ਕਵਿਤਾ/ਮੇਰੇ ਰਾਮ ਜੀਉ/ਯਸ਼ ਪਾਲ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ !
ਜਦ ਚੋਣਾਂ ਬਿਗਲ ਵਜਾਏ..
ਮੇਰੇ ਰਾਮ ਜੀਉ!
ਕਿੱਥੇ ਸਉ
ਜਦ ਇੱਟ-ਇੱਟ ਸਾਡੀ
ਚਿੱਪਰ-ਚਿੱਪਰ ਹੋਈ
ਕਿੱਥੇ ਸਉ
ਜਦ ਖਲਕ ਅਯੁੱਧਿਆ
ਹੁੱਬਕੀ ਹੁੱਬਕੀ ਰੋਈ
ਕਿੱਥੇ ਸਉ
ਜਦ ਚਿੱਟੇ ਬੱਦਲਾਂ
ਰੱਤੇ ਹੰਝੂ ਵਹਾਏ……
ਮੇਰੇ ਰਾਮ ਜੀਉ !
ਕਿੱਥੇ ਸਉ
ਜਦ ਲਟ ਲਟ ਅੱਗਾਂ
ਆ ਬੇਲੇ ਵਿਚ ਵੜੀਆਂ
ਕਿੱਥੇ ਸਉ
ਜਦ ਫੁੱਲ ਤੇ ਕਲੀਆਂ
ਜੰਮਣੋਂ ਪਹਿਲਾਂ ਸੜੀਆਂ
ਕਿੱਥੇ ਸਉ
ਜਦ ਵਣ-ਤ੍ਰਿਣ ਹਰੀਅਲ
ਚੇਤ ਮਾਹ ਕੁਮਲਾਏ…..
ਮੇਰੇ ਰਾਮ ਜੀਉ !
ਕਿੱਥੇ ਸਉ
ਜਦ ਲੱਗੀਆਂ ਵਾੜਾਂ
ਖੇਤਾਂ ਨੂੰ ਖਾ ਗਈਆਂ
ਕਿੱਥੇ ਸਉ
ਜਦ ਹਿੰਸਕ ਹੇੜਾਂ
ਘੁੱਗੀਆਂ ‘ਤੇ ਟੁੱਟ ਪਈਆਂ
ਕਿੱਥੇ ਸਉ
ਜਦ ਬੁਰਿਆਂ ਸੱਥਰ
ਸੱਥਾਂ ਵਿਚ ਵਿਛਾਏ……
ਮੇਰੇ ਰਾਮ ਜੀਉ !
ਕਿੱਥੇ ਸਉ
ਜਦ ਰਾਖਸ਼ ਸੈਨਾ
ਰੱਤ ਦੀ ਹੋਲੀ ਖੇਡੀ
ਕਿੱਥੇ ਸਉ
ਜਦ ਜ਼ੁਲਮ-ਭਾਰ ਸੰਗ
ਹੋ ਗਈ ਧਰਤੀ ਟੇਢੀ
ਕਿੱਥੇ ਸਉ
ਜਦ ਸੁਪਨ-ਪਰੁੱਚੇ
ਗਏ ਨੈਣ ਪਥਰਾਏ…..
ਮੇਰੇ ਰਾਮ ਜੀਉ !
ਕਿੱਥੇ ਸਉ
ਜਦ ਸਿਵਿਆਂ ਦੇ ਵਿਚ
ਨੱਚੀਆਂ ਨੰਗੀਆਂ ਡੈਣਾਂ
ਕਿੱਥੇ ਸਉ
ਜਦ ਗਲੀ ਗਲੀ ਵਿਚ
ਅੰਬਰ ਚੁੱਕਿਆ ਵੈਣਾਂ
ਕਿੱਥੇ ਸਉ
ਤੁਸੀਂ ਲੋੜ ਦੇ ਵੇਲੇ
ਉਦੋਂ ਕਿਉਂ ਨਾ ਆਏ….
ਮੇਰੇ ਰਾਮ ਜੀਉ !
ਰਚਨਾ: #ਬਲਵਿੰਦਰ
ਪੇਸ਼ਕਸ਼:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment