Loading Now

ਸੰਕਟ ’ਚ ਯੂਰਪ

ਸੰਕਟ ’ਚ ਯੂਰਪ

ਵੱਖ-ਵੱਖ ਕਾਰਨਾਂ ਕਰ ਕੇ ਯੂਰਪ ਦੇ ਕਈ ਦੇਸ਼ਾਂ ’ਚ ਉੱਥੋਂ ਦੀਆਂ ਸਰਕਾਰਾਂ ਵਿਰੁੱਧ ਹੋ ਰਹੇ ਧਰਨੇ-ਪ੍ਰਦਰਸ਼ਨ ਜਿਸ ਤਰ੍ਹਾਂ ਅਰਾਜਕ ਹੁੰਦੇ ਜਾ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਸਮੁੱਚਾ ਯੂਰਪ ਸੰਕਟ ਦੀ ਲਪੇਟ ’ਚ ਆ ਰਿਹਾ ਹੈ। ਇਹ ਕੋਈ ਆਮ ਗੱਲ ਨਹੀਂ ਕਿ ਫਰਾਂਸ, ਇਟਲੀ, ਅਲਬਾਨੀਆ, ਪੁਰਤਗਾਲ ਅਤੇ ਬੈਲਜੀਅਮ ਆਦਿ ਦੇਸ਼ਾਂ ’ਚ ਸੜਕਾਂ ’ਤੇ ਉਤਰ ਕੇ ਸਰਕਾਰਾਂ ਵਿਰੁੱਧ ਅਸੰਤੋਸ਼ ਪ੍ਰਗਟਾਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਅਸੰਤੋਸ਼ ਦਾ ਇਹ ਪ੍ਰਗਟਾਵਾ ਹਿੰਸਾ, ਅੱਗਜ਼ਨੀ ਅਤੇ ਲੁੱਟ-ਖੋਹ ’ਚ ਬਦਲਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਫਰਾਂਸ ਦੇ ਕੁਝ ਸ਼ਹਿਰਾਂ ਵਿਚ ਫੈਲੀ ਅਰਾਜਕਤਾ ਕਿਸੇ ਵੱਡੇ ਅਤੇ ਗੰਭੀਰ ਸੰਕਟ ਦਾ ਸੰਕੇਤ ਜਾਪਦੀ ਹੈ। ਪ੍ਰਦਰਸ਼ਨਕਾਰੀ ਅੱਗਜ਼ਨੀ ਅਤੇ ਲੁੱਟ-ਖੋਹ ਕਰਨ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ’ਤੇ ਹਮਲੇ ਵੀ ਕਰ ਰਹੇ ਹਨ। ਫਰਾਂਸ ਵਿਚ ਧਰਨੇ-ਪ੍ਰਦਰਸ਼ਨਾਂ ਦੀ ਸ਼ੁਰੂਆਤ ਸਕੂਲਾਂ ’ਚ ਅਧਿਆਪਕਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਹੋਈ ਸੀ। ਬਾਅਦ ’ਚ ਮਹਿੰਗਾਈ ਅਤੇ ਸਮਾਜਿਕ ਯੋਜਨਾਵਾਂ ’ਤੇ ਹੋਣ ਵਾਲੇ ਖ਼ਰਚਿਆਂ ਵਿੱਚ ਕਟੌਤੀ ਵਰਗੇ ਮੁੱਦੇ ਵੀ ਇਸ ’ਚ ਸ਼ਾਮਲ ਹੋ ਗਏ।

ਫਰਾਂਸ ਤੋਂ ਇਲਾਵਾ ਹੋਰਨਾਂ ਯੂਰਪੀ ਦੇਸ਼ਾਂ ਵਿੱਚ ਕਿਤੇ ਲੋਕ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਸੜਕਾਂ ’ਤੇ ਉਤਰ ਰਹੇ ਹਨ, ਕਿਤੇ ਬੇਰੁਜ਼ਗਾਰੀ ਦੇ ਵਿਰੋਧ ਵਿੱਚ ਅਤੇ ਕਿਤੇ ਵਧਦੀ ਮਹਿੰਗਾਈ ਜਾਂ ਰਿਹਾਇਸ਼ ਦੀ ਘਾਟ ਕਾਰਨ ਪ੍ਰਦਰਸ਼ਨ ਕਰ ਰਹੇ ਹਨ। ਇਹ ਮੰਨਣ ਦੇ ਕਾਫ਼ੀ ਕਾਰਨ ਹਨ ਕਿ ਲੋਕਾਂ ਦੇ ਅਸੰਤੋਸ਼ ਦਾ ਲਾਹਾ ਲੈਣ ਅਤੇ ਅਰਾਜਕਤਾ ਦਾ ਸਹਾਰਾ ਲੈਣ ਵਾਲੇ ਤੱਤ ਸਰਗਰਮ ਹੋ ਚੁੱਕੇ ਹਨ। ਖ਼ਦਸ਼ਾ ਹੈ ਕਿ ਆਉਣ ਵਾਲੇ ਦਿਨਾਂ ’ਚ ਯੂਰਪ ਦੇ ਹੋਰ ਦੇਸ਼ਾਂ ਨੂੰ ਵੀ ਅਜਿਹੇ ਅਰਾਜਕਤਾਪੂਰਨ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਰਪ ਵਿੱਚ ਪ੍ਰਵਾਸੀਆਂ ਵਿਰੁੱਧ ਵੀ ਗੁੱਸਾ ਵਧ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਈ ਯੂਰਪੀ ਦੇਸ਼ਾਂ ਵਿੱਚ ਸੱਜੇ-ਪੱਖੀ ਪਾਰਟੀਆਂ ਦਾ ਉਭਾਰ ਹੋ ਰਿਹਾ ਹੈ। ਸਮੱਸਿਆ ਇਹ ਹੈ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ, ਉਸ ਦੀ ਲਪੇਟ ’ਚ ਕਾਨੂੰਨੀ ਤੌਰ ’ਤੇ ਰਹਿ ਰਹੇ ਪ੍ਰਵਾਸੀ ਵੀ ਆ ਰਹੇ ਹਨ। ਪ੍ਰਵਾਸੀਆਂ ਵਿਰੁੱਧ ਵਿਰੋਧ ਦੀ ਇਹ ਲਹਿਰ ਆਸਟ੍ਰੇਲੀਆ ਅਤੇ ਅਮਰੀਕਾ ’ਚ ਵੀ ਦੇਖਣ ਨੂੰ ਮਿਲ ਰਹੀ ਹੈ। ਯੂਰਪ ਅਤੇ ਪੱਛਮ ਦੇ ਹੋਰਨਾਂ ਦੇਸ਼ਾਂ ’ਚ ਜਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ, ਉਨ੍ਹਾਂ ਲਈ ਉਹ ਖ਼ੁਦ ਹੀ ਵਧੇਰੇ ਜ਼ਿੰਮੇਵਾਰ ਹਨ। ਇਹ ਦੇਸ਼ ਹਿੰਸਕ ਪ੍ਰਦਰਸ਼ਨਾਂ ਨੂੰ ਇਸ ਲਈ ਕਾਬੂ ਨਹੀਂ ਕਰ ਪਾ ਰਹੇ ਕਿਉਂਕਿ ਲੋਕਾਂ ਦੀਆਂ ਜਾਇਜ਼ ਚਿੰਤਾਵਾਂ ਦੀ ਆੜ ’ਚ ਅਰਾਜਕਤਾ ਫੈਲਾਉਣ ਵਾਲਿਆਂ ਨੂੰ ਕੁਝ ਅਜਿਹੀਆਂ ਤਾਕਤਾਂ ਭੜਕਾਉਣ ’ਚ ਲੱਗੀਆਂ ਹੋਈਆਂ ਹਨ, ਜੋ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੀਆਂ ਹਨ।

ਇਨ੍ਹਾਂ ਵਿੱਚ ਇਸਲਾਮਵਾਦੀਆਂ ਅਤੇ ਕਮਿਊਨਿਸਟਾਂ ਦੇ ਗੱਠਜੋੜ ਦੀ ਭੂਮਿਕਾ ਵਧੇਰੇ ਨਜ਼ਰ ਆ ਰਹੀ ਹੈ। ਅਜਿਹੇ ਗੱਠਜੋੜ ਦੁਨੀਆ ਦੇ ਹੋਰਨਾਂ ਦੇਸ਼ਾਂ ’ਚ ਵੀ ਅਸਥਿਰਤਾ ਅਤੇ ਅਰਾਜਕਤਾ ਦਾ ਮਾਹੌਲ ਪੈਦਾ ਕਰ ਰਹੇ ਹਨ। ਕਈ ਥਾਵਾਂ ’ਤੇ ਇਹ ਗੱਠਜੋੜ ਦਹਿਸ਼ਤਗਰਦੀ ਦੀ ਪੈਰਵੀ ਕਰਨ ਵਾਲਿਆਂ ਦਾ ਸਾਥ ਵੀ ਦੇ ਰਿਹਾ ਹੈ ਅਤੇ ਲੋਕਾਂ ਵਿਚਕਾਰ ਵਿਚਾਰਧਾਰਕ ਪਾੜੇ ਨੂੰ ਹੋਰ ਡੂੰਘਾ ਕਰਨ ਦਾ ਕੰਮ ਵੀ ਕਰ ਰਿਹਾ ਹੈ। ਵਿਸ਼ਵ ਭਾਈਚਾਰੇ ਨੂੰ ਅਜਿਹੇ ਤੱਤਾਂ ਨਾਲ ਇਕਜੁੱਟ ਹੋ ਕੇ ਨਜਿੱਠਣ ਲਈ ਅੱਗੇ ਆਉਣ ਦੀ ਲੋੜ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਅੱਜ ਯੂਰਪ ਵਿੱਚ ਜਿਹੋ-ਜਿਹਾ ਅਸ਼ਾਂਤੀ ਦਾ ਮਾਹੌਲ ਦਿਖਾਈ ਦੇ ਰਿਹਾ ਹੈ, ਉਹ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।

Share this content:

Post Comment