ਬੈਂਕ ਮੁਲਾਜ਼ਮਾਂ ਦੇ ਹੱਕ ’ਚ ਆਏ ਪਾਇਲਟ, ਸੰਘਰਸ਼ ਨੂੰ ਦਿੱਤਾ ਸਮਰਥਨ
ਚੰਡੀਗਡ਼੍ਹ, 4 ਨਵੰਬਰ – ਕੇਂਦਰ ਸਰਕਾਰ ਵੱਲੋਂ ਆਈ ਡੀ ਬੀ ਆਈ ਬੈਂਕ ਦੇ ਪ੍ਰਸਤਾਵਿਤ ਨਿੱਜੀਕਰਨ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 17 ਵਿੱਚ ਚੱਲ ਰਹੇ ਮੁਜ਼ਾਹਰੇ ਦੀ ਹਮਾਇਤ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨਿੱਤਰ ਆਏ ਹਨ। ਇਸ ਦੌਰਾਨ ਉਨ੍ਹਾਂ ਬੈਂਕ ਮੁਲਾਜ਼ਮਾਂ ਦੇ ਮੁਜ਼ਾਹਰੇ ਵਿੱਚ ਸ਼ਿਰਕਤ ਕਰਦਿਆਂ ਆਈ ਡੀ ਬੀ ਆਈ ਬੈਂਕ ਦੇ ਨਿੱਜੀਕਰਨ ਦੇ ਫ਼ੈਸਲਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇ ਨਿੱਜੀਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ। ਸਚਿਨ ਪਾਇਲਟ ਨੇ ਕਿਹਾ ਕਿ ਆਈ ਡੀ ਬੀ ਆਈ ਬੈਂਕ ਨਾ ਤਾਂ ਕਿਸੇ ਸਿਆਸੀ ਆਗੂ ਦੀ ਜਾਇਦਾਦ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਜਾਂ ਵਿਚਾਰਧਾਰਾ ਦੀ, ਸਗੋਂ ਇਹ ਦੇਸ਼ ਦੀ ਜਾਇਦਾਦ ਹੈ। ਜੇ ਸਰਕਾਰ ਇਸ ਅਹਿਮ ਸੰਸਥਾ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਤਾਂ ਇਸ ਲਈ ਢੁੱਕਵੀਂ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ। ਸੰਸਦ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੈ। ਉਨ੍ਹਾਂ ਬੈਂਕ ਮੁਲਾਜ਼ਮਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਬੈਂਕ ਦੇ ਭਵਿੱਖ ਅਤੇ ਆਪਣੇ ਹਿੱਤਾਂ ਲਈ ਮੁਲਾਜ਼ਮਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਲ ਇੰਡੀਆ ਆਈ ਡੀ ਬੀ ਆਈ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਫੋਰਮ ਦੇ ਅਧਿਕਾਰਤ ਬੁਲਾਰੇ ਸੌਰਵ ਕੁਮਾਰ ਨੇ ਕਿਹਾ ਕਿ ਆਈ ਡੀ ਬੀ ਆਈ ਬੈਂਕ ਨੂੰ ਮੁੜ ਮਜ਼ਬੂਤ ਬਣਾਉਣ ਵਿੱਚ ਕੇਂਦਰ ਸਰਕਾਰ, ਭਾਰਤੀ ਜੀਵਨ ਬੀਮਾ ਨਿਗਮ ਅਤੇ ਬੈਂਕ ਮੁਲਾਜ਼ਮਾਂ ਦਾ ਸਾਂਝਾ ਯੋਗਦਾਨ ਰਿਹਾ ਹੈ, ਜਿਸ ਬੈਂਕ ਨੂੰ ਲੋਕਾਂ ਦੇ ਪੈਸੇ ਨਾਲ ਮੁੜ ਖੜ੍ਹਾ ਕੀਤਾ ਗਿਆ, ਉਸ ਨੂੰ ਨਿੱਜੀ ਹੱਥਾਂ ਵਿੱਚ ਗਲਤ ਹੈ। ਮੁਲਾਜ਼ਮਾਂ ਨੇ ਕੇਂਦਰ ਸਰਕਾਰ ਤੋਂ ਬੈਂਕ ਦੇ ਨਿੱਜੀਕਰਨ ਦੀ ਤਜਵੀਜ਼ ਰੱਦ ਕਰਨ ਦੀ ਮੰਗ ਕੀਤੀ ਹੈ।
Share this content:



Post Comment