Loading Now

ਪੰਜਾਬੀ ਗਾਇਕ ਦਲਜੀਤ ਦੋਸਾਂਝ ਵੱਲੋਂ ਪਰਵਿੰਦ ‘ਸ਼ਹੀਦ’ ਕਰਾਰ; ਪਰਿਵਾਰ ਲਈ ਕੀਤੀ ਇਨਸਾਫ ਦੀ ਮੰਗ

ਪੰਜਾਬੀ ਗਾਇਕ ਦਲਜੀਤ ਦੋਸਾਂਝ ਵੱਲੋਂ ਪਰਵਿੰਦ ‘ਸ਼ਹੀਦ’ ਕਰਾਰ; ਪਰਿਵਾਰ ਲਈ ਕੀਤੀ ਇਨਸਾਫ ਦੀ ਮੰਗ

ਚੰਡੀਗੜ੍ਹ, 19 ਅਕਤੂਬਰ – ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਿਛਲੇ ਦਿਨੀਂ ਪੰਜਾਬ ਦੇ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ‘ਸ਼ਹੀਦ’ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਸ਼ਹੀਦ ਪਰਵਿੰਦਰ ਸਿੰਘ। ਦੁੱਖ ਦੀ ਇਸ ਘੜੀ ਵਿੱਚ ਪੂਰਾ ਪੰਜਾਬ ਪਰਿਵਾਰ ਦੇ ਨਾਲ ਹੈ। ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਕੈਮਿਸਟ ਦੀਆਂ ਦੁਕਾਨਾਂ ਤੋਂ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਵਿਕਰੀ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜਾਣੇ ਜਾਂਦੇ ਪਰਵਿੰਦਰ ਸਿੰਘ ਝੋਟਾ ਨੂੰ 13 ਅਕਤੂਬਰ ਨੂੰ ਮਾਨਸਾ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਮੈਡੀਕਲ ਸਟੋਰ ਦੇ ਅੰਦਰ ਦਿਨ-ਦਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਸਟੋਰ ਮਾਲਕ ਅਸ਼ਵਨੀ ਕੁਮਾਰ ਨੇ ਝੋਟਾ ਵੱਲੋਂ ਇੱਕ ਬਜ਼ੁਰਗ ਵਿਅਕਤੀ ਨੂੰ ਨਸ਼ੀਲੀਆਂ ਦਵਾਈਆਂ ਵੇਚਣ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ। ਮੁਲਜ਼ਮ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਵਿੰਦਰ ਸਿੰਘ ਝੋਟਾ ਫੇਸਬੁੱਕ ਲਾਈਵ ਕਰ ਰਹੇ ਸਨ। ਝੋਟਾ ਦੇ ਕਤਲ ਦੇ ਛੇ ਦਿਨ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦਾ ਪੋਸਟਮਾਰਟਮ ਅਤੇ ਸਸਕਾਰ ਨਹੀਂ ਹੋ ਸਕਿਆ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਹਮਦਰਦ ਮਾਨਸਾ ਵਿੱਚ ਧਰਨੇ ’ਤੇ ਬੈਠੇ ਹਨ ਅਤੇ ਇਨਸਾਫ਼ ਮਿਲਣ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਮਿਲਾ ਕੇ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲੀਸ ਮੁਖੀ (ਡੀ.ਜੀ.ਪੀ.) ਗੌਰਵ ਯਾਦਵ ਦੇ ਅਸਤੀਫ਼ੇ ਸਮੇਤ ਕਈ ਮੰਗਾਂ ਕਰ ਰਹੀ ਹੈ।

ਇਸ ਦੌਰਾਨ ਐਤਵਾਰ ਨੂੰ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਝੋਟਾ ਦੇ ਕਤਲ ਤੋਂ ਬਾਅਦ ਪੈਦਾ ਹੋਏ ਰੋਹ ਦੇ ਮੱਦੇਨਜ਼ਰ ਆਪਣੀ ਨਵੀਂ ਪੰਜਾਬੀ ਫ਼ਿਲਮ “ਥਾਪੀ” (ਜੋ 16 ਅਕਤੂਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਈ ਸੀ) ਦੀ ਪ੍ਰਦਰਸ਼ਨੀ ਫ਼ਿਲਹਾਲ ਰੋਕਣ ਦਾ ਫ਼ੈਸਲਾ ਕੀਤਾ ਹੈ। ਨੀਰੂ ਬਾਜਵਾ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, “ਅੱਜ ਅਸੀਂ ਜੋ ਕੁਝ ਵੀ ਹਾਂ, ਉਹ ਪੰਜਾਬ ਅਤੇ ਪੰਜਾਬੀਅਤ ਦੀ ਬਦੌਲਤ ਹਾਂ। ‘ਥਾਪੀ’ ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਸੀ ਕਿ ਪੰਜਾਬ ਦੇ ਖੇਤਾਂ ਵਿੱਚ ਮੁੜ ਤੋਂ ਰੌਣਕ ਪਰਤ ਆਵੇ। ਸਿਨੇਮਾ ਲੋਕਾਂ ਲਈ ਹੈ। ਇਹ ਕਦੇ ਵੀ ਲੋਕਾਂ ਤੋਂ ਵੱਡਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, “ਅਸੀਂ ਹਰ ਪੱਖੋਂ ਪੰਜਾਬ ਦੇ ਨਾਲ ਖੜ੍ਹੇ ਹਾਂ, ਪੰਜਾਬ ਦੇ ਨਾਲ ਖੜ੍ਹੇ ਰਹੇ ਹਾਂ ਅਤੇ ਅੱਗੇ ਵੀ ਪੰਜਾਬ ਦੇ ਨਾਲ ਖੜ੍ਹੇ ਰਹਾਂਗੇ।

Share this content:

Post Comment