ਅਦਾਲਤੀ ਪੇਸ਼ੀ ਦੌਰਾਨ ਧਮਕੀਆਂ ਮਿਲੀਆਂ : ਨੇਹਾ ਬੋਰਾ
ਨਵੀਂ ਦਿੱਲੀ, 26 ਅਕਤੂਬਰ – ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪ੍ਰਧਾਨ ਅਤੇ ਕਾਰਕੁਨ ਨੇਹਾ ਬੋਰਾ ਨੇ ਦੋਸ਼ ਲਾਇਆ ਹੈ ਕਿ ਬੀਤੇ ਦਿਨ ਜਦੋਂ ਉਹ ਅਦਾਲਤੀ ਪੇਸ਼ੀ ਲਈ ਜਾ ਰਹੀ ਸੀ, ਤਾਂ 50 ਤੋਂ 60 ਵਿਅਕਤੀਆਂ ਦੀ ਭੀੜ ਨੇ ਥਾਣੇ ਦੇ ਬਾਹਰ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੁਲੀਸ ’ਤੇ ਭੀੜ ਨੂੰ ਖਿੰਡਾਉਣ ਲਈ ਕੋਈ ਕਦਮ ਨਾ ਚੁੱਕਣ ਦੇ ਦੋਸ਼ ਵੀ ਲਾਏ।ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ 24 ਅਕਤੂਬਰ ਨੂੰ ਜਦੋਂ ਉਹ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ (ਐੱਸ ਈ ਐੱਮ) ਦੀ ਅਦਾਲਤ ਵਿੱਚ ਜਾ ਰਹੀ ਸੀ ਤਾਂ ਥਾਣੇ ਤੋਂ 100 ਮੀਟਰ ਪਹਿਲਾਂ ਭੀੜ ਨੇ ਸਪੀਕਰਾਂ ’ਤੇ ਧਮਕੀ ਦਿੱਤੀ, ‘‘ਦੇਖਦੇ ਹਾਂ ਅੱਜ ਨੇਹਾ ਬੋਰਾ ਨੂੰ ਕੌਣ ਬਚਾਉਂਦਾ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ‘ਨੇਹਾ ਬੋਰਾ ਮੁਰਦਾਬਾਦ’ ਦੇ ਨਾਅਰੇ ਲਾ ਰਹੀ ਅਤੇ ਧਮਕੀਆਂ ਦੇ ਰਹੀ ਭੀੜ ਨੂੰ ਖਿੰਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਪੁਲੀਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਜਾਂਚ ਦੀ ਮੰਗ ਕਰਦੇ ਹਨ ਤਾਂ ਉਸ ਨੂੰ ਸ਼ਾਂਤੀ ਭੰਗ ਕਰਨਾ ਦੱਸਿਆ ਜਾਂਦਾ ਹੈ, ਪਰ ਥਾਣੇ ਦੇ ਬਾਹਰ ਗੁੰਡਿਆਂ ਦੀ ਭੀੜ ਨੂੰ ਕੁਝ ਨਹੀਂ ਕਿਹਾ ਜਾਂਦਾ। ਬੋਰਾ ਅਨੁਸਾਰ ਭੀੜ ਨੇ ਥਾਣੇ ਦਾ ਰਸਤਾ ਰੋਕਿਆ ਹੋਇਆ ਸੀ, ਜਿਸ ਕਾਰਨ ਮਹਿਲਾ ਵਕੀਲਾਂ ਅਤੇ ਆਮ ਲੋਕਾਂ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਅਧਿਕਾਰੀਆਂ ’ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੱਜੇ ਪੱਖੀ ਗੁੰਡਿਆਂ ਨੂੰ ਸੜਕਾਂ ਰੋਕਣ ਦੀ ਖੁੱਲ੍ਹ ਹੈ ਜਦਕਿ ਜਮਹੂਰੀ ਢੰਗ ਨਾਲ ਮੁਜ਼ਾਹਰੇ ਕਰਨ ਵਾਲੇ ਨਾਗਰਿਕਾਂ ’ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ।
Share this content:



Post Comment