Loading Now

ਸੁਰੱਖਿਅਤ ਬਚਪਨ ਅਭਿਆਨ ਮੁਹਿੰਮ ਦਾ ਪਹਿਲਾ ਪੜਾਅ ਸਫਲਤਾਪੂਰਵਕ ਸੰਪੰਨ

ਸੁਰੱਖਿਅਤ ਬਚਪਨ ਅਭਿਆਨ ਮੁਹਿੰਮ ਦਾ ਪਹਿਲਾ ਪੜਾਅ ਸਫਲਤਾਪੂਰਵਕ ਸੰਪੰਨ

*ਦੂਜਾ ਪੜਾਅ 11 ਨਵੰਬਰ  ਤੋਂ ਹੋਵੇਗਾ ਸ਼ੁਰੂ- ਮਿਸ ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ
*ਕਿਹਾ ! “ਜਾਗਰੂਕਤਾ, ਸੁਰੱਖਿਆ ਅਤੇ ਸੰਭਾਲ– ਹਰ ਬੱਚੇ ਦਾ ਅਧਿਕਾਰ” “ਹਰ ਬੱਚੇ ਦਾ ਬਚਪਨ-ਸਾਡੀ ਸਭ ਦੀ ਜ਼ਿੰਮੇਵਾਰੀ…”
ਮੋਗਾ, 3 ਨਵੰਬਰ (ਗਿਆਨ  ਸਿੰਘ/ਏ.ਡੀ.ਪੀ ਨਿਊਜ਼) – ਮੋਗਾ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ 27 ਅਕਤੂਬਰ  ਨੂੰ ਮਿਸ ਨੀਲਮ ਅਰੋੜਾ ਜਿਲਾ ਤੇ  ਸੈਸ਼ਨ ਜੱਜ– ਕਮ- ਚੇਅਰਪਰਸਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਬਾਲ ਸ਼ੋਸ਼ਣ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਉਲੀਕੀ ਗਈ ਵਿਸ਼ੇਸ਼ ਮੁਹਿੰਮ ‘ਸੁਰੱਖਿਅਤ ਬਚਪਨ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਪਹਿਲਾ ਪੜਾਅ 31 ਅਕਤੂਬਰ 2026 ਤੱਕ ਸਫਲਤਾ ਪੂਰਵਕ ਖਤਮ ਹੋ ਗਿਆ ।
ਮਿਸ ਨੀਲਮ ਅਰੋੜਾ, ਜਿਲਾ ਤੇ ਸੈਸ਼ਨ ਜੱਜ-ਕਮ- ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਇਸ ਮੁਹਿੰਮ ਦੇ ਪਹਿਲੇ ਪੜਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੜਾਅ ਤਹਿਤ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਜਿਲਾ ਮੋਗਾ ਦੇ 77 ਵੱਖ ਵੱਖ  ਸਕੂਲਾਂ ਦੇ ਵਿੱਚ ਜਾਗਰੂਕਤਾ ਸੈਮੀਨਾਰ ਅਤੇ ਹੈਲਪ ਡੈਸਕ ਲਗਾਏ ਗਏ। ਇਸ ਮੁਹਿੰਮ ਦੌਰਾਨ ਵੱਖ – ਵੱਖ ਸਕੂਲਾਂ ਵਿੱਚ ਪੇਟਿੰਗ, ਡਰਾਇੰਗ, ਲੇਖ ਮੁਕਾਬਲੇ ਅਤੇ ਸਟਰੀਟ ਪਲੇਅ ਵੀ ਕਰਵਾਏ ਗਏ। ਇਸੇ ਦੌਰਾਨ ਜਾਗਰੂਕਤਾ ਮਾਰਚਾਂ ਦਾ ਵੀ ਆਯੋਜਨ ਕੀਤਾ ਗਿਆ। ਮੁਹਿੰਮ ਦੌਰਾਨ ਜੱਜ ਸਾਹਿਬਾਨ ਅਤੇ ਬਾਕੀ ਦੇ ਬੁਲਾਰਿਆਂ ਨੇ ਪੌਕਸੋ ਐਕਟ, 2012, ਮੁਹਿੰਮ ਦੇ ਛੇ ਵੱਖ ਵੱਖ ਉਪ ਵਿਸ਼ਿਆਂ  “ਮੇਰਾ ਬਚਪਨ-ਮੇਰਾ ਅਧਿਕਾਰ”,  “ਕਾਨੂੰਨ ਜਾਣੋ-ਬਚਪਨ ਬਚਾਓ”,  “ਸੁਰੱਖਿਅਤ ਕਲਿੱਕ-ਸੁਰੱਖਿਅਤ ਬਚਪਨ”,  “ਬੋਲੋ-ਦੱਸੋ- ਬਚਾਓ”, “ਨਾ ਬਾਲ ਵਿਆਹ-ਨਾ ਬਾਲ ਸ਼ੋਸ਼ਣ” ਅਤੇ  “ਜਾਗਰੂਕ ਬਚਪਨ- ਸਮਰੱਥ / ਸਸ਼ਕਤ ਭਾਰਤ” ਦੇ ਬਾਰੇ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਤੁਰੰਤ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098, ਸਾਈਬਰ ਕ੍ਰਾਈਮ ਹੈਲਪ ਲਾਈਨ ਨੰਬਰ 1930 ਅਤੇ ਨਾਲਸਾ ਹੈਲਪਲਾਈਨ ਨੰਬਰ 15100  ਬਾਰੇ ਵੀ ਜਾਣੂ ਕਰਵਾਇਆ ਗਿਆ। ਮੁਹਿੰਮ ਦੌਰਾਨ ਬੱਚਿਆਂ ਨੂੰ  ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਓਫੈਂਸ (ਪੋਸਕੋ ਐਕਟ) 2012 ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਕਿ ਇਹ ਕਾਨੂੰਨ 18 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਮਿਸ ਨੀਲਮ ਅਰੋੜਾ ਨੇ ਇਸ ਮੁਹਿੰਮ ਦੇ ਦੂਸਰੇ ਪੜਾਅ ਬਾਰੇ ਵੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਮੁਹਿੰਮ ਦਾ ਦੂਜਾ ਪੜਾਅ ਲਗਾਤਾਰ ਸਾਲ ਭਰ ਨਵੰਬਰ 2027 ਤੱਕ ਚੱਲੇਗਾ ਅਤੇ ਇਸ ਪੜਾਅ ਵਿੱਚ ਵੀ ਇਸ ਮੁਹਿੰਮ ਵੱਲੋਂ ਉਲੀਕੇ ਗਏ ਉਦੇਸ਼ਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਬਾਲ ਸ਼ੋਸ਼ਣ ਵਿਰੁੱਧ ਜਾਗਰੂਕ ਕੀਤਾ ਜਾਵੇਗਾ।

Share this content:

Post Comment