ਇਕਲਾਪੇ ਦਾ ਸੰਤਾਪ ਭੋਗਦੇ ਲੋਕ
ਇੱਕ ਵਿਦਵਾਨ ਕੋਲ ਇੱਕ ਨੌਜਵਾਨ ਆਇਆ ਤੇ ਉਹਨੇ ਸਵਾਲ ਕੀਤਾ, ‘‘ਮਨੁੱਖ ਦੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ?’’ ਵਿਦਵਾਨ ਨੇ ਜਵਾਬ ਦਿੱਤਾ, ‘‘ਯਾਦ ਰੱਖੋ ਮਨੁੱਖ ਕੋਲ ਉਹਦੇ ਜਿਊਣ ਲਈ ਇੱਕੋ ਇੱਕ ਜ਼ਿੰਦਗੀ ਹੈ। ਮਨੁੱਖ ਦੀ ਜ਼ਿੰਦਗੀ ਕਿਹੋ ਜਿਹੀ ਹੋਵੇ? ਇਸ ਨੂੰ ਅਸੀਂ ਇੰਜ ਸਮਝ ਸਕਦੇ ਹਾਂ ਕਿ ਜ਼ਿੰਦਗੀ ਦੇ ਆਖਰੀ ਪੜਾਅ ਭਾਵ ਬੁਢਾਪੇ ਵਿੱਚ ਜਾ ਕੇ ਬੰਦੇ ਨੂੰ ਕੋਈ ਹੇਰਵਾ ਨਾ ਹੋਵੇ, ਇਹ ਅਹਿਸਾਸ ਨਾ ਹੋਵੇ ਕਿ ਜ਼ਿੰਦਗੀ ਵਿੱਚ ਮੈਂ ਇਹ ਕਰ ਸਕਦਾ ਸੀ, ਪਰ ਮੈਂ ਇਹ ਕੀਤਾ ਨਹੀਂ, ਜ਼ਿੰਦਗੀ ਆਈ ਤੇ ਚਲੀ ਗਈ, ਜ਼ਿੰਦਗੀ ਵਿੱਚ ਕਈ ਮੌਕੇ ਆਏ ਤੇ ਚਲੇ ਗਏ। ਜ਼ਿੰਦਗੀ ਨੂੰ ਮੈਂ ਉਸ ਤਰ੍ਹਾਂ ਮਾਣ ਨਹੀਂ ਸਕਿਆ ਜਿਸ ਤਰ੍ਹਾਂ ਮੈਨੂੰ ਜ਼ਿੰਦਗੀ ਦੇ ਹਰ ਪਲ ਨੂੰ ਮਾਣਨਾ ਚਾਹੀਦਾ ਸੀ। ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਜਿਊਣਾ ਚਾਹੁੰਦਾ ਸੀ ਉਸ ਤਰ੍ਹਾਂ ਦੀ ਜ਼ਿੰਦਗੀ ਮੈਂ ਜਿਉਂ ਨਹੀਂ ਸਕਿਆ। ਆਖਰੀ ਵਕਤ ’ਤੇ ਬੰਦੇ ਕੋਲ ਇਹ ਪਛਤਾਵਾ ਨਹੀਂ ਹੋਣਾ ਚਾਹੀਦਾ। ਇਹਦੇ ਉਲਟ ਸਗੋਂ ਅਸੀਂ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਵੱਡੇ ਮਾਣ ਨਾਲ ਭਰੇ ਹੋਈਏ।’’
ਅੱਜ ਅਸੀਂ ਆਪਣੇ ਕੋਲ ਚੀਜ਼ਾਂ ਵਸਤਾਂ ਦੇ ਤਾਂ ਅੰਬਾਰ ਲਾ ਲਏ, ਪਰ ਜ਼ਿੰਦਗੀ ਤੋਂ ਦੂਰ ਹੋ ਗਏ। ਸਾਡੀ ਵਿਵਸਥਾ ਦੀਆਂ ਯੋਜਨਾਵਾਂ ਅਜਿਹੀਆਂ ਬਣਦੀਆਂ ਜਾ ਰਹੀਆਂ ਹਨ ਕਿ ਅਸੀਂ ਵੱਧ ਤੋਂ ਵੱਧ ਵਿਹਲੇ ਕਿਵੇਂ ਰਹਿ ਸਕਦੇ ਹਾਂ। ਅਸੀਂ ਕਿਰਤ ਕਰਨ ਤੋਂ ਟੁੱਟ ਗਏ ਹਾਂ। ਕਿਰਤ ਨਾ ਕਰਨ ਦੀ ਆਦਤ ਨੇ ਸਾਡੇ ਲੋਕਾਂ ਅੰਦਰ ਨਿਰਾਸ਼ਾ, ਮੁਸ਼ਕਲਾਂ, ਪਰੇਸ਼ਾਨੀਆਂ ਅਤੇ ਹੋਰ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਮਨੋਵਿਕਾਰਾਂ ਨੂੰ ਜਨਮ ਦਿੱਤਾ ਹੈ। ਅੱਜ ਅਸੀਂ ਉਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਇੱਕ ਤਾਂ ਸਰਕਾਰੀ ਯੋਜਨਾਵਾਂ ਰੁਜ਼ਗਾਰ ਵਿਹੁਣੀਆਂ ਹੋ ਗਈਆਂ ਹਨ। ਦੂਜੇ ਪਾਸੇ ਸਾਡੇ ਸਮਾਜ ਦੇ ਵੱਡੀ ਗਿਣਤੀ ਲੋਕਾਂ ਨੇ ਆਪਣਾ ਸਹਿਜ, ਸਬਰ ਗਵਾ ਲਿਆ ਹੈ। ਸਮਾਜ ਦੀ ਵੱਡੀ ਗਿਣਤੀ ਜ਼ਿੰਦਗੀ ਨੂੰ ਜਾਣਨ, ਸਮਝਣ ਅਤੇ ਮਾਣਨ ਦੇ ਰੌਂਅ ਵਿੱਚ ਨਹੀਂ ਰਹੀ, ਬਲਕਿ ਅਸੀਂ ਸਟੇਟਸ ਲਈ ਜਿਊਣ ਲੱਗ ਪਏ ਹਾਂ। ਇਹਦਾ ਕਾਰਨ ਇਹ ਹੈ ਕਿ ਅੱਜ ਸਮਾਜ ਦੇ ਵੱਡੇ ਗਿਣਤੀ ਲੋਕ ਖ਼ਾਸ ਕਰਕੇ ਪੰਜਾਹ ਸਾਲ ਤੋਂ ਉੱਪਰ ਦੀ ਜ਼ਿੰਦਗੀ ਵਾਲੇ ਲੋਕ ਵੱਖ ਵੱਖ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਰਾਂ ਦੇ ਸ਼ਿਕਾਰ ਹੋ ਰਹੇ ਹਨ। ਇਕਲਾਪੇ ਦਾ ਸੰਤਾਪ ਭੋਗ ਰਹੇ ਹਨ। ਇਕਲਾਪਾ ਆਪਣੇ ਆਪ ਵਿੱਚ ਇੱਕ ਮਾਨਸਿਕ ਬਿਮਾਰੀ ਹੁੰਦਾ ਹੈ।
ਇੱਕ ਔਰਤ ਜਿਸ ਦੇ ਬੱਚੇ ਬਾਹਰ ਦੂਜੇ ਮੁਲਕਾਂ ਵਿੱਚ ਹਨ, ਉਹ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਤੌਰ ’ਤੇ ਬਿਮਾਰ ਰਹਿਣ ਲੱਗ ਪਈ। ਉਸ ਨੇ ਦੱਸਿਆ ਕਿ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਸਵੇਰੇ ਮਨ ਨੂੰ ਭਟਕਣਾ ਲੱਗੀ ਰਹਿੰਦੀ ਹੈ, ਉਦਾਸੀ, ਬੇਚੈਨੀ ਅਤੇ ਪਰੇਸ਼ਾਨੀ ਰਹਿੰਦੀ ਹੈ। ਉਸ ਨੂੰ ਕਿਹਾ ਗਿਆ ਕਿ ਉਸ ਦੀ ਇਸ ਮਾਨਸਿਕ ਬੇਚੈਨੀ ਦਾ ਕਾਰਨ ਉਸ ਦਾ ਇਕੱਲੇ ਰਹਿਣਾ ਹੈ। ਜਦੋਂ ਉਸ ਨੂੰ ਸਲਾਹ ਦਿੱਤੀ ਕਿ ਉਹ ਬਾਹਰ ਰਹਿੰਦੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਿਆ ਕਰੇ ਤਾਂ ਉਹ ਵਿਚਾਰੀ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਸ ਨੇ ਕਿਹਾ ਕਿ ਉਨ੍ਹਾਂ ਕੋਲ ਇੰਨਾ ਸਮਾਂ ਕਿੱਥੇ ਕਿ ਉਹ ਮੇਰੇ ਨਾਲ ਗੱਲਾਂ ਕਰਦੇ ਰਹਿਣ? ਦੂਜਾ ਉਹ ਤਾਂ ਆਪਣੇ ਕੰਮ ਦੇ ਬੋਝ ਕਰਕੇ ਆਪ ਬਹੁਤ ਪਰੇਸ਼ਾਨ ਰਹਿੰਦੇ ਹਨ। ਇੱਕ ਹੋਰ ਮਸਲੇ ਵਿੱਚ ਇੱਕ ਬਾਪ ਦੀ ਇੱਕ ਧੀ ਜੋ ਬਾਹਰਲੇ ਮੁਲਕ ਵਿੱਚ ਰਹਿੰਦੀ ਹੈ ਇੱਥੋਂ ਇੱਕ ਵੱਡੇ ਪਰਿਵਾਰ ਵਿੱਚੋਂ ਗਈ ਸੀ। ਉੱਥੇ ਪੜ੍ਹਾਈ ਦਾ ਬੋਝ, ਫੀਸਾਂ ਦਾ ਬੋਝ, ਖਾਣਾ ਬਣਾਉਣ, ਖਾਣ ਅਤੇ ਵੱਖ ਵੱਖ ਤਰ੍ਹਾਂ ਦੇ ਟੈਕਸਾਂ ਦੀਆਂ ਪਰੇਸ਼ਾਨੀਆਂ ਨਾਲ ਮਾਨਸਿਕ ਤੌਰ ’ਤੇ ਬਿਮਾਰ ਹੋ ਗਈ। ਉਸ ਦੇ ਬਾਪ ਨੇ ਉਸ ਨਾਲ ਮੇਰੀ ਗੱਲ ਕਰਾਈ ਤਾਂ ਉਹ ਵਿਚਾਰੀ ਇੰਜ ਬੋਲ ਰਹੀ ਸੀ ਜਿਵੇਂ ਉਹਦੇ ਬੋਲ, ਉਹਦੀ ਆਵਾਜ਼ ਕਿਤੇ ਗਵਾਚ ਗਏ ਹੋਣ। ਉਸ ਆਵਾਜ਼ ਵਿੱਚ ਬੜੀ ਨਿਰਾਸ਼ਾ ਸੀ, ਉਦਾਸੀ ਸੀ। ਉਹ ਦੱਸਣ ਲੱਗੀ ਕਿ ਉਸ ਨੂੰ ਰਾਤ ਭਰ ਨੀਂਦ ਨਹੀਂ ਆਉਂਦੀ। ਕੋਈ ਇਲਾਜ ਹੋਵੇ ਜੋ ਉਸ ਨੂੰ ਮਾਨਸਿਕ ਪੀੜਾਂ ਤੋਂ ਛੁਟਕਾਰਾ ਦਿਵਾ ਦੇਵੇ।
ਇਸੇ ਤਰ੍ਹਾਂ ਇੱਕ ਪਿੰਡ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਉਨ੍ਹਾਂ ਦੇ ਬੱਚੇ ਬਾਹਰ ਹਨ। ਸਸਕਾਰ ’ਤੇ ਆਏ ਲੋਕਾਂ ਨੂੰ ਰੋਟੀ-ਪਾਣੀ, ਦਾਲ-ਫੁਲਕ ਛਕਾਇਆ ਜਾਣਾ ਸੀ, ਪਰ ਮੁਹੱਲੇ ਵਿੱਚ ਅਜਿਹਾ ਇੱਕ ਵੀ ਨੌਜਵਾਨ ਨਹੀਂ ਸੀ ਜੋ ਸਸਕਾਰ ’ਤੇ ਆਏ ਲੋਕਾਂ ਨੂੰ ਦਾਲ ਫੁਲਕਾ ਛਕਾਉਣ ਦੀ ਸੇਵਾ ਕਰਦਾ। ਦੂਰੋਂ ਨੇੜਿਓਂ ਆਏ ਲੋਕਾਂ ਨੇ ਆਪ ਹੀ ਆਪਣੇ ਹੱਥੀਂ ਇਹ ਕਾਰਜ ਕੀਤਾ। ਮਰਨ ਵਾਲੇ ਦੀ ਧਰਮ ਪਤਨੀ ਜੋ ਹੁਣ ਇਕੱਲੀ ਰਹਿ ਗਈ ਸੀ, ਕੋਲ ਰਹਿਣ ਲਈ ਹੁਣ ਇੱਕ ਵੱਡਾ ਘਰ ਸੀ, ਪਰ ਇਸ ਘਰ ਵਿੱਚ ਉਸ ਕੋਲ ਉਸ ਦਾ ਆਪਣਾ ਕੋਈ ਨਹੀਂ ਸੀ। ਜੀਵਨ ਦੀ ਨੱਠ ਭੱਜ ਅਤੇ ਬੇਲਗਾਮ ਖਾਹਿਸ਼ਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਜਿਊਣ ਦਾ ਮਕਸਦ ਜਿਵੇਂ ਗਵਾ ਲਿਆ ਹੈ। ਜਿਸ ਰਾਹ ’ਤੇ ਚੱਲ ਕੇ ਅਸੀਂ ਜ਼ਿੰਦਗੀ ਲਈ ਖ਼ੁਸ਼ੀਆਂ ਲੱਭਣ ਨਿਕਲੇ ਹਾਂ, ਉਸ ਰਾਹ ’ਤੇ ਜਾ ਕੇ ਜੋ ਕੁਝ ਸਾਡੇ ਕੋਲ ਸੀ ਉਹ ਵੀ ਖੁੱਸ ਰਿਹਾ ਹੈ।
ਇਸ ਧਰਤੀ ਦੇ ਵੱਖ ਵੱਖ ਦੇਸ਼ਾਂ ਦੀ ਵਾਗਡੋਰ ਕਾਰੋਬਾਰੀਆਂ ਦੇ ਹੱਥ ਵਿੱਚ ਹੈ। ਅਸੀਂ ਮੁਨਾਫੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਅਸੀਂ ਜਿਹੜੇ ਲੋਕਾਂ ਤੋਂ ਜਿਹੜੀਆਂ ਧਰਤੀਆਂ ਤੋਂ ਮੁਨਾਫੇ ਕਮਾਉਣ ਦੀ ਤਾਂਘ ਵਿੱਚ ਹਾਂ, ਉਹ ਸਾਡੇ ਤੋਂ ਮੁਨਾਫੇ ਬਟੋਰ ਰਹੇ ਹਨ। ਸਾਡੀਆਂ ਔਲਾਦਾਂ ਨੂੰ ਦੂਜੀਆਂ ਧਰਤੀਆਂ ’ਤੇ ਇਸ ਲਈ ਨਹੀਂ ਸੱਦਿਆ ਜਾ ਰਿਹਾ ਕਿ ਉਸ ਸਾਡਾ ਭਲਾ ਕਰਨਾ ਚਾਹੁੰਦੇ ਹਨ, ਸਾਡੇ ਜੀਵਨ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਨ ਬਲਕਿ ਇਸ ਲਈ ਕਿ ਇਸ ਲਈ ਸੱਦਿਆ ਜਾ ਰਿਹਾ ਹੈ ਕਿ ਸਾਡੇ ਕੋਲ ਜੋ ਸਰਮਾਇਆ, ਜੋ ਸਾਧਨ ਸਾਡੇ ਕੋਲ ਹਨ ਉਹ ਵੇਚ ਵੱਟ ਕੇ ਅਸੀਂ ਉਨ੍ਹਾਂ ਨੂੰ ਦੇ ਦੇਈਏ ਤੇ ਕੁਝ ਸਮਾਂ ਰਹਿਣ ਦਾ ਉੱਥੇ ਸਾਨੂੰ ਪਰਮਿਟ ਮਿਲ ਜਾਵੇਗਾ। ਆਮ ਲੋਕਾਂ ਲਈ ਅਜਿਹੀ ਵਿਵਸਥਾ ਦੀ ਸਿਰਜਣਾ ਕੀਤੀ ਜਾ ਰਹੀ ਹੈ ਕਿ ਜੇਕਰ ਇਸ ਧਰਤੀ ’ਤੇ ਤੁਸੀਂ ਰਹਿਣਾ ਹੈ ਤਾਂ ਇਸ ਦਾ ਕਿਰਾਇਆ ਤੁਹਾਨੂੰ ਦੇਣਾ ਪਵੇਗਾ।
ਪੰਜਾਬ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਇਸ ਲਈ ਬਣਾਈਆਂ ਕਿ ਕਦੇ ਬਾਹਰ ਗਏ ਉਨ੍ਹਾਂ ਦੇ ਬੱਚੇ ਇਨ੍ਹਾਂ ਵਿੱਚ ਆ ਕੇ ਰਹਿਣਗੇ, ਪਰ ਇਹ ਵੱਡੇ ਵੱਡੇ ਘਰ ਕੋਠੀਆਂ ਹੁਣ ਉਦਾਸ ਹੋਣ ਲੱਗੇ ਹਨ। ਇਨ੍ਹਾਂ ਵਿੱਚ ਰਹਿਣ ਵਾਲੇ ਲੋਕ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਆਪ ਨੂੰ ਸੈੱਟ ਕਰਨ ਦੀ ਕੋਸ਼ਿਸ਼ ਵਿੱਚ ਹਨ। ਮਗਰ ਰਹਿ ਗਏ ਜੀਆਂ ਕੋਲ ਉਦਾਸੀ ਤੋਂ ਬਿਨਾਂ ਹੋਰ ਕੁਝ ਨਹੀਂ। ਅਗਲੇ ਕੁਝ ਕੁ ਸਾਲਾਂ ਵਿੱਚ ਪੰਜਾਬ ਵਿੱਚ ਲੱਖਾਂ ਘਰ ਖਾਲੀ ਹੋ ਜਾਣਗੇ ਅਤੇ ਲੱਖਾਂ ਰੁਪਏ ਲਾ ਕੇ ਉਸਾਰੀਆਂ ਕੋਠੀਆਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਰਹੇਗਾ। ਇਸ ਸਮੇਂ ਪੰਜਾਬ ਵਿੱਚ ਵੱਡੀ ਗਿਣਤੀ ਪਰਿਵਾਰਾਂ ’ਚੋਂ ਜਿਨ੍ਹਾਂ ਦੇ ਬੱਚੇ ਬਾਹਰ ਹਨ ਇੱਧਰ ਇਕਲਾਪੇ ਦਾ ਸੰਤਾਪ ਭੋਗ ਰਹੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਉੱਥੇ ਖ਼ੁਸ਼ੀਆਂ ਹੋਣ ਤਾਂ ਇਹ ਬੜਾ ਜ਼ਰੂਰੀ ਹੈ ਕਿ ਇਸ ਘਰ ਵਿੱਚ ਛੋਟੇ ਬੱਚੇ ਵੀ ਹੋਣ ਜਿਨ੍ਹਾਂ ਨਾਲ ਬਜ਼ੁਰਗ ਗੱਲਾਂ ਬਾਤਾਂ ਕਰਨ ਹੱਸਣ ਖੇਡਣ। ਬੇਸ਼ੱਕ ਅਸੀਂ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਈਏ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਨਸਾਨ ਪਿਛਲੀ ਉਮਰੇ ਨਿਰਾਸ਼ ਰਹਿਣ ਲੱਗਦਾ ਹੈ, ਉਦਾਸ ਰਹਿਣ ਲੱਗਦਾ ਹੈ। ਇਕੱਲਤਾ ਬੁਢਾਪੇ ਵਿੱਚ ਬੰਦੇ ਨੂੰ ਬਹੁਤ ਤੰਗ ਕਰਦੀ ਹੈ।
ਸਾਡੀ ਨਵੀਂ ਸੱਭਿਅਤਾ ਵਿੱਚ ਧਰਤੀ ’ਤੇ ਮਨੁੱਖਾਂ ਦੀ ਭੀੜ ਬੇਸ਼ੱਕ ਵਧ ਰਹੀ ਹੈ, ਪਰ ਮਨੁੱਖ ਦਿਨੋਂ ਦਿਨ ਇਕੱਲਾ ਹੁੰਦਾ ਜਾ ਰਿਹਾ ਹੈ। ਆਦਿ ਕਾਲ ਦਾ ਮਨੁੱਖ ਟੋਲਿਆਂ ਵਿੱਚ ਰਹਿੰਦਾ ਸੀ, ਟੱਪਰੀ ਵਾਸਾਂ ਵਾਲਾ ਜੀਵਨ ਬਤੀਤ ਕਰਦਾ ਸੀ। ਇਹ ਟੋਲੇ ਸੌ ਦੌ ਜਾਂ ਇਸ ਤੋਂ ਵੱਧ ਗਿਣਤੀ ਵਿੱਚ ਲੋਕਾਂ ਦੇ ਹੁੰਦੇ ਸਨ। ਇਸ ਮਗਰੋਂ ਮਨੁੱਖ ਦੀ ਸਮਝ ਵਧੀ ਤਾਂ ਇਹ ਪਿੰਡ ਬਣਾ ਕੇ ਰਹਿਣ ਲੱਗਾ। ਪਿੰਡਾਂ ਵਿੱਚ ਵੀ ਜਦੋਂ ਲੋਕ ਆਪਣੇ ਨਿਤਾਪ੍ਰਤੀ ਦੇ ਕੰਮ ਕਰਦੇ ਸਨ ਤਾਂ ਲੋਕ ਰਲ ਕੇ ਕੰਮ ਕਰਦੇ ਸਨ। ਕਣਕ ਨੂੰ ਗੋਡੀ ਕਰਨੀ, ਫ਼ਸਲ ਨੂੰ ਕੱਢਣਾ ਤੇ ਵੱਢਣਾ, ਇਸ ਲਈ ਵਗਾਰਾਂ ਪਾਈਆਂ ਜਾਂਦੀਆਂ ਸਨ। ਔਰਤਾਂ ਕੁੜੀਆਂ ਵੱਲੋਂ ਇਕੱਠੀਆਂ ਹੋ ਕੇ ਚਰਖੇ ਕੱਤਣੇ, ਚਾਦਰਾਂ, ਖੇਸ ਅਤੇ ਦਰੀਆਂ ਬੁਣਨੀਆਂ, ਹੋਰ ਕਢਾਈ ਸਿਲਾਈ ਦੇ ਕੰਮ ਕਰਨੇ, ਮਰਦਾਂ ਵੱਲੋਂ ਇਕੱਠੇ ਬਹਿ ਕੇ ਸਣ ਕੱਢਣੀ, ਰੱਸੇ ਵੱਟਣੇ, ਇਕੱਠੇ ਬੈਠ ਕੇ ਸੱਥ ਵਿੱਚ ਗੱਲਾਂ ਬਾਤਾਂ ਕਰਨੀਆਂ ਭਾਵ ਪਿੰਡ ਇੱਕ ਤਰ੍ਹਾਂ ਨਾਲ ਬੰਦੇ ਦਾ ਇੱਕ ਵੱਡਾ ਕਬੀਲਾ ਜਾਂ ਪਰਿਵਾਰ ਹੀ ਹੁੰਦਾ ਸੀ। ਇਹ ਕਲਚਰ ਹੁਣ ਸਾਡੇ ਪਿੰਡਾਂ ਵਿੱਚੋਂ ਲਗਭਗ ਸਮਾਪਤ ਹੋ ਗਿਆ ਹੈ। ਹੁਣ ਅਸੀਂ ਧਾਰਮਿਕ ਸਮਾਗਮਾਂ ਜਾਂ ਵਿਆਹਾਂ ਸ਼ਾਦੀਆਂ ’ਤੇ ਕੁਝ ਕੁ ਸਮੇਂ ਲਈ ਇਕੱਠੇ ਹੁੰਦੇ ਹਾਂ, ਇਸ ਇਕੱਠ ਦਾ ਸਮਾਂ ਵੀ ਹਰ ਦਿਨ ਘਟ ਰਿਹਾ ਹੈ।
ਇੰਟਰਨੈੱਟ ਦੇ ਇਸ ਦੌਰ ਨੇ ਮਨੁੱਖ ਨੂੰ ਬੇਸ਼ੱਕ ਉਹਦੀ ਸਮਰੱਥਾ ਦੀਆਂ ਤਾਰਾਂ ਦਾ ਜਾਲ ਪੂਰੀ ਦੁਨੀਆ ਨਾਲ ਜੋੜ ਦਿੱਤਾ ਹੈ। ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਮਨੁੱਖ ਨਾਲ ਰਾਬਤਾ ਕਰ ਸਕਦੇ ਹਾਂ, ਪਰ ਸਾਡਾ ਇਕਲਾਪਾ ਹਰ ਦਿਨ ਵਧ ਰਿਹਾ ਹੈ। ਇਹ ਇਕਲਾਪਾ ਮਾਨਸਿਕ ਤੌਰ ’ਤੇ ਮਨੁੱਖ ਨੂੰ ਕਮਜ਼ੋਰ ਬਣਾਉਂਦਾ ਹੈ। ਜੀਵਨ ਪ੍ਰਤੀ ਉਸ ਦੇ ਉਤਸ਼ਾਹ ਨੂੰ ਮੱਠਾ ਕਰਦਾ ਹੈ। ਇਹ ਠੀਕ ਹੈ ਕਿ ਸਮੇਂ ਦਾ ਚੱਕਰ ਹਮੇਸ਼ਾ ਅੱਗੇ ਵੱਲ ਚੱਲਦਾ ਹੈ, ਜ਼ਮਾਨੇ ਦੀ ਤੋਰ ਨੇ ਪਿਛਾਂਹ ਵੱਲ ਨਹੀਂ ਬਲਕਿ ਅੱਗੇ ਵੱਲ ਹੀ ਚੱਲਣਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਸਮੇਂ ਦੌਰਾਨ ਮਨੁੱਖ ਦਾ ਇਕਲਾਪਾ ਅਜੇ ਹੋਰ ਵਧਣਾ ਹੈ, ਫਿਰ ਅਸੀਂ ਆਪਣੇ ਆਪ ਨੂੰ ਇਸ ਸਥਿਤੀ ਵਿੱਚ ਕਿਵੇਂ ਠੀਕ ਰੱਖ ਸਕਦੇ ਹਾਂ।
ਇਸ ਲਈ ਜੀਵਨ ਵਿੱਚ ਕੁਝ ਕੁ ਬਦਲਾਅ ਕਰਕੇ ਅਸੀਂ ਮਾਨਸਿਕ ਤੌਰ ’ਤੇ ਤੰਦਰੁਸਤ ਰਹਿ ਸਕਦੇ ਹਾਂ। ਇਸ ਵਿੱਚ ਇੱਕ ਤਾਂ ਇਹ ਹੈ ਕਿ ਅਸੀਂ ਚੰਗੀਆਂ ਕਿਤਾਬਾਂ ਪੜ੍ਹੀਏ, ਆਪਣੇ ਆਪ ਨੂੰ ਪੜ੍ਹਨ ਦੀ ਆਦਤ ਪਾਈਏ। ਹਰ ਰੋਜ਼ ਕਿਸੇ ਚੰਗੀ ਕਿਤਾਬ ਦੇ ਚਾਲੀ ਪੰਜਾਹ ਪੰਨੇ ਪੜ੍ਹਨ ਨਾਲ ਸਾਡਾ ਮਨ ਸ਼ਾਂਤ ਹੁੰਦਾ ਹੈ। ਸਾਡੀ ਸੋਚ ਵਿੱਚ ਵਿਸ਼ਾਲਤਾ ਆਉਂਦੀ ਹੈ। ਜਿਵੇਂ ਅੱਜਕੱਲ੍ਹ ਇੰਟਰਨੈੱਟ ਦਾ ਯੁੱਗ ਹੈ ਅਸੀਂ ਮੋਬਾਈਲ ਫੋਨ ’ਤੇ ਇੰਟਰਨੈੱਟ ਵਰਤਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਫਜ਼ੂਲ ਦੀਆਂ ਵੀਡੀਓਜ਼ ਵੇਖਣ ਤੋਂ ਗੁਰੇਜ਼ ਕਰੀਏ, ਇੰਟਰਨੈੱਟ ’ਤੇ ਬਹੁਤ ਕੁਝ ਅਜਿਹਾ ਹੈ ਜੋ ਸਾਡੇ ਮਨ ਦੀ ਭਟਕਣਾ ਨੂੰ ਹਰ ਪਲ ਵਧਾ ਰਿਹਾ ਹੈ। ਦਿਨ ਵਿੱਚ ਕੁਝ ਸਮਾਂ ਅਸੀਂ ਮੋਬਾਈਲ ਤੋਂ ਦੂਰ ਹੋ ਕੇ ਗੁਜ਼ਾਰੀਏ। ਜਦੋਂ ਮੋਬਾਈਲ ਦੇਖੀਏ ਤਾਂ ਅਸੀਂ ਅਜਿਹੀਆਂ ਵੀਡੀਓਜ਼ ਦੇਖੀਏ ਤੇ ਪੋਸਟਾਂ ਪੜ੍ਹੀਏ ਜਿਨ੍ਹਾਂ ਨਾਲ ਸਾਡੇ ਮਨ ਦੀ ਇਕਾਗਰਤਾ ਭੰਗ ਨਾ ਹੋਵੇ। ਅਸੀਂ ਕੁਦਰਤ ਨਾਲ ਆਪਣਾ ਨਾਤਾ ਬਣਾ ਕੇ ਰੱਖੀਏ। ਸਵੇਰੇ ਸ਼ਾਮ ਜਦੋਂ ਸਮਾਂ ਮਿਲਦਾ ਹੈ ਸੈਰ ਕਰੀਏ। ਹੋਰ ਆਪਣੇ ਹਮਖ਼ਿਆਲ ਲੋਕਾਂ ਨਾਲ ਕੁਝ ਸਮਾਂ ਬਤੀਤ ਕਰੀਏ। ਖਾਣਾ ਬਣਾਉਣ ਵਿੱਚ ਦਿਲਚਸਪੀ ਲਈਏ, ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰੀਏ, ਸਵੇਰੇ ਸ਼ਾਮ ਜਿੰਨੀ ਹੋ ਸਕਦੀ ਹੈ ਸੈਰ ਕਰੀਏ, ਲੋੜਵੰਦ ਲੋਕਾਂ ਦੀ ਮਦਦ ਕਰੀਏ, ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖੀਏ।
Share this content:


Post Comment