Loading Now

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਸਹਿਰੇ ਵਾਲੇ ਦਿਨ ਪੰਜਾਬ ਦਾ ਦੌਰਾ ਕਰਨਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਸਹਿਰੇ ਵਾਲੇ ਦਿਨ ਪੰਜਾਬ ਦਾ ਦੌਰਾ ਕਰਨਗੇ।

ਚੰਡੀਗਡ਼੍ਹ -19 ਅਕਤੂਬਰ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਪੰਜਾਬ ਦਾ ਦੌਰਾ ਕਰਨਗੇ। ਗ੍ਰਹਿ ਮੰਤਰਾਲੇ ਨੇ ਨਸ਼ਿਆਂ ਨਾਲ ਸਬੰਧਤ ਤਿੰਨ ਮਾਮਲਿਆਂ ’ਚ ਪੰਜਾਬ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ। ਸ਼ਾਹ ਨੇ ਅੱਜ ਐਕਸ ਉੱਤੇ ਪੋਸਟ ਵਿੱਚ ਦੱਸਿਆ ਕਿ ਉਹ 20 ਅਕਤੂਬਰ ਨੂੰ ਮਾਨਸਾ, ਗੁਰਦਾਸਪੁਰ ਅਤੇ ਸੰਗਰੂਰ ਵਿੱਚ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮਿਲਣਗੇ ਜਿਨ੍ਹਾਂ ਦੇ ਜੀਆਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਜਾਨਾਂ ਗੁਆਉਣੀਆਂ ਪਈਆਂ।

ਸ਼ਾਹ ਨੇ ਪੋਸਟ ਵਿੱਚ ਅੱਗੇ ਕਿਹਾ ਕਿ ਭਾਰਤ ਸਰਕਾਰ ਚਿੱਟਾ ਕਾਰੋਬਾਰੀਆਂ ਨੂੰ ਚੁਣ-ਚੁਣ ਕੇ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਪਹੁੰਚਾਏਗੀ ਅਤੇ ਪੰਜਾਬ ਸਮੇਤ ਪੂਰੇ ਦੇਸ਼ ਨੂੰ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਤੋਂ ਮੁਕਤ ਕਰਵਾ ਕੇ ਰਹੇਗੀ। ‘ਆਪ’ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ’ਚ ਕੋਈ ਕਸਰ ਨਹੀਂ ਛੱਡੀ, ਜਿਸ ਕਰ ਕੇ ਅਨੇਕਾਂ ਪਰਿਵਾਰਾਂ ਨੂੰ ਆਪਣੇ ਬੱਚੇ ਗੁਆਉਣੇ ਪਏ ਹਨ। ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਖ਼ਿਲਾਫ਼ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਅਤੇ ਪੰਜਾਬ ਦੇ ਲੋਕ ਇਸ ਦਾ ਮੂੰਹ-ਤੋੜ ਜਵਾਬ ਦੇਣਗੇ। ਉੱਧਰ, ਸ਼ਾਹ ਦੇ ਤਜਵੀਜ਼ਤ ਦੌਰੇ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੇ ਗ਼ੈਰ ਰਸਮੀ ਮੀਟਿੰਗ ਕੀਤੀ ਹੈ। ਇਸ ਤੋਂ ਪਹਿਲਾਂ ਸਾਬਕਾ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਨਸ਼ਿਆਂ ਖ਼ਿਲਾਫ਼ ਲੜ ਰਿਹਾ ਹੈ, ਲਿਹਾਜ਼ਾ ਸੂਬੇ ਦੇ ਭਵਿੱਖ ਲਈ ਸਖ਼ਤ ਫ਼ੈਸਲੇ ਲੈਣ ਵਾਲੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਮਿਤ ਸ਼ਾਹ ਨੂੰ ਸਹਿਯੋਗ ਦੇਣ। ਸੂਤਰਾਂ ਮੁਤਾਬਕ ਅਮਿਤ ਸ਼ਾਹ 20 ਅਕਤੂਬਰ ਨੂੰ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਤੋਂ ਇਲਾਵਾ ਸੰਗਰੂਰ ’ਚ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਪਰਿਵਾਰ ਅਤੇ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਗੁਰਦਾਸਪੁਰਾ ਜ਼ਿਲ੍ਹੇ ਨਾਲ ਸਬੰਧਤ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲ ਸਕਦੇ ਹਨ। ਭਾਜਪਾ ਪੰਜਾਬ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਗਰੋਂ ਬਣੇ ਮਾਹੌਲ ਨੂੰ ਆਪਣਾ ਜਨ ਆਧਾਰ ਮਜ਼ਬੂਤ ਕਰਨ ਲਈ ਵਰਤਣਾ ਚਾਹੁੰਦੀ ਹੈ।

ਸ਼ਾਹ ਨੂੰ ਨਸੀਹਤਾਂ ਦੀ ਥਾਂ ਜਵਾਬ ਦੇਵੇ ‘ਆਪ’: ਖਿਆਲਾ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਤਜਵੀਜ਼ਤ ਦੌਰੇ ਨੂੰ ਲੈ ਕੇ ‘ਆਪ’ ਆਗੂਆਂ ਵਿੱਚ ਬੁਖਲਾਹਟ ਹੈ। ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਬਾਰੇ ‘ਆਪ’ ਸਰਕਾਰ ਆਪਣੀ ਜਵਾਬਦੇਹੀ ਨਿਭਾਉਣ ਦੀ ਬਜਾਏ ਸ਼ਾਹ ਤੋਂ ਹਿਸਾਬ ਮੰਗ ਰਹੀ ਹੈ। ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰੀ ’ਤੇ ਕਾਬੂ ਪਾਉਣ ਦੀ ਮੁੱਢਲੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਵਾਲੀ ਕੇਜਰੀਵਾਲ ਦੀ ਗਾਰੰਟੀ ਦਾ ਕੀ ਬਣਿਆ।

ਸ਼ਾਹ ਕੇਂਦਰੀ ਮਦਦ ਦਾ ਲੇਖਾ-ਜੋਖਾ ਦੇਣ: ਅਮਨ ਅਰੋੜਾ

ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਨੂੰ ਸਿਆਸੀ ਸਟੰਟ ਦੱਸਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਨਸ਼ਿਆਂ ਦੇ ਖ਼ਾਤਮੇ ਲਈ ਭਾਜਪਾ ਸਰਕਾਰ ਏਨੀ ਹੀ ਸੁਹਿਰਦ ਹੈ ਤਾਂ ਕੇਂਦਰੀ ਗ੍ਰਹਿ ਮੰਤਰੀ ਇਹ ਦੱਸਣ ਕਿ ਪਿਛਲੇ ਸਾਲਾਂ ’ਚ ਕੇਂਦਰ ਸਰਕਾਰ ਨੇ ਇਸ ਪਾਸੇ ਕੀ ਕਦਮ ਚੁੱਕੇ ਹਨ। ਪੰਜਾਬ ਫੇਰੀ ਮੌਕੇ ਅਮਿਤ ਸ਼ਾਹ ਕੇਂਦਰ ਦੀ ਪੇਸ਼ਕਦਮੀ ਦਾ ਲੇਖਾ-ਜੋਖਾ ਦੇ ਕੇ ਜਾਣ। ‘ਆਪ’ ਤਰਜਮਾਨ ਨੀਲ ਗਰਗ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਆਸੀ ਭਾਸ਼ਣਾਂ ਅਤੇ ਵੱਡੇ-ਵੱਡੇ ਦਾਅਵਿਆਂ ਦੀ ਬਜਾਏ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਅਤੇ ਜਵਾਬਦੇਹੀ ਚਾਹੀਦੀ ਹੈ। ਸ਼ਾਹ ਸਪਸ਼ਟ ਕਰਨ ਕਿ ਨਸ਼ਿਆਂ ਦੀ ਸਪਲਾਈ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਤੱਕ ਕੀ ਕਦਮ ਚੁੱਕੇ ਹਨ ਅਤੇ ਇਨ੍ਹਾਂ ਦੇ ਕੀ ਨਤੀਜੇ ਨਿਕਲੇ ਹਨ।

Share this content:

Previous post

ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਵੜਿੰਗ ਨੇ ‘ਆਪ’ ਸਰਕਾਰ ਨੂੰ ਘੇਰਿਆ; ਕਿਹਾ—ਕਾਂਗਰਸ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਨਸ਼ਾ ਮੁਕਤ ਪੰਜਾਬ ਦੇਣ ਲਈ ਵਚਨਬੱਧ

Next post

ਸਾਡੀ ਬੋਲੀ-ਸਾਡਾ ਮਾਣ 7ਵੇਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ 2026 ਸਬੰਧੀ ਪੋਸਟਰ ਜਾਰੀ; 10 ਵੱਖ-ਵੱਖ ਥਾਵਾਂ ‘ਤੇ ਹੋਣਗੇ ਸਮਾਗਮ

Post Comment