ਚੜ੍ਹਾਵਾ ਚੋਰੀ ਮਾਮਲੇ ’ਚ ਮੋਦੀ ਤੇ ਯੋਗੀ ਚੁੱਪ: ਜੈ ਰਾਮ ਰਮੇਸ਼
ਨਵੀਂ ਦਿੱਲੀ, 20 ਅਕਤੂਬਰ – ਕਾਂਗਰਸ ਨੇ ਅੱਜ ਦੋਸ਼ ਲਾਇਆ ਹੈ ਕਿ ਅਯੁੱਧਿਆ ਸਥਿਤ ਸ੍ਰੀਰਾਮ ਮੰਦਰ ’ਚ ਚੜ੍ਹਾਵਾ ਚੋਰੀ ਦਾ ਮਾਮਲਾ ਜਨਤਕ ਹੋਏ ਸਾਢੇ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹਾਲੇ ਤੱਕ ਇਸ ’ਤੇ ਚੁੱਪ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਹੁਣ ਦੇਸ਼ ਦੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ‘ਸੱਤਾ ਦੇ ਹੰਕਾਰ ’ਚ ਡੁੱਬੇ ਚੰਦਾ ਚੋਰਾਂ’ ਨੂੰ ਸਜ਼ਾ ਦੇਣ। ਉਨ੍ਹਾਂ ਐਕਸ ’ਤੇ ਕਿਹਾ, ‘‘ਰਾਮ ਨਾਮ ਨਾਲ ਸੱਤਾ ਪਾਈ, ਚੰਦਾ ਚੋਰੀ ’ਤੇ ਚੁੱਪ ਛਾਈ। ਰਾਮ ਜੀ ਦਾ ਨਾਂ ਲੈ ਕੇ ਸੱਤਾ ’ਚ ਆਈ ਭਾਜਪਾ, ਚੰਦਾ ਚੋਰੀ ਦੇ ਪਾਪ ਨਾਲ ਖਤਮ ਹੋ ਜਾਵੇਗੀ।’’ ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਗ੍ਰਹਿ ਵਿਭਾਗ ਨੇ 17 ਅਗਸਤ ਨੂੰ ਵਿਸ਼ੇਸ਼ ਜਾਂਚ ਟੀਮ ਦੀ ਆਖਰੀ ਰਿਪੋਰਟ ਟਰੱਸਟ ਨੂੰ ਸੌਂਪ ਦਿੱਤੀ ਅਤੇ ਇਸ ’ਚ ਟਰੱਸਟ ਨਾਲ ਜੁੜੇ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੂੰ ‘ਕਲੀਨ ਚਿੱਟ’ ਦਿੱਤੀ ਗਈ ਹੈ। ਰਮੇਸ਼ ਨੇ ਸਵਾਲ ਕੀਤਾ ਕਿ ਜਿਸ ਸੰਸਥਾ ਨਾਲ ਜੁੜੇ ਲੋਕਾਂ ’ਤੇ ਸਵਾਲ ਉੱਠ ਰਹੇ ਸਨ, ਉਸੇ ਦੀ ਮੰਗ ਅਤੇ ਸਹੂਲਤ ਮੁਤਾਬਕ ਜਾਂਚ ਕਿਉਂ ਕੀਤੀ ਗਈ? ਉਨ੍ਹਾਂ ਐੱਸ ਆਈ ਆਰ ਪ੍ਰਕਿਰਿਆ ਨੂੰ ਗ਼ੈਰ-ਵਾਜਿਬ ਤੇ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ।
Share this content:



Post Comment