ਸੰਗਰੂਰ ਰੈਲੀ ਤੋਂ ਪਹਿਲਾਂ ਪੰਜਾਬ ਬੀਜੇਪੀ ਦਾ ਰਾਹੁਲ ’ਤੇ ਨਿਸ਼ਾਨਾ
ਸੰਗਰੂਰ, 4 ਨਵੰਬਰ – ਸੰਗਰੂਰ ਦੇ ਫੱਗੂਵਾਲ ਪਿੰਡ ਵਿੱਚ ਰਾਹੁਲ ਗਾਂਧੀ ਦੀ ‘ਇਨਸਾਫ਼ ਰੈਲੀ’ ਤੋਂ ਪਹਿਲਾਂ ਪੰਜਾਬ ਬੀਜੇਪੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਗਾਂਧੀ ਪਰਿਵਾਰ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੀਜੇਪੀ ਨੇ ‘ਜ਼ਖ਼ਮ 84 ਦੇ’ ਨਾਂ ਹੇਠ ਚੰਡੀਗੜ੍ਹ ਵਿੱਚ ਇੱਕ ਸੰਮੇਲਨ ਸ਼ੁਰੂ ਕੀਤਾ ਹੈ, ਜਿਸ ਦਾ ਮਕਸਦ ਲੋਕਾਂ ਨੂੰ ਇਸ ਕਤਲੇਆਮ ਦੇ ਸੱਚ ਦੇ ਰੂਬਰੂ ਕਰਵਾਉਣਾ ਹੈ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਨੇ 1984 ਕਤਲੇਆਮ ’ਤੇ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਢਿੱਲੋਂ ਨੇ ਕਿਹਾ ਕਿ 1 ਨਵੰਬਰ ਨੂੰ ਦਿੱਲੀ ਵਿੱਚ ਰੈਲੀ ਕਰਕੇ ਕਾਂਗਰਸ ਨੇ ਪੀੜਤਾਂ ਦੇ ਜ਼ਖ਼ਮਾਂ ਨੂੰ ਮੁੜ ਹਰਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ 42 ਸਾਲ ਬੀਤਣ ਦੇ ਬਾਵਜੂਦ ਗਾਂਧੀ ਪਰਿਵਾਰ ਨੇ ਸਿੱਖਾਂ ਤੋਂ ਮੁਆਫ਼ੀ ਕਿਉਂ ਨਹੀਂ ਮੰਗੀ ?
ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਨੂੰ ਘੇਰਦਿਆਂ ਪੁੱਛਿਆ ਕਿ ਕੀ ਉਹ ਆਪਣੇ ਪਿਤਾ ਸਵਰਗਵਾਸੀ ਰਾਜੀਵ ਗਾਂਧੀ ਦੇ ਬਿਆਨ “ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ, ਤਾਂ ਧਰਤੀ ਹਿੱਲਦੀ ਹੈ” ਨੂੰ ਸਹੀ ਮੰਨਦੇ ਹਨ ਜਾਂ ਗਲਤ ? ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਸੰਸਦ ਵਿੱਚ ਮੁਆਫ਼ੀ ਮੰਗੀ ਸੀ, ਪਰ ਅਸਲ ਤਾਕਤ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਸੀ, ਜਿਨ੍ਹਾਂ ਨੇ ਅੱਜ ਤੱਕ ਮੁਆਫ਼ੀ ਨਹੀਂ ਮੰਗੀ। ਪ੍ਰਸਾਦ ਨੇ ਕਿਹਾ ਕਿ ਵਾਜਪਾਈ ਸਰਕਾਰ ਵਿੱਚ ਨਾਨਾਵਤੀ ਕਮਿਸ਼ਨ ਅਤੇ ਮੋਦੀ ਸਰਕਾਰ ਦੀ ਐੱਸਆਈਟੀ (SIT) ਕਾਰਨ ਹੀ ਸੱਜਣ ਕੁਮਾਰ ਵਰਗੇ ਦੋਸ਼ੀ ਜੇਲ੍ਹ ਪਹੁੰਚੇ ਹਨ।ਸੀਨੀਅਰ ਬੀਜੇਪੀ ਆਗੂ ਆਰ.ਪੀ. ਸਿੰਘ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਪੀੜਤਾਂ ਦੇ ਘਰਾਂ ਵਿੱਚ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।
Share this content:



Post Comment