Loading Now

‘ਤੂੰ’ ਅਜਿਹਾ ਤਾਂ ਨਹੀਂ ਸੀ?

‘ਤੂੰ’ ਅਜਿਹਾ ਤਾਂ ਨਹੀਂ ਸੀ?

ਇਕ ਪੁਰਾਣੀ ਕਹਾਣੀ ਹੈ ਕਿ ਇਕ ਸ਼ਾਤਿਰ ਚੋਰ ਨੂੰ ਅਦਾਲਤ ’ਚ ਜੱਜ ਸਾਹਿਬ ਨੇ ਸਜ਼ਾ ਸੁਣਾਉਣੀ ਸੀ। ਚੋਰ ਨੂੰ ਜੱਜ ਨੇ ਪੁੱਛਿਆ ਕਿ ਕੀ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਚੋਰ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਗੱਲ ਕਰਨੀ ਚਾਹੁੰਦਾ ਹੈ। ਜੱਜ ਨੇ ਮਾਂ ਨੂੰ ਮਿਲਣ ਦੀ ਮਨਜ਼ੂਰੀ ਦੇ ਦਿੱਤੀ। ਮਾਂ ਜਦੋਂ ਨੇੜੇ ਆਈ ਤਾਂ ਚੋਰ ਨੇ ਕਿਹਾ ਕਿ ਮਾਂ ਮੈਂ ਤੇਰੇ ਕੰਨ ’ਚ ਇਕ ਗੱਲ ਦੱਸਣੀ ਹੈ। ਮਾਂ ਨੇ ਕੰਨ ਨੇੜੇ ਕੀਤਾ ਤਾਂ ਚੋਰ ਨੇ ਜ਼ੋਰ ਨਾਲ ਮਾਂ ਦੇ ਕੰਨ ’ਤੇ ਦੰਦੀ ਵੱਢ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਅਦਾਲਤ ’ਚ ਰੌਲਾ ਪੈ ਗਿਆ। ਚੋਰ ਕੋਲੋਂ ਉਸ ਦੀ ਮਾਂ ਨੂੰ ਛੁਡਾਇਆ ਗਿਆ ਤੇ ਉਸ ਤੋਂ ਇਸ ਕਰਤੂਤ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਹੈਰਾਨ ਕਰਨ ਵਾਲਾ ਸੀ।’ ਜੱਜ ਸਾਹਿਬ ਮੈਂ ਅੱਜ ਜੋ ਕੁਝ ਵੀ ਹਾਂ, ਮੇਰੀ ਇਸ ਮਾਂ ਦੇ ਕਾਰਨ ਹਾਂ। ਮੈਂ ਸਕੂਲ ਪੜ੍ਹਦਾ ਸੀ ਤਾਂ ਕਦੇ ਕਿਸੇ ਸਾਥੀ ਦੀ ਪੈਨਸਿਲ, ਕਦੇ ਦਵਾਤ, ਕਦੇ ਕੋਈ ਹੋਰ ਚੀਜ਼ ਚੋਰੀ ਕਰ ਕੇ ਲੈ ਆਉਂਦਾ ਸੀ। ਮੇਰੀ ਮਾਂ ਨੇ ਕਦੇ ਵੀ ਮੈਨੂੰ ਇਸ ਤੋਂ ਝਿੜਕਿਆ ਜਾਂ ਰੋਕਿਆ ਨਹੀਂ ਸਗੋਂ ਉਤਸ਼ਾਹਿਤ ਹੀ ਕੀਤਾ।

ਇਸ ਨਾਲ ਮੇਰਾ ਹੌਸਲਾ ਵਧਦਾ ਗਿਆ ਤੇ ਮੈਂ ਵੱਡਾ ਹੋਣ ਦੇ ਨਾਲ-ਨਾਲ ਵੱਡੀਆਂ ਚੋਰੀਆਂ ਕਰਨ ਲੱਗ ਗਿਆ ਅਤੇ ਅੱਜ ਤੁਹਾਡੇ ਅੱਗੇ ਇਸ ਹਾਲਾਤ ’ਚ ਖੜ੍ਹਾ ਹਾਂ। ਜੇ ਮੇਰੀ ਮਾਂ ਨੇ ਮੈਨੂੰ ਉਸੇ ਪਹਿਲੇ ਦਿਨ ਝਿੜਕਿਆ ਤੇ ਸਮਝਾਇਆ ਹੁੰਦਾ ਤਾਂ ਸ਼ਾਇਦ ਮੈਂ ਵੀ ਅੱਜ ਚੰਗਾ ਨਾਗਰਿਕ ਹੁੰਦਾ।’ ਅੱਜ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦਾ ਸ਼ਿਕਾਰ ਹੋਣ ਕਾਰਨ ਜਨਤਾ ਦੀ ਅਦਾਲਤ ’ਚ ਸ਼ਰਮਸ਼ਾਰ ਤੇ ਬਦਨਾਮ ਕੀਤਾ ਜਾ ਰਿਹਾ ਹੈ। ਸਵਾਲ ਹੈ ਕਿ ਕੀ ਸੱਚਮੁੱਚ ਪੰਜਾਬ ਇਹੋ ਜਿਹਾ ਸੀ। ਮਰਹੂਮ ਕਵੀ ਧਨੀ ਰਾਮ ਚਾਤ੍ਰਿਕ ਦੀ ਮਸ਼ਹੂਰ ਕਵਿਤਾ ‘ਐ ਪੰਜਾਬ ਕਰਾਂ ਕੀ ਸਿਫਤ ਤੇਰੀ’ ’ਚ ਕਵੀ ਦੇ ਸ਼ਬਦ’ ਭਾਰਤ ਦੇ ਸਿਰ ’ਤੇ ਤਾਜ਼ ਤੇਰਾ, ਤੇਰੇ ਸਿਰ ’ਤੇ ਛਤਰ ਹਿਮਾਲਾ ਦਾ’, ਦਿਲ ਨੂੰ ਧੂਹ ਪਾਉਂਦੇ ਹਨ। ਅੱਜ ਮਾਨਸਾ ਹੀ ਨਹੀਂ , ਸਾਰਾ ਪੰਜਾਬ ਇਸ ਨਾਮੁਰਾਦ ਬਿਮਾਰੀ ਕਾਰਨ ਅਮਨ ਕਾਨੂੰਨ ਵਾਸਤੇ ਸਮੱਸਿਆ ’ਚ ਜਕੜਿਆ ਹੋਇਆ ਹੈ।

ਅਖ਼ਬਾਰਾਂ ਦੇ ਮੁੱਖ ਪੰਨੇ ਅਤੇ ਮੀਡੀਆ ਦੀਆਂ ਸੁਰਖੀਆਂ ਰੋਜ਼ਾਨਾ ਹੁੰਦੀਆਂ ਵਾਰਦਾਤਾਂ, ਭਵਿੱਖੀ ਚੋਣਾਂ ’ਚ ਸੱਤਾ ਪ੍ਰਾਪਤੀ ਹਿੱਤ ਸਿਆਸੀ ਸਰਗਰਮੀਆਂ ਅਤੇ ਜਨਤਾ ਦੇ ਪੈਸੇ ਨਾਲ ਕਲੋਲਾਂ ਕਰਦੇ ਸਰਕਾਰੀ ਇਸ਼ਤਿਹਾਰਾਂ ਨਾਲ ਕਾਲੇ ਪੀਲੇ ਕੀਤੇ ਹੁੰਦੇ ਹਨ। ਨਸ਼ਿਆਂ ਦੀਆਂ ਵੱਡੀਆਂ ਖੇਪਾਂ ਦੀ ਬਰਾਮਦਗੀ ਦੀਆਂ ਖਬਰਾਂ ਦੇ ਬਾਵਜੂਦ ਇਹ ਸਮੱਸਿਆ ਘਟਣ ਦੀ ਬਜਾਏ ਅਮਰਵੇਲ ਵਾਂਗ ਵਧ ਰਹੀ ਹੈ। ਅਨੇਕਾਂ ਦਿੱਗਜ਼ ਸਿਆਸੀ ਨੇਤਾ, ਅਮਨ ਕਾਨੂੰਨ ਦੇ ਪਹਿਰੇਦਾਰ ਸੀਨੀਅਰ ਜੂਨੀਅਰ ਅਧਿਕਾਰੀ ਇਸ ਗੰਧਲੇ ਹਮਾਮ ਨੂੰ ਹੋਰ ਗੰਧਲਾ ਕਰਦੇ ਨੰਗੇ ਹੋ ਰਹੇ ਹਨ ਪਰ ਕੀ ਉਨ੍ਹਾਂ ਦੀਆਂ ਮਾਵਾਂ ਨਹੀਂ ਸਨ। ਬੱਚੇ, ਲੜਕੀਆਂ, ਗੱਭਰੂ ਔਰਤਾਂ ਮਰਦ ਡਿਕ-ਡੋਲੇ ਖਾਂਦੇ ਸੜਕਾਂ ’ਤੇ ਆਮ ਦੇਖੇ ਜਾ ਸਕਦੇ ਹਨ। ਕੀ ਜਨਤਾ ਪ੍ਰਤੀ ਕਿਸੇ ਦੀ ਕੋਈ ਜਵਾਬਦੇਹੀ ਨਹੀਂ? ਸਵਾਲ ਹੈ ਕਿ ਕੀ ਮਾਨਸਾ ’ਚ ਕਤਲ ਕੀਤੇ ਗਏ ਪਰਮਿੰਦਰ ਸਿੰਘ ਝੋਟੇ ਦਾ ਨਾਮਜ਼ਦ ਕਾਤਲ ਅਸ਼ਵਨੀ ਜੰਮਿਆ ਹੀ ਅਪਰਾਧੀ ਸੀ? ਕੀ ਪਰਮਿੰਦਰ ਬਲੀ ਦਾ ਬੱਕਰਾ ਬਨਣ ਲਈ ਹੀ ਹੋਕਾ ਦਿੰਦਾ ਸੀ? ਉਹ ਅਤੇ ਉਸ ਜਿਹੇ ਕਿੰਨੇ ਹੀ ਹੋਰਨਾਂ ਨੂੰ ਜਨਮ ਦੇਣ ਵਾਲੀ ਸਿਸਟਮ ਰੂਪੀ ‘ਮਾਂ’ ਦਾ ਕੋਈ ਫ਼ਰਜ ਨਹੀਂ ਸੀ ਕਿ ਬਚਪਨ ’ਚ ਮਿੱਟੀ ਦੇ ਇਨ੍ਹਾਂ ਅਣਭੋਲ ਡਲਿਆਂ ਨੂੰ ਦਲਦਲ ’ਚ ਰੁੜ੍ਹਦੇ ਮੱਟ ਬਣ ਜਾਣ ਤੋਂ ਪਹਿਲਾਂ ਰੋਸ਼ਨੀਆਂ ਵੰਡਣ ਵਾਲੇ ਦੀਵੇ ਅਤੇ ਅੰਮ੍ਰਿਤ ਕੁੰਡ ਬਣਾਉਣ ’ਚ ਘੁਮਿਆਰ ਦਾ ਹੁਨਰਮੰਦ ਹੱਥ ਬਣਦੀ।

Share this content:

Post Comment