ਕਹਾਣੀ/ਜ਼ਹਿਰ/ਲੇਖਕ : ਰਮਾ ਕਾਂਤ/ਅਨੁਵਾਦਕ : ਗੁਰਦਿਆਲ ਦਲਾਲ
” ਕੀ ਤੁਹਾਡੇ ਕੋਲ਼ ਕੋਈ ਇਹੋ ਜਿਹੀ ਜ਼ਹਿਰ ਹੋਵੇਗੀ, ਜੋ ਕਿਸੇ ਨੂੰ ਦੇਣ ਮਗਰੋਂ ਪਤਾ ਨਾ ਲੱਗੇ ? ” ਉਸ ਆਦਮੀ ਨੇ ਕੈਮਿਸਟ ਤੋਂ ਹੌਲ਼ੀ ਦੇਣੇ ਪੁੱਛਿਆ।
ਕੈਮਿਸਟ ਬਹੁਤ ਬੁੱਢਾ ਬੰਦਾ ਸੀ । ਉਸਨੇ ਆਪਣੇ ਗਾਹਕ ਵੱਲ ਬੜੇ ਧਿਆਨ ਨਾਲ਼ ਵੇਖਿਆ ਤੇ ਬੋਲਿਆ,” ਹਾਂ ਹੈ—ਹੈ ਕਿਉਂ ਨਹੀਂ ? ”
” ਤਾਂ ਫਿਰ ਇਕ ਖੁਰਾਕ ਬਣਾ ਦਿਓ ।”
” ਪਰ ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਕਿਸ ਦੀ ਹੱਤਿਆ ਕਰਨੀ ਚਾਹੁੰਦੇ ਹੋ ? ”
” ਹੱਤਿਆ ? ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਹੱਤਿਆ ਹੀ ਕਰਨੀ ਚਾਹੁੰਦਾ ਹਾਂ ? ”
” ਇਹਦੇ ਲਈ ਕਿਸੇ ਨੂੰ ਸ਼ਰਲਾਕ ਹੋਮਜ਼ ਹੋਣ ਦੀ ਲੋੜ ਨਹੀਂ ।ਆਤਮ-ਹੱਤਿਆ ਕਰਨ ਲਈ ਕੋਈ ਇਹੋ ਜਿਹੀ ਜ਼ਹਿਰ ਨਹੀਂ ਲੱਭਦਾ ਫਿਰਦਾ ।” ਬੁੱਢਾ ਹੱਸਿਆ ।
“ ਪਰ ਕੀ ਇਹ ਦੱਸਣਾ ਜ਼ਰੂਰੀ ਏ ਕਿ ਮੈਂ ਕਿਸ ਦੀ ਹੱਤਿਆ ਕਰਨੀ ਚਾਹੁੰਦਾ ਹਾਂ ? ”
” ਹਾਂ, ਜ਼ਰੂਰੀ ਏ, ਨਹੀਂ ਤਾਂ ਮੈਂ ਜ਼ਹਿਰ ਨਹੀਂ ਦਿਆਂਗਾ।”
” ਮੰਨ ਲਓ — ਮੈਂ ਆਪਣੀ ਪਤਨੀ ਦੀ ਹੱਤਿਆ ਕਰਨੀ ਚਾਹੁੰਦਾ ਹਾਂ ।”
” ਮੰਨ ਲੈਣ ਦੀ ਗੱਲ ਨਹੀਂ — ਹੱਤਿਆ ਵਰਗੀ ਗੰਭੀਰ ਗੱਲ ਨੂੰ ਕੇਵਲ ਮੰਨ ਲੈਣ ਨਾਲ਼ ਕੰਮ ਨਹੀਂ ਚਲਦਾ — ਠੀਕ-ਠੀਕ ਦੱਸੋ ।”
“ ਇਹ ਸਹੀ ਏ ਕਿ ਮੈਂ ਆਪਣੀ ਪਤਨੀ ਨੂੰ ਜ਼ਹਿਰ ਦੇਣੀ ਚਾਹੁੰਦਾ ਹਾਂ ।”
” ਉਫ ! — ਪਤਨੀ ਨੂੰ ! ! , ਇਸ ਉਮਰ ਵਿੱਚ ਸਭ ਇਹੀ ਚਾਹੁੰਦੇ ਨੇ ।” ਬੁੱਢੇ ਕੈਮਿਸਟ ਨੇ ਕਿਹਾ, ” ਆ ਜਾਓ ਅੰਦਰ ।”
ਆਦਮੀ ਅਧਖੜ ਉਮਰ ਦਾ ਸੀ, ਅੰਦਰ ਚਲਾ ਗਿਆ । ਬੁੱਢੇ ਨੇ ਉਸ ਨੂੰ ਬੈਠਣ ਲਈ ਇਕ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਬੋਲਿਆ , ” ਜਦੋਂ ਤੁਸੀਂ ਆਏ ਮੈਂ ਆਪਣੇ ਲਈ ਇਕ ਕੱਪ ਚਾਹ ਬਨਾਉਣ ਲੱਗਾ ਸਾਂ । ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਕ ਕੱਪ ਪੀ ਲੈਣਾ । ਸ਼ਾਇਦ ਚਾਹ ਪੀਣ ਨਾਲ਼ ਤੁਹਾਡਾ ਤਣਾਓ ਘਟ ਜਾਵੇ ।”
” ਠੀਕ ਏ , ਪੀ ਲਵਾਂਗਾ ।” ਭਾਵੀ ਹਤਿਆਰੇ ਨੇ ਗੱਲ ਨਾ ਵਧਾਉਣ ਦੀ ਗਰਜ ਨਾਲ਼ ਕਿਹਾ ।
ਥੋੜ੍ਹੀ ਦੇਰ ਮਗਰੋਂ ਬੁੱਢੇ ਨੇ ਉਸ ਅੱਗੇ ਚਾਹ ਦੀ ਪਿਆਲੀ ਰੱਖ ਦਿੱਤੀ । ਦੋਨੋਂ ਚੁੱਪਚਾਪ ਚਾਹ ਪੀਂਦੇ ਰਹੇ । ਚਾਹ ਖ਼ਤਮ ਕਰ ਕੇ ਉਸ ਆਦਮੀ ਨੇ ਕਾਹਲ਼ਾ ਪੈਂਦਿਆਂ ਕਿਹਾ , ” ਚੰਗਾ ਹੁਣ ਦੇਰ ਨਾ ਕਰੋ, ਮੈਨੂੰ ਉਹ ਖ਼ੁਰਾਕ ਦੇ ਦਿਓ । ਮੁੱਲ ਵੀ ਦੱਸ ਦਿਓ ।”
” ਪੰਜ ਸੌ ਰੁਪਏ ।”
” ਪੰਜ ਸੌ ਤਾਂ ਬਹੁਤ ਜ਼ਿਆਦਾ ਨੇ ।”
” ਮੈਂ ਸੌਦੇਬਾਜੀ ਵਿੱਚ ਨਹੀਂ ਪੈਂਦਾ। ਜੋ ਤੁਸੀਂ ਕਹਿੰਦੇ ਹੋ, ਉਸ ਲਈ ਇਹ ਬਹੁਤੀ ਕੀਮਤ ਨਹੀਂ ”
ਬੁੱਢਾ ਨਹੀਂ ਮੰਨੇਗਾ, ਇਹ ਸੋਚ ਕੇ ਗਾਹਕ ਨੇ ਪੰਜ ਸੌ ਰੁਪਏ ਗਿਣ ਦਿੱਤੇ ।
” ਲਿਆਓ— ਹੁਣ ਛੇਤੀ ਕਰੋ । ਮੈਨੂੰ ਦੇਰ ਹੋ ਰਹੀ ਏ। ਇਹ ਖੁਰਾਕ — ਮੇਰਾ ਮਤਲਬ ਕਿੰਨੀ ਦੇਰ ਵਿੱਚ ਅਸਰ ਕਰੇਗੀ ? ”
” ਤਿੰਨ ਘੰਟੇ ਵਿੱਚ ਕੰਮ ਤਮਾਮ ਹੋ ਜਾਵੇਗਾ ।”
” ਚੰਗਾ ਦਵੋ ।”
” ਉਹ ਤਾਂ ਮੈਂ ਦੇ ਚੁੱਕਿਆ ।”
” ਦੇ ਚੁੱਕਿਆ ? ਕੀ ?— ਕੀ ਮਤਲਬ ?”
” ਤੁਸੀਂ ਹੁਣੇ-ਹੁਣੇ ਜੋ ਚਾਹ ਪੀਤੀ ਹੈ, ਜ਼ਹਿਰ ਮੈਂ ਉਸ ਵਿੱਚ ਮਿਲਾ ਦਿੱਤੀ ਸੀ ।”
ਭਾਵੀ ਹਤਿਆਰਾ ਦੰਦ ਪੀਂਹਦਾ ਕੈਮਿਸਟ ਤੇ ਝਪਟਿਆ, ” ਮੈਂ ਤੇਰਾ ਖ਼ੂਨ ਪੀ ਜਾਵਾਂਗਾ ਸ਼ੈਤਾਨਾ ।”
” ਸੁਣੋ— ਮੈਨੂੰ ਮਾਰਨ ਦਾ ਕੋਈ ਫਾਇਦਾ ਨਹੀਂ , ਮੈਂ ਜੋ ਜ਼ਹਿਰ ਦਿੱਤੀ ਏ , ਉਹ ਤਿੰਨ ਘੰਟੇ ‘ਚ ਆਪਣਾ ਕੰਮ ਕਰੇਗੀ । ਜੇ ਮੈਨੂੰ ਮਾਰ ਦੇਵੋਗੇ ਤਾਂ ਤਿੰਨ ਘੰਟੇ ਤੱਕ ਤੁਸੀਂ ਜ਼ਰੂਰ ਮਰ ਜਾਵੋਗੇ ।”
” ਪਰ, ਮੈਂ ਤੈਨੂੰ ਮਾਰ ਕੇ ਮਰਾਂਗਾ ।” ਉਹ ਫਿਰ ਕੈਮਿਸਟ ਤੇ ਝਪਟਿਆ ।
” ਫੇਰ ਤੈਨੂੰ ਉਸ ਜ਼ਹਿਰ ਦੀ ਕਾਟ ਕੌਣ ਦੱਸੇਗਾ,ਜੋ ਮੈਂ ਦਿੱਤੀ ਹੈ ?”
ਉਸ ਦੇ ਹੱਥ ਰੁਕ ਗਏ ਤੇ ਬੋਲਿਆ ,” ਕਾਟ ?”
” ਹਾਂ ਕਾਟ— ਕਿਉਂ ਨਹੀਂ ? ਆਖ਼ਿਰ ਮੈਂ ਕੈਮਿਸਟ ਹਾਂ ।”
” ਚੰਗਾ ਫਿਰ ਛੇਤੀ ਦਿਓ— ਮੇਰਾ ਗਲ਼ਾ ਸੁੱਕ ਰਿਹਾ ਏ — ਮੇਰੀ ਜੀਭ ਮੁੜ ਰਹੀ ਏ ।”
” ਠਹਿਰੋ ਜ਼ਰਾ— ਐਨੀ ਜਲਦੀ ਵਾਲ਼ੀ ਕੋਈ ਗੱਲ ਨਹੀਂ — ਤਿੰਨ ਘੰਟੇ ਦਾ ਸਮਾਂ ਆਪਣੇ ਕੋਲ਼ ਹੈ । ਐਨੇ ਕੁ ਸਮੇਂ ਵਿੱਚ ਮੈਂ ਜ਼ਹਿਰ ਦਾ ਅਸਰ ਖ਼ਤਮ ਕਰਨ ਲਈ ਤੁਹਾਡੇ ਵਾਸਤੇ ਦਵਾਈ ਬਣਾ ਦਿਆਂਗਾ, ਪਰ ਪਹਿਲਾਂ ਮੇਰੀ ਇਕ ਸ਼ਰਤ ਹੈ।”
“ਕਿਹੜੀ ਸ਼ਰਤ ? ”
” ਇਸ ਦਵਾਈ ਦੇ ਦੁੱਗਣੇ ਪੈਸੇ ਲੱਗਣਗੇ ।”
ਭਾਵੀ ਹਤਿਆਰਾ ਫਿਰ ਦੰਦ ਪੀਹਣ ਲੱਗਾ ਤੇ ਕੈਮਿਸਟ ਉੱਤੇ ਝਪਟਿਆ ।
” ਮੈਨੂੰ ਮਾਰਨ ਦਾ ਕੋਈ ਫਾਇਦਾ ਨਹੀਂ, ਤੈਨੂੰ ਦਵਾਈ ਨਹੀਂ ਮਿਲ ਸਕੇਗੀ ।”
” ਮੈਂ ਆਪ ਹੀ ਲੱਭ ਲਵਾਂਗਾ ਦਵਾਈ ।”
” ਇਨ੍ਹਾਂ ਹਜ਼ਾਰਾਂ ਸ਼ੀਸ਼ੀਆਂ ਵਿੱਚੋਂ ? ” ਕੈਮਿਸਟ ਠਹਾਕਾ ਮਾਰ ਕੇ ਹੱਸਿਆ ।
” ਤੁਸੀਂ ਸਾਰੀ ਉਮਰ ਨਹੀਂ ਲੱਭ ਸਕੋਗੇ ਤੇ ਇਹ ਉਮਰ ਸਿਰਫ਼ ਤਿੰਨ ਘੰਟੇ ਹੈ ।”
ਭਾਵੀ ਹਤਿਆਰਾ ਪਸੀਨੇ ਨਾਲ਼ ਗੱਚ ਹੋ ਗਿਆ । ਬੇਵਸ ਹੋ ਕੇ ਉਸ ਨੇ ਹਜ਼ਾਰ ਰੁਪਏ ਗਿਣੇ ।
” ਇਕ ਗੱਲ ਹੋਰ ।”
” ਉਹ ਕੀ ? ”
” ਤੁਹਾਨੂੰ ਇਕ ਕਨਫੈਸ਼ਨ— ਭਾਵ ਹਲਫੀਆ ਬਿਆਨ ਲਿਖਣਾ ਹੋਵੇਗਾ ਕਿ ਤੁਸੀਂ ਆਪਣੀ ਪਤਨੀ ਦੀ ਹੱਤਿਆ ਕਰਨ ਲਈ ਜ਼ਹਿਰ ਖ੍ਰੀਦਣ ਮੇਰੇ ਕੋਲ਼ ਆਏ ਸੀ । ਫਿਰ ਉਸ ਉੱਤੇ ਦਸਤਖ਼ਤ ਕਰ ਕੇ ਉਂਗਲ਼ੀਆਂ ਦੇ ਨਿਸ਼ਾਨ ਵੀ ਲਾਉਣੇ ਪੈਣਗੇ ਤਾਂ ਕਿ ਜੇ ਭਵਿੱਖ ਵਿੱਚ ਤੁਹਾਡੀ ਪਤਨੀ ਦੀ ਹੱਤਿਆ ਹੋਵੇ ਤਾਂ ਮੈਂ ਤੁਹਾਨੂੰ ਪੁਲ਼ਸ ਹਵਾਲੇ ਕਰ ਸਕਾਂ ।”
ਉਸ ਆਦਮੀ ਨੂੰ ਫਿਰ ਕੈਮਿਸਟ ਤੇ ਗੁੱਸਾ ਆਉਣ ਲੱਗਾ । ਇਹੋ ਜਿਹਾ ਬਕਵਾਸ ਬੰਦਾ ਤਾਂ ਉਸ ਨੇ ਜ਼ਿੰਦਗੀ ਭਰ ਨਹੀਂ ਸੀ ਵੇਖਿਆ । ਪਰ ਆਪਣੀ ਜਾਨ ਦੀ ਕੀਮਤ ਹਮੇਸ਼ਾ ਦੂਜਿਆਂ ਦੀ ਜਾਨ ਨਾਲ਼ੋਂ ਵੱਧ ਹੁੰਦੀ ਹੈ । ਹੁਣ ਉਸ ਦੀ ਜ਼ੁਬਾਨ ਬੁਰੀ ਤਰ੍ਹਾਂ ਕੰਬ ਰਹੀ ਸੀ ਤੇ ਅੱਖਾਂ ਤੋਂ ਜਿਵੇਂ ਵਿਖਾਈ ਵੀ ਘੱਟ ਦੇਣ ਲੱਗਾ ਸੀ । ਬੇਵਸ ਹੋ ਕੇ ਉਸ ਨੇ ਕੈਮਿਸਟ ਦੀ ਇਹ ਸ਼ਰਤ ਵੀ ਮੰਨ ਲਈ । ਕੈਮਿਸਟ ਤੋਂ ਹੀ ਕਾਗਜ਼ ਲੈ ਕੇ ਉਸ ਨੇ ਹਲਫੀਆ ਬਿਆਨ ਲਿਖਿਆ । ਦਸਤਖ਼ਤ ਕੀਤੇ ਤੇ ਉਂਗਲ਼ੀਆਂ ਦੇ ਨਿਸ਼ਾਨ ਵੀ ਲਾ ਦਿੱਤੇ ।
” ਹੁਣ ਦਵਾਈ ਛੇਤੀ ਦਿਓ ।”
” ਹਾਂ-ਹਾਂ।” ਕੈਮਿਸਟ ਨੇ ਉਸ ਵੱਲ ਇਕ ਸ਼ੀਸ਼ੀ ਵਧਾਉਂਦਿਆਂ ਕਿਹਾ , “ਆਹ ਲਓ ਸਾਦੇ ਪਾਣੀ ਦੀ ਸ਼ੀਸ਼ੀ “।
” ਸਾਦਾ ਪਾਣੀ ? ਇਹ ਕੀ ਮਜ਼ਾਕ ਹੈ ? ”
” ਦਰਅਸਲ ਮੈਂ ਤੁਹਾਨੂੰ ਕੋਈ ਜ਼ਹਿਰ ਦਿੱਤੀ ਹੀ ਨਹੀਂ । ਪਰ ਇਹ ਮਜ਼ਾਕ ਨਹੀਂ । ਮੈਂ ਜ਼ਹਿਰ ਦੇਣ ਦੇ ਨਹੀਂ , ਸਗੋਂ ਆਦਮੀ ਦੀ ਅੰਦਰਲੀ ਜ਼ਹਿਰ ਕੱਢਣ ਦੇ ਪੈਸੇ ਲੈਂਦਾ ਹਾਂ ।”
ਭਾਵੀ ਹਥਿਆਰੇ ਨੇ , ਜੋ ਹੁਣ ਹਤਿਆਰਾ ਨਹੀਂ ਸੀ , ਸ਼ੀਸ਼ੀ ਜ਼ਮੀਨ ਤੇ ਪਟਕਾ ਮਾਰੀ । ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲ਼ਿਆ ਉਸ ਨੂੰ ਕੈਮਿਸਟ ਦੀ ਆਵਾਜ਼ ਸੁਣਾਈ ਦਿੱਤੀ , ” ਸੁਣੋ — ਆਪਣੀ ਪਤਨੀ ਨੂੰ ਮੇਰਾ ਪਤਾ ਜ਼ਰੂਰ ਦੱਸ ਦੇਣਾ । ਹੋ ਸਕਦਾ ਹੈ, ਤੁਹਾਡੇ ਵਰਗੀ ਜ਼ਹਿਰ ਉਸ ਵਿੱਚ ਵੀ ਭਰੀ ਹੋਵੇ ।
***
ਲੇਖਕ : ਰਮਾ ਕਾਂਤ
ਅਨੁਵਾਦਕ : ਗੁਰਦਿਆਲ ਦਲਾਲ

-9814185363
Share this content:



Post Comment