾਂ ਹੀ ਉੱਥੇ ਛੱਡ ਆਏ ਸਨ। ਮਾਸਟਰ ਮਹਿੰਦਰ ਸਿੰਘ ਨੇ ਬੜੇ ਪਿਆਰ ਨਾਲ ਸਾਨੂੰ ਦੋਵਾਂ ਨੂੰ ਸਭ ਤੋਂ ਅਗਲੇ ਡੈਸਕ ’ਤੇ ਬਿਠਾਇਆ। ਉਹ ਜੁਗਰਾਫ਼ੀਏ ਦੇ ਮਾਸਟਰ ਸਨ ਅਤੇ ਮੈਨੂੰ ਜੁਗਰਾਫ਼ੀਆ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਹੈੱਡ ਮਾਸਟਰ ਜੀ ਚਲੇ ਗਏ। ਮਾਸਟਰ ਮਹਿੰਦਰ ਸਿੰਘ ਨੇ ਜੁਗਰਾਫ਼ੀਆ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਜਲਦੀ ਹੀ ਮੈਂ ਆਪਣੇ ਕਮਰੇ ਵਿੱਚ ਹੀ ਬਿਸਤਰੇ ਵਿੱਚ ਪਿਆ ਪਿਆ ਘੁਰਾੜੇ ਮਾਰਨ ਲੱਗ ਪਿਆ।

ਫਿਰ ਸਵੇਰੇ ਉੱਠ ਕੇ ਮੈਂ ਆਪਣੇ ਬੇਟੇ ਦੇ ਸਵਾਲ, ‘‘ਪਾਪਾ! ਤੁਸੀਂ ਸਾਰਾ ਦਿਨ ਆਪਣੇ ਬਚਪਨ ਵਿੱਚ ਘੁੰਮਦਿਆਂ ਫਿਰਦਿਆਂ ਬਹੁਤ ਉਦਾਸ ਉਦਾਸ ਰਹੇ ਸੀ। ਕੀ ਤੁਹਾਨੂੰ ਤੁਹਾਡੀਆਂ ਕੋਈ ਪੁਰਾਣੀਆਂ ਯਾਦਾਂ ਨੇ ਉਦਾਸ ਕਰ ਦਿੱਤਾ ਸੀ?’’

ਮੈਂ ਕਿਹਾ, ‘‘ਹਾਂ ਬੇਟੇ! ਬਚਪਨ ਦੀਆਂ ਗਲੀਆਂ ਮੁਹੱਲਿਆਂ ਵਿੱਚ ਤੁਰਦਿਆਂ ਫਿਰਦਿਆਂ, ਆਪਣਾ ਘਰ ਅਤੇ ਬਚਪਨ ਦੇ ਯਾਰਾਂ ਨੂੰ ਮਿਲਦਿਆਂ ਅਤੇ ਫਿਰ ਸਕੂਲ ਦੇ ਦਿਨ ਯਾਦ ਕਰਦਿਆਂ ਇੰਝ ਮਹਿਸੂਸ ਹੋਣ ਲੱਗਾ ਕਿ ਜਿਵੇਂ ਇਹ ਸਭ ਕੁਝ ਕੱਲ੍ਹ ਦੀ ਗੱਲ ਹੋਵੇ। ਇਸ ਕੱਲ੍ਹ ਤੋਂ ਅੱਜ ਤੱਕ ਕਿੰਨਾ ਫ਼ਰਕ ਆ ਗਿਆ ਹੈ, ਇਸ ਦੀ ਤੁਲਨਾ ਕਰਨੀ ਬਹੁਤ ਮੁਸ਼ਕਿਲ ਹੈ।

Share this content:

Post Comment