Loading Now

ਗਲੈਨ ਮੈਕਸਵੈੱਲ ਵੱਲੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ

ਗਲੈਨ ਮੈਕਸਵੈੱਲ ਵੱਲੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ

ਆਸਟ੍ਰੇਲੀਆ, 3 ਨਵੰਬਰ – ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਗਲੈਨ ਮੈਕਸਵੈੱਲ ਹੁਣ ਕੌਮਾਂਤਰੀ ਕ੍ਰਿਕਟ ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ। 38 ਸਾਲਾ ਮੈਕਸਵੈੱਲ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਜੂਨ 2025 ਵਿੱਚ ਹੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਮੈਕਸਵੈੱਲ ਨੇ ਟੀ-20 ਕੌਮਾਂਤਰੀ ਕ੍ਰਿਕਟ ਦੇ ਨਾਲ-ਨਾਲ ਲਿਸਟ-ਏ ਅਤੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ ਹੈ। ਹੁਣ ਉਹ ਬਿੱਗ ਬੈਸ਼ ਲੀਗ ਵਿੱਚ ਮੈਲਬਰਨ ਸਟਾਰਜ਼ ਵੱਲੋਂ ਖੇਡਦੇ ਰਹਿਣਗੇ। ਮੈਲਬਰਨ ਸਟਾਰਜ਼ ਨਾਲ ਉਨ੍ਹਾਂ ਦਾ ਇਕਰਾਰਨਾਮਾ 2027-28 ਦੇ ਸੀਜ਼ਨ ਦੇ ਅਖੀਰ ਤੱਕ ਹੈ। ਉਹ ਆਈਪੀਐੱਲ ਵਿੱਚ ਵੀ ਖੇਡਦੇ ਨਜ਼ਰ ਆ ਸਕਦੇ ਹਨ। ਮੈਕਸਵੈੱਲ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਇਸ ਸਾਲ ਫਰਵਰੀ ਵਿੱਚ ਓਮਾਨ ਖ਼ਿਲਾਫ਼ ਖੇਡਿਆ ਸੀ। ਇਹ ਟੀ-20 ਵਿਸ਼ਵ ਕੱਪ ਵਿੱਚ ਆਸਟਰੇਲੀਆ ਦਾ ਆਖਰੀ ਗਰੁੱਪ ਮੈਚ ਸੀ।

130 ਟੀ-20 ਕੌਮਾਂਤਰੀ ਮੈਚਾਂ ਵਿੱਚ ਬਣਾਈਆਂ 2897 ਦੌੜਾਂ

ਮੈਕਸਵੈੱਲ ਨੇ 2012 ਵਿੱਚ ਪਾਕਿਸਤਾਨ ਖ਼ਿਲਾਫ਼ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਸੀ। ਉਨ੍ਹਾਂ ਨੇ 130 ਮੈਚਾਂ ਵਿੱਚ 2897 ਦੌੜਾਂ ਬਣਾਈਆਂ। ਉਹ ਇਸ ਫਾਰਮੈਟ ਵਿੱਚ ਆਸਟਰੇਲੀਆ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਤੀਜੇ ਸਥਾਨ ’ਤੇ ਹਨ। ਉਨ੍ਹਾਂ ਦੇ ਨਾਂ ਪੰਜ ਸੈਂਕੜੇ ਵੀ ਦਰਜ ਹਨ। ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਵੀ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਪੰਜ ਸੈਂਕੜੇ ਬਣਾਏ ਹਨ। ਮੈਕਸਵੈੱਲ ਨੇ ਆਸਟਰੇਲੀਆ ਵੱਲੋਂ ਸੱਤ ਟੈਸਟ ਮੈਚ ਵੀ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 339 ਦੌੜਾਂ ਬਣਾਈਆਂ। ਉਨ੍ਹਾਂ ਇਕਲੌਤਾ ਟੈਸਟ ਸੈਂਕੜਾ 2017 ਵਿੱਚ ਭਾਰਤ ਖ਼ਿਲਾਫ਼ ਰਾਂਚੀ ਵਿੱਚ ਬਣਾਇਆ ਸੀ।

ਭਵਿੱਖ ਬਾਰੇ ਲੰਮੇ ਸਮੇਂ ਤੋਂ ਚੱਲ ਰਹੀ ਸੀ ਚਰਚਾ, ਟੀਮ ਵੱਲੋਂ ਕੋਈ ਦਬਾਅ ਨਹੀਂ ਸੀ

ਮੈਕਸਵੈੱਲ ਨੇ ਦੱਸਿਆ ਕਿ ਉਨ੍ਹਾਂ ਦੇ ਕ੍ਰਿਕਟ ਭਵਿੱਖ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚਰਚਾ ਚੱਲ ਰਹੀ ਸੀ। ‘ਦਿ ਫਾਈਨਲ ਵਰਡ’ ਪੌਡਕਾਸਟ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਤੇ ਇਸ ਦੇ ਖ਼ਤਮ ਹੋਣ ਮਗਰੋਂ ਵੀ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਹੋਇਆ ਸੀ। ਉਨ੍ਹਾਂ ਕਿਹਾ ਕਿ ਟੀਮ ਪ੍ਰਬੰਧਕਾਂ ਵੱਲੋਂ ਉਨ੍ਹਾਂ ’ਤੇ ਸੰਨਿਆਸ ਲੈਣ ਲਈ ਕੋਈ ਦਬਾਅ ਨਹੀਂ ਸੀ ਅਤੇ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ ਸੀ। ਕੁਝ ਲੜੀਆਂ ਵਿੱਚ ਟੀਮ ਨਵੇਂ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੀ ਸੀ। ਬੰਗਲਾਦੇਸ਼ ਦੌਰੇ ਦੌਰਾਨ ਵੀ ਅਜਿਹਾ ਹੀ ਹੋਇਆ ਅਤੇ ਨਵੇਂ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ।

Share this content:

Post Comment