ਤਬਦੀਲੀ ਦਾ ਹੋਕਾ: ਫਰਾਂਸ ਦਾ ਵਿਦਿਆਰਥੀ ਅੰਦੋਲਨ
ਬੀਤੇ ਕੁਝ ਵਰ੍ਹਿਆਂ ਦੌਰਾਨ ਨਵ-ਉਦਾਰਵਾਦੀ ਨੀਤੀਆਂ, ਭ੍ਰਿਸ਼ਟਾਚਾਰ, ਮਹਿੰਗਾਈ, ਵਿੱਦਿਅਕ ਬਜਟ ਵਿੱਚ ਕਟੌਤੀ, ਜੰਗ ਅਤੇ ਜਮਹੂਰੀ ਹੱਕਾਂ ਦੇ ਘਾਣ ਵਿਰੁੱਧ ਪੂਰੀ ਦੁਨੀਆ ਵਿੱਚ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਰੋਹ ਲਗਾਤਾਰ ਫੁੱਟ ਰਿਹਾ ਹੈ। ਇਨ੍ਹੀਂ ਦਿਨੀਂ ਫਰਾਂਸ ਵਿੱਚ ਸਕੂਲੀ ਬੁਨਿਆਦੀ ਢਾਂਚੇ ਦੀ ਖ਼ਸਤਾ ਹਾਲਤ ਤੇ ਫੰਡਾਂ ’ਚ ਕਟੌਤੀ, ਭਾਰਤ ਵਿੱਚ ਚੋਣ ਕਮਿਸ਼ਨ ਵਿਰੁੱਧ ਰੋਸ, ਅਲਬਾਨੀਆ ਵਿੱਚ ਉੱਚ ਸਿੱਖਿਆ ਦੀ ਲਾਗਤ, ਵਿੱਤੀ ਮਦਦ ਦੀ ਘਾਟ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀਆਂ ਦੀ ਅਣਹੋਂਦ, ਸਰਬੀਆ ਵਿੱਚ ਸਰਕਾਰੀ ਭ੍ਰਿਸ਼ਟਾਚਾਰ, ਇੰਡੋਨੇਸ਼ੀਆ ਵਿੱਚ ਫ਼ੌਜੀ ਦਖ਼ਲ ਤੇ ਮਹਿੰਗਾਈ, ਬੰਗਲਾਦੇਸ਼ ਵਿੱਚ ਨਵੀਂ ਸਰਕਾਰ ਦੀਆਂ ਨਾਕਾਮੀਆਂ, ਪਾਕਿਸਤਾਨ ਵਿੱਚ ਗੁਰਬਤ ਤੇ ਬੇਰੁਜ਼ਗਾਰੀ, ਬੈਲਜੀਅਮ ਵਿੱਚ ਸਿੱਖਿਆ ਸਹੂਲਤਾਂ ’ਚ ਕਟੌਤੀ ਅਤੇ ਫਿਲਪੀਨਜ਼ ਵਿੱਚ ਜੀਵਨ ਲਾਗਤਾਂ ’ਚ ਵਾਧੇ ਵਿਰੁੱਧ ਨੌਜਵਾਨ-ਵਿਦਿਆਰਥੀ ਸਫ਼ਬੰਦ ਹੋ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਫ਼ਲਸਤੀਨ ਨਾਲ ਹਮ-ਆਵਾਜ਼ੀ, ਜੰਗਾਂ ਤੇ ਵਿਦਿਆਰਥੀ ਕਰਜ਼ੇ ਵਿਰੁੱਧ, ਸਪੇਨ ਵਿੱਚ ਰਿਹਾਇਸ਼ੀ ਘਰਾਂ ਦੇ ਸੰਕਟ ਤੇ ਕਿਰਾਏ ਵਿੱਚ ਵਾਧੇ ਖ਼ਿਲਾਫ਼, ਬਰਤਾਨੀਆ ਵਿੱਚ ਆਸਮਾਨ ਛੂੰਹਦੀਆਂ ਫੀਸਾਂ ਖ਼ਿਲਾਫ਼ ਅਤੇ ਲਾਤੀਨੀ ਅਮਰੀਕਾ (ਅਰਜਨਟੀਨਾ ਤੇ ਚਿੱਲੀ) ਵਿੱਚ ਯੂਨੀਵਰਸਿਟੀ ਫੰਡਾਂ ’ਚ ਕਟੌਤੀ ਵਿਰੁੱਧ ਵਿਸ਼ਾਲ ਸੰਘਰਸ਼ ਚੱਲ ਰਹੇ ਹਨ। ਇਹ ਸਾਰੇ ਸੰਘਰਸ਼ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਕੂਮਤਾਂ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਨੌਜਵਾਨ ਪੀੜ੍ਹੀ ਹਰ ਥਾਂ ਤਬਦੀਲੀ ਦਾ ਹਰਾਵਲ ਦਸਤਾ ਬਣੀ ਹੋਈ ਹੈ।
ਹਾਲ ਹੀ ਵਿੱਚ ਫਰਾਂਸ ਦੀ ਰਾਜਧਾਨੀ ਪੈਰਿਸ ਦੀਆਂ ਸੜਕਾਂ ’ਤੇ ਅੱਗ ਦੇ ਗੋਲਿਆਂ ਅਤੇ ਅੱਥਰੂ ਗੈਸ ਦੇ ਧੂੰਏਂ ਵਿੱਚੋਂ ‘ਸਾਡਾ ਭਵਿੱਖ ਵੇਚਣਾ ਬੰਦ ਕਰੋ’ ਦੇ ਨਾਅਰੇ ਗੂੰਜ ਰਹੇ ਹਨ। ਫਰਾਂਸ ਵਿੱਚ ਇਸ ਵੇਲੇ ਉੱਠਿਆ ਵਿਦਿਆਰਥੀ ਸੰਘਰਸ਼ ਮਹਿਜ਼ ਯੂਨੀਵਰਸਿਟੀ ਫੰਡਾਂ ਦੀ ਕਟੌਤੀ ਵਰਗੀ ਇਕਹਿਰੀ ਘਟਨਾ ਦਾ ਵਿਰੋਧ ਨਹੀਂ ਹੈ ਸਗੋਂ ਇਹ ਪੂਰੇ ਪ੍ਰਬੰਧ ਦੀਆਂ ਢਾਂਚਾਗਤ ਨੀਤੀਆਂ ਖ਼ਿਲਾਫ਼ ਇੱਕ ਜ਼ਬਰਦਸਤ ਸਿਆਸੀ ਸੰਘਰਸ਼ ਹੈ। ਇਸ ਵਿਦਿਆਰਥੀ ਸੰਘਰਸ਼ ਦੀ ਸਿਆਸੀ ਤਾਸੀਰ ਦੁਨੀਆ ਭਰ ਵਿੱਚ ਲਗਾਤਾਰ ਉੱਠ ਰਹੇ ਮੌਜੂਦਾ ਨੌਜਵਾਨ-ਵਿਦਿਆਰਥੀ (ਜੈੱਨ-ਜ਼ੀ) ਅੰਦੋਲਨਾਂ ਨਾਲੋਂ ਵਧੇਰੇ ਤਿੱਖੀ, ਸਿਆਸੀ ਤੇ ਅਰਥਪੂਰਨ ਹੈ। ਇਹ ਸੰਘਰਸ਼ ਕਿਸੇ ਅਚਾਨਕ ਵਾਪਰੀ ਘਟਨਾ ਦਾ ਨਤੀਜਾ ਨਹੀਂ ਹੈ ਸਗੋਂ ਇਹ ਨਵ-ਉਦਾਰਵਾਦੀ ਆਰਥਿਕ ਨੀਤੀਆਂ ਕਾਰਨ ਹੁੰਦੀ ਨਿਰੰਤਰ ਲੁੱਟ ਤੇ ਅਰਾਜਕਤਾ ਵਿਰੁੱਧ ਚੇਤੰਨ ਪ੍ਰਤੀਕਰਮ ਹੈ, ਜਿਸ ਨੇ ਨੌਜਵਾਨ ਪੀੜ੍ਹੀ ਨੂੰ ਅਨਿਸ਼ਚਿਤਤਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਮਾਨਸਿਕ ਤਣਾਅ ਦੇ ਹਨੇਰੇ ਭਵਿੱਖ ਵੱਲ ਧੱਕ ਦਿੱਤਾ ਹੈ।
ਫਰਾਂਸ ਦੇ ਵਿਦਿਆਰਥੀ ਅਧਿਆਪਕਾਂ ਦੀ ਘਾਟ, ਏਅਰ ਕੰਡੀਸ਼ਨਰਾਂ ਤੇ ਡੈਸਕਾਂ ਦੀ ਘਾਟ, ਟੁੱਟੀਆਂ-ਭੱਜੀਆਂ ਇਮਾਰਤਾਂ, ਪੇਂਡੂ ਤੇ ਸ਼ਹਿਰੀ ਸਿੱਖਿਆ ਸਹੂਲਤਾਂ ਵਿਚਲੇ ਫ਼ਰਕ ਅਤੇ ਖਚਾਖਚ ਭਰੀਆਂ ਜਮਾਤਾਂ ਵਾਲੀ ਤੰਗਹਾਲੀ ਖ਼ਿਲਾਫ਼ ਰੋਹ ਵਿੱਚ ਹਨ। ਇਹ ਕਰਵਟ ਲੈ ਰਿਹਾ ਇੱਕ ਅਜਿਹਾ ਵਰਗ ਹੈ, ਜੋ ਸਿੱਖਿਆ ਮੰਡੀ ਵਿੱਚੋਂ ਹੁਨਰਮੰਦ ਕਾਮੇ ਵਜੋਂ ਤਿਆਰ ਹੋ ਕੇ ਫੈਕਟਰੀ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਪਛਾਣ ਰਿਹਾ ਹੈ। ਸਿੱਖਿਆ ਦੇ ਬੁਨਿਆਦੀ ਹੱਕਾਂ ਉੱਤੇ ਹਮਲਿਆਂ ਖ਼ਿਲਾਫ਼ ਸਕੂਲਾਂ ਤੋਂ ਸ਼ੁਰੂ ਹੋਇਆ ਇਹ ਵਿਦਿਆਰਥੀ ਸੰਘਰਸ਼ ਹੁਣ ਪੂਰੇ ਫਰਾਂਸ ਵਿੱਚ ਫੈਲ ਗਿਆ ਹੈ। 640 ਸਕੂਲਾਂ ਅਤੇ 30 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ, ਮਾਪੇ ਅਤੇ ਮਜ਼ਦੂਰ-ਮੁਲਾਜ਼ਮ ਯੂਨੀਅਨਾਂ ਵੀ ਇਸ ਵਿੱਚ ਸ਼ਾਮਿਲ ਹੋ ਰਹੀਆਂ ਹਨ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਿਕ ਇਸ ਸੰਘਰਸ਼ ਵਿੱਚ 2,56,000 ਪ੍ਰਦਰਸ਼ਨਕਾਰੀਆਂ ਦੇ ਸ਼ਾਮਲ ਹੋਣ, ਲਗਪਗ 1,800 ਸਕੂਲ ਤਾਲਾਬੰਦ ਹੋਣ ਅਤੇ 6,500 ਗ੍ਰਿਫ਼ਤਾਰੀਆਂ ਹੋਣ ਦਾ ਅਨੁਮਾਨ ਹੈ। ਸਰਕਾਰ ਵਿਰੋਧ ਪ੍ਰਦਰਸ਼ਨਾਂ ਨੂੰ ਜਬਰੀ ਦਬਾਉਣ ਦੇ ਰਾਹ ਪਈ ਹੋਈ ਹੈ, ਜਿਸ ਨਾਲ ਇਹ ਸੰਘਰਸ਼ ਹਿੰਸਕ ਰੂਪ ਧਾਰਨ ਕਰ ਗਏ ਹਨ। ਫਰਾਂਸ ਦੀ ਇਤਿਹਾਸਕ ਰਵਾਇਤ ਰਹੀ ਹੈ ਕਿ ਉੱਥੋਂ ਦੇ ਵਿਦਿਆਰਥੀ ਸਿਰਫ਼ ਆਪਣੀਆਂ ਜਮਾਤਾਂ ਤੱਕ ਸੀਮਿਤ ਰਹਿਣ ਵਾਲੇ ਪੜ੍ਹਾਕੂ ਨਹੀਂ ਸਗੋਂ ਉਹ ਸਮਾਜਿਕ ਤਬਦੀਲੀ ਦੀਆਂ ਲਹਿਰਾਂ ਵਿੱਚ ਸਦਾ ਮੋਹਰੀ ਰਹੇ ਹਨ। ਅੱਜ ਫਰਾਂਸ ਦੇ ਨੌਜਵਾਨ ਯੂਨੀਵਰਸਿਟੀਆਂ ’ਤੇ ਕਬਜ਼ੇ, ਹੜਤਾਲਾਂ ਅਤੇ ਪੁਲੀਸ ਦੇ ਜਬਰ-ਜ਼ੁਲਮ ਦਾ ਡਟ ਕੇ ਸਾਹਮਣਾ ਕਰ ਰਹੇ ਹਨ।
ਇਉਂ ਇਹ ਸੰਘਰਸ਼ ਸਥਾਨਕ ਵਿਰੋਧ ਤੋਂ ਅੱਗੇ ਵਧ ਕੇ ਵਿਸ਼ਵਵਿਆਪੀ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਤਿੱਖੇ ਪ੍ਰਤੀਰੋਧ ਦਾ ਰੂਪ ਧਾਰਨ ਕਰ ਰਿਹਾ ਹੈ ਅਤੇ ਯੂਰੋਪ ਤੇ ਲਾਤੀਨੀ ਅਮਰੀਕੀ ਮੁਲਕਾਂ ਦੇ ਵਿਦਿਆਰਥੀ ਸੰਘਰਸ਼ਾਂ ਲਈ ਮਿਸਾਲ ਬਣ ਰਿਹਾ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਫਰਾਂਸ ਵਿੱਚ ਲੋਕਾਂ ਦੀ ਸੁਰੱਖਿਆ ਤੇ ਵਿਕਾਸ ਲਈ ਚੱਲੇ ਸੰਘਰਸ਼ਾਂ ਮਗਰੋਂ ਸਮਾਜਿਕ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਪਰ ਦੁਨੀਆ ਭਰ ਵਿੱਚ ਤੇਜ਼ੀ ਨਾਲ ਬਦਲਦੇ ਆਰਥਿਕ-ਸਮਾਜਿਕ ਹਾਲਾਤ ਕਾਰਨ ਇਹ ਪੂੰਜੀਵਾਦੀ ਮਾਡਲ ਸੰਕਟ ਵਿੱਚ ਘਿਰ ਰਿਹਾ ਹੈ। ਇਸ ਮਾਡਲ ਦਾ ਵਿਸ਼ਵਵਿਆਪੀ ਕੇਂਦਰ ਯਾਨੀ ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਕਰਜ਼ਈ ਮੁਲਕ ਬਣ ਚੁੱਕਾ ਹੈ ਅਤੇ ਆਪਣੇ ਕਰਜ਼ੇ ਦੇ ਸੰਕਟ ਦਾ ਬੋਝ ਉਹ ਹੋਰ ਕਈ ਮੁਲਕਾਂ ਵਿੱਚ ਜੰਗਾਂ ਅਤੇ ਅਰਾਜਕਤਾਵਾਦੀ ਆਰਥਿਕ ਨੀਤੀਆਂ ਦਾ ਹਮਲਾ ਵਿੱਢ ਕੇ, ਮਹਿੰਗਾਈ ਦੇ ਰੂਪ ਵਿੱਚ ਦੁਨੀਆ ਭਰ ਦੇ ਲੋਕਾਂ ਉੱਤੇ ਲੱਦਣ ਦਾ ਰਾਹ ਅਪਣਾ ਰਿਹਾ ਹੈ। ਇਸ ਦੇ ਚੱਲਦਿਆਂ ਰੱਖਿਆ ਖੇਤਰ ਵਿੱਚ ਬਜਟ ਵਾਧੇ ਦੀਆਂ ਸਾਮਰਾਜੀ ਤਜਵੀਜ਼ਾਂ ਤੇਜ਼ੀ ਫੜ ਰਹੀਆਂ ਹਨ। ਯੂਰੋਪ ਸਮੇਤ ਫਰਾਂਸ ਦੀ ਸਰਕਾਰ ਵੀ ਇਨ੍ਹਾਂ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਹੇਠ ਨਿਹੱਕੀਆਂ ਜੰਗਾਂ ਦਾ ਸਾਥ ਦੇ ਰਹੀ ਹੈ। ਸਾਮਰਾਜੀ ਜੰਗਾਂ ਦਾ ਬੋਝ ਦੁਨੀਆ ਭਰ ਦੇ ਲੋਕਾਂ ਉੱਤੇ ਪਾਇਆ ਜਾ ਰਿਹਾ ਹੈ ਤੇ ਇਹ ਬੋਝ ਫਰਾਂਸ ਦੇ ਆਮ ਲੋਕਾਂ ਉੱਤੇ ਵੀ ਪੈ ਰਿਹਾ ਹੈ, ਜਿਸ ਦੀ ਭਰਪਾਈ ਜਨਤਕ ਸਹੂਲਤਾਂ ਉੱਤੇ ਕੱਟ ਲਾ ਕੇ ਕੀਤੀ ਜਾ ਰਹੀ ਹੈ। ਇਸ ਸਿਆਸੀ ਖੇਡ ਨੂੰ ਸਮਝਦਿਆਂ ਫਰਾਂਸ ਦੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਰਾਹੀਂ ਲਾਮਬੰਦੀ ਕਰਕੇ ਸੜਕਾਂ ’ਤੇ ਇਨ੍ਹਾਂ ਨਵ-ਉਦਾਰਵਾਦੀ ਨੀਤੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਫਰਾਂਸ ਵਿੱਚ ਉੱਭਰੇ ਵਿਦਿਆਰਥੀ ਅੰਦੋਲਨ ਪਿੱਛੇ ਆਰਥਿਕ ਨਾਬਰਾਬਰੀ, ਸਿੱਖਿਆ ਦਾ ਮੰਡੀਕਰਨ ਅਤੇ ਰਾਜਸੀ ਜਬਰ- ਤਿੰਨ ਵੱਡੇ ਸੰਕਟ ਕੰਮ ਕਰ ਰਹੇ ਹਨ। ਫਰਾਂਸੀਸੀ ਸਰਕਾਰਾਂ (ਖ਼ਾਸ ਕਰਕੇ ਮੈਕਰੌਂ ਪ੍ਰਸ਼ਾਸਨ) ਨੇ ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਖੇਤਰ ਵਿੱਚ ਕਲਿਆਣਕਾਰੀ ਰਾਜ ਦੇ ਨਿਯਮਾਂ ਨੂੰ ਤਿਲਾਂਜਲੀ ਦੇ ਕੇ ਅਮਰੀਕੀ ਅਤੇ ਬਰਤਾਨਵੀ ਸਾਮਰਾਜੀ ਤਰਜ਼ ’ਤੇ ਸਿੱਖਿਆ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉੱਚ ਸਿੱਖਿਆ ਦੀਆਂ ਫੀਸਾਂ ਵਿੱਚ ਵਾਧਾ ਅਤੇ ਨਸਲਵਾਦੀ ਤੇ ਜਮਾਤੀ ਫਿਲਟਰੇਸ਼ਨ ਪ੍ਰਣਾਲੀਆਂ ਲਾਗੂ ਕਰਨ ਨਾਲ ਮਜ਼ਦੂਰ ਵਰਗ ਦੇ ਬੱਚਿਆਂ ਲਈ ਉੱਚ ਸਿੱਖਿਆ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ। ਦੂਜਾ, ਫਰਾਂਸ ਵਿੱਚ ਅਨਿਸ਼ਚਿਤਤਾ ਅੱਜ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਮਹਿੰਗਾਈ, ਰਿਹਾਇਸ਼ੀ ਮਕਾਨਾਂ ਦੇ ਆਸਮਾਨ ਛੂੰਹਦੇ ਕਿਰਾਏ ਅਤੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਫੂਡ ਬੈਂਕਾਂ ਦੀਆਂ ਕਤਾਰਾਂ ਵਿੱਚ ਖੜ੍ਹਾ ਕਰ ਦਿੱਤਾ ਹੈ। ਤੀਜਾ, ਪੈਨਸ਼ਨ ਸੁਧਾਰ ਅਤੇ ਕਲਿਆਣਕਾਰੀ ਢਾਂਚੇ ਦਾ ਉਜਾੜਾ ਇਸ ਸੰਘਰਸ਼ ਦੀ ਚੂਲ ਬਣ ਗਿਆ ਹੈ। ਹਾਲ ਹੀ ਵਿੱਚ ਲਾਗੂ ਕੀਤੇ ਗਏ ਪੈਨਸ਼ਨ ਸੁਧਾਰਾਂ ਨੇ ਨੌਜਵਾਨਾਂ ਵਿੱਚ ਇਹ ਅਹਿਸਾਸ ਭਰ ਦਿੱਤਾ ਹੈ ਕਿ ਪੂੰਜੀਵਾਦੀ ਪ੍ਰਣਾਲੀ ਉਨ੍ਹਾਂ ਦੇ ਬੁਢਾਪੇ ਨੂੰ ਵੀ ਸੁਰੱਖਿਅਤ ਨਹੀਂ ਛੱਡੇਗੀ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਇਹ ਲੜਾਈ ਸਿਰਫ਼ ਉਨ੍ਹਾਂ ਦੀ ਵਰਤਮਾਨ ਪੜ੍ਹਾਈ ਦੀ ਨਹੀਂ ਸਗੋਂ ਉਨ੍ਹਾਂ ਦੇ ਭਵਿੱਖ ਦੀ ਵੀ ਹੈ। ਫਰਾਂਸ ਦੇ ਵਿਦਿਆਰਥੀ ਜ਼ਿੰਦਗੀ ਦੀ ਉਸ ਗੁਣਵੱਤਾ ਵਿਰੁੱਧ ਬਗ਼ਾਵਤ ਕਰ ਰਹੇ ਹਨ, ਜਿਸ ਦਾ ਪੂੰਜੀਵਾਦ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।
ਵਿਦਿਆਰਥੀ ਅੰਦੋਲਨ ਦੀਆਂ ਮੁੱਖ ਮੰਗਾਂ ਹਨ ਕਿ ਸਿੱਖਿਆ ਦੇ ਮੰਡੀਕਰਨ ’ਤੇ ਰੋਕ ਲਗਾਈ ਜਾਵੇ, ਸਾਰੇ ਨਵ-ਉਦਾਰਵਾਦੀ ਸੁਧਾਰਾਂ ਨੂੰ ਰੱਦ ਕੀਤਾ ਜਾਵੇ ਅਤੇ ਸਿੱਖਿਆ ਨੂੰ ਪੂਰੀ ਤਰ੍ਹਾਂ ਮੁਫ਼ਤ ਤੇ ਸਰਬ-ਵਿਆਪੀ ਬਣਾਇਆ ਜਾਵੇ। ਹਰ ਵਿਦਿਆਰਥੀ ਲਈ ਇੱਕ ਬੁਨਿਆਦੀ ਜੀਵਨ-ਨਿਰਬਾਹ ਭੱਤਾ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਮਜ਼ਦੂਰੀ ਨਾ ਕਰਨੀ ਪਵੇ। ‘ਪਾਕੌਫਸਿਊਪ’ ਪ੍ਰਣਾਲੀ ਦਾ ਖ਼ਾਤਮਾ ਕੀਤਾ ਜਾਵੇ, ਜਿਸ ਤਹਿਤ ਯੂਨੀਵਰਸਿਟੀ ਵਿੱਚ ਦਾਖ਼ਲੇ ਦੀਆਂ ਅਸੰਵੇਦਨਸ਼ੀਲ ਅਤੇ ਜਮਾਤੀ ਸ਼ਰਤਾਂ ਲਾਗੂ ਹੁੰਦੀਆਂ ਹਨ, ਕੈਂਪਸਾਂ ਵਿੱਚੋਂ ਪੁਲੀਸ ਦੀ ਵਾਪਸੀ ਯਕੀਨੀ ਬਣਾ ਕੇ ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਪੂੰਜੀਵਾਦੀ ਲੁੱਟ ਦੇ ਨਤੀਜੇ ਵਜੋਂ ਪੈਦਾ ਹੋ ਰਹੇ ਜਲਵਾਯੂ ਸੰਕਟ ਵਿਰੁੱਧ ਠੋਸ ਰਾਜਸੀ ਨੀਤੀ ਬਣਾਈ ਜਾਵੇ। ਇਸ ਵਿਦਿਆਰਥੀ ਸੰਘਰਸ਼ ਦੀ ਤੁਲਨਾ 1968 ਦੇ ਇਤਿਹਾਸਕ ਫਰਾਂਸੀਸੀ ਵਿਦਿਆਰਥੀ ਅੰਦੋਲਨ ਨਾਲ ਕੀਤੀ ਜਾ ਰਹੀ ਹੈ, ਜੋ ਹੋਸਟਲ ਦੇ ਨਿਯਮਾਂ, ਵੀਅਤਨਾਮ ਯੁੱਧ ਅਤੇ ਯੂਨੀਵਰਸਿਟੀ ਦੀ ਤਾਨਾਸ਼ਾਹੀ ਵਿਰੁੱਧ ਉੱਠਿਆ ਸੀ ਪਰ ਮੌਜੂਦਾ ਅੰਦੋਲਨ ਕਈ ਪੱਖਾਂ ਤੋਂ ਉਸ ਨਾਲੋਂ ਵੱਖਰਾ ਹੈ। 1968 ਵਿੱਚ ਫਰਾਂਸ ਆਰਥਿਕ ਉਛਾਲ ਦੀ ਦਹਿਲੀਜ਼ ’ਤੇ ਸੀ ਅਤੇ ਡਿਗਰੀ ਨੌਕਰੀ ਦੀ ਗਾਰੰਟੀ ਹੁੰਦੀ ਸੀ ਪਰ ਅੱਜ ਇਹ ਗਾਰੰਟੀ ਖ਼ਤਮ ਹੋ ਚੁੱਕੀ ਹੈ। 1968 ਦਾ ਅੰਦੋਲਨ ਯੂਨੀਵਰਸਿਟੀ ਤੱਕ ਸੀਮਿਤ ਸੀ ਜਦੋਂਕਿ ਮੌਜੂਦਾ ਅੰਦੋਲਨ ਹਾਈ ਸਕੂਲਾਂ ਤੋਂ ਸ਼ੁਰੂ ਹੋ ਕੇ ਸਮਾਜ ਦੇ ਸਮੁੱਚੇ ਵਰਗਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਦੋਵਾਂ ਦੀ ਸਾਂਝੀ ਰੂਹ ਇਹ ਹੈ ਕਿ ਇਹ ਲੋਕ-ਵਿਰੋਧੀ ਢਾਂਚੇ ਨੂੰ ਬੁਨਿਆਦੀ ਤੌਰ ’ਤੇ ਰੱਦ ਕਰਦੇ ਹਨ। ਅੱਜ ਦੇ ਵਿਦਿਆਰਥੀ ਇਸ ਵਿਚਾਰ ਨੂੰ ਸੁਰਜੀਤ ਕਰ ਰਹੇ ਹਨ ਕਿ ਵਿਦਿਆਰਥੀ ਸੰਘਰਸ਼ ਨੂੰ ਮਜ਼ਦੂਰ ਜਮਾਤ ਦੀ ਲੜਾਈ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।
Share this content:



Post Comment