ਪੈਟਰੋਲ ਪੰਪ ਡੀਲਰਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ
ਚੰਡੀਗਡ਼੍ਹ – 15 ਅਕਤੂਬਰ ਕੇਂਦਰ ਵੱਲੋਂ ਯੂ ਪੀ ਆਈ ਰਾਹੀਂ ਦੋ ਹਜ਼ਾਰ ਤੋਂ ਵੱਧ ਦਾ ਭੁਗਤਾਨ ਕਰਨ ’ਤੇ ਲਗਾਏ ਜਾਣ ਵਾਲੇ ਮਰਚੈਂਟ ਡਿਸਕਾਊਂਟ ਰੇਟ (ਐੱਮ ਡੀ ਆਰ) ਦੇ ਵਿਰੋਧ ਵਿੱਚ ਦੇਸ਼ ਭਰ ਦੇ ਪੈਟਰੋਲ ਪੰਪ ਡੀਲਰ ਨਿੱਤਰ ਆਏ ਹਨ, ਜਿਨ੍ਹਾਂ ਨੇ ਐੱਮ ਡੀ ਆਰ ਨੂੰ ਨਾ ਹਟਾਏ ਜਾਣ ’ਤੇ ਯੂ ਪੀ ਆਈ ਰਾਹੀਂ ਦੋ ਹਜ਼ਾਰ ਜਾਂ ਇਸ ਤੋਂ ਵੱਧ ਦਾ ਭੁਗਤਾਨ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ, ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼, ਪੈਟਰੋਲੀਅਮ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਅਤੇ ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਹਰਿਆਣਾ ਦੇ ਆਗੂਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਐੱਮ ਡੀ ਆਰ ਵਿੱਚੋਂ ਪੈਟਰੋਲ ਪੰਪਾਂ ਨੂੰ ਬਾਹਰ ਨਾ ਰੱਖਿਆ ਤਾਂ ਪੈਟਰੋਲ ਪੰਪਾਂ ’ਤੇ ਯੂ ਪੀ ਆਈ ਰਾਹੀਂ ਦੋ ਹਜ਼ਾਰ ਤੋਂ ਵੱਧ ਦਾ ਲੈਣ-ਦੇਣ ਬੰਦ ਕੀਤਾ ਜਾਵੇਗਾ।
ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਬੁਲਾਰੇ ਮੌਂਟੀ ਸਹਿਗਲ ਨੇ ਯੂ ਪੀ ਆਈ ਰਾਹੀਂ ਭੁਗਤਾਨ ’ਤੇ ਜਲਦ ਲਾਏ ਜਾਣ ਵਾਲੇ ਮਰਚੈਂਟ ਡਿਸਕਾਊਂਟ ਰੇਟ (ਐੱਮ ਡੀ ਆਰ) ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨੂੰ ‘ਡਿਸਕਾਊਂਟ’ ਕਹਿਣਾ ਗਲਤ ਹੈ। ਇਸ ਵਿੱਚ ਕੋਈ ਛੋਟ ਸ਼ਾਮਲ ਨਹੀਂ ਹੈ, ਸਗੋਂ ਇਹ ਸਰਕਾਰ ਦੁਆਰਾ ਲਗਾਇਆ ਗਿਆ ਡਿਜੀਟਲ ਰਿਕਵਰੀ ਟੈਕਸ ਹੈ। ਹਾਲਾਂਕਿ ਇਸ ਨੂੰ ਦੀਵਾਲੀ ਤੱਕ ਲਾਗੂ ਕਰਨ ਤੋਂ ਟਾਲ ਦਿੱਤਾ ਗਿਆ ਹੈ ਪਰ ਬਾਅਦ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੈਟਰੋਲੀਅਮ ਡੀਲਰ ਪਹਿਲਾਂ ਹੀ ਬਹੁਤ ਘੱਟ ਮਾਰਜਨ ’ਤੇ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਪੈਟਰੋਲ ਪੰਪਾਂ ’ਤੇ ਐੱਮ ਡੀ ਆਰ ਲਾਉਣਾ ਗਲਤ ਹੈ, ਜਿਸ ਤੋਂ ਪੈਟਰੋਲ ਪੰਪਾਂ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਸੰਜੀਵ ਚੌਧਰੀ ਨੇ ਕਿਹਾ ਕਿ ਦੇਸ਼ ਭਰ ਦੇ ਪੈਟਰੋਲ ਡੀਲਰ ਵਿੱਤੀ ਸੰਕਟ ਅਤੇ ਭਾਰੀ ਕਰਜ਼ੇ ਦੇ ਬੋਝ ਦਾ ਸਾਹਮਣਾ ਕਰ ਰਹੇ ਹਨ। ਮੌਜੂਦਾ ਸਮੇਂ ਪੈਟਰੋਲ ਪੰਪ ਡੀਲਰਾਂ ਨੂੰ ਪੈਟਰੋਲ ਅਤੇ ਡੀਜ਼ਲ ’ਤੇ ਦੋ ਤੋਂ ਤਿੰਨ ਫੀਸਦ ਦਾ ਮਾਰਜਨ ਹੀ ਦਿੱਤਾ ਜਾ ਰਿਹਾ ਹੈ, ਜਿਸ ਵਿੱਚੋਂ ਪੰਪ ਦੇ ਖਰਚੇ ਕੱਢਣੇ ਬਹੁਤ ਮੁਸ਼ਕਲ ਹੋ ਜਾਂਦੇ ਹਨ। ਉੱਧਰ ਵੱਖ-ਵੱਖ ਸੂਬਿਆਂ ਦਾ ਵੈਟ ਵੱਖ-ਵੱਖ ਹੋਣ ਕਰਕੇ ਸਰਹੱਦੀ ਖੇਤਰ ਦੇ ਪੰਪ ਡੀਲਰਾਂ ਨੂੰ ਹੋਰ ਵੱਧ ਮੁਸ਼ਕਲਾਂ ਦਾ ਸਾਹਮਮਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਡੀਲਰ ਮਾਰਜਨ ਨੂੰ ਵਧਾ ਕੇ 7 ਫ਼ੀਸਦ ਕੀਤਾ ਜਾਵੇ ਅਤੇ ਦੇਸ਼ ’ਚ ਵੈਟ ਇਕ ਬਰਾਬਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਪੈਟਰੋਲ ਪੰਪ ਮਾਲਕਾਂ ਦੀ ਸੁਣਵਾਈ ਨਾ ਕੀਤੀ ਤਾਂ ਕੌਮੀ ਪੱਧਰ ਉੱਤੇ ਰਣਨੀਤੀ ਤਿਆਰ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਪੈਟਰੋਲ ਪੰਪ ਐਸੋਸੀਏਸ਼ਨ ਨੇ ਕਿਹਾ ਕਿ ਪੈਟਰੋਲ ਪੰਪ ਉੱਤੇ ਹਰ ਕਿਸੇ ਲਈ ਬਾਥਰੂਮ ਦੀ ਸਹੂਲਤ ਉਪਲਬਧ ਹੈ। ਪਰ ਕੁਝ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਦੇ ਬਾਥਰੂਮਾਂ ਨੂੰ ਨਸ਼ਿਆਂ ਲਈ ਵਰਤਿਆ ਜਾ ਰਿਹਾ ਹੈ, ਜੋ ਬਹੁਤ ਗ਼ਲਤ ਹੈ। ਇਸ ਲਈ ਪੈਟਰੋਲ ਪੰਪ ਦੇ ਬਾਥਰੂਮ ਨੂੰ ਜਿੰਦਰਾ ਲਗਾਉਣ ਦੀ ਪ੍ਰਵਾਨਗੀ ਪੈਟਰੋਲ ਪੰਪ ਪ੍ਰਬੰਧਕਾਂ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਿਆਂ ਨੂੰ ਰੋਕਿਆ ਜਾ ਸਕੇ।
Share this content:



Post Comment