ਰੂਸ ਨੇ ਯੂਕਰੇਨ ਦੇ ਫੌਜੀ ਤੇ ਊਰਜਾ ਠਿਕਾਣਿਆਂ ’ਤੇ ਕੀਤੇ ਭਿਆਨਕ ਹਮਲੇ, 11 ਦੀ ਮੌਤ
ਮਾਸਕੋ, 7 ਅਕਤੂਬਰ – ਰੂਸ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀਆਂ ਫੌਜਾਂ ਨੇ ਕੀਵ ਤੇ ਯੂਕਰੇਨ ਦੇ ਕਈ ਹੋਰ ਇਲਾਕਿਆਂ ’ਚ ਫੌਜੀ-ਉਦਯੋਗਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟੀਕ ਹਥਿਆਰਾਂ ਤੇ ਡਰੋਨਾਂ ਨਾਲ ਜ਼ਬਰਦਸਤ ਹਮਲੇ ਕੀਤੇ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ’ਚ ਜ਼ਮੀਨ, ਸਮੁੰਦਰ ਤੇ ਹਵਾ ਤੋਂ ਦਾਗੇ ਜਾਣ ਵਾਲੇ ਹਥਿਆਰਾਂ ਦੇ ਨਾਲ-ਨਾਲ ਡਰੋਨਾਂ ਦੀ ਵੀ ਵਰਤੋਂ ਕੀਤੀ ਗਈ। ਮੰਤਰਾਲੇ ਮੁਤਾਬਕ, ਹਮਲਿਆਂ ’ਚ ਕੀਵ ’ਚ ਫਾਇਰ ਪੌਇੰਟ ਵੱਲੋਂ ਚਲਾਏ ਜਾਂਦੇ ਠਿਕਾਣੇ ਵੀ ਸ਼ਾਮਲ ਸਨ, ਜਿੱਥੇ ਕਥਿਤ ਤੌਰ ’ਤੇ ਫਲੇਮਿੰਗੋ ਕਰੂਜ਼ ਮਿਜ਼ਾਈਲਾਂ ਤੇ ਮੱਧਮ ਤੇ ਲੰਬੀ ਦੂਰੀ ਦੇ ਡਰੋਨ ਬਣਾਏ ਤੇ ਰੱਖੇ ਜਾਂਦੇ ਹਨ।
ਕਿਹੜੇ ਇਲਾਕਿਆਂ ’ਚ ਕੀਤੇ ਗਏ ਹਮਲੇ?
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਮੰਤਰਾਲੇ ਨੇ ਕਿਹਾ ਕਿ ਕੀਵ, ਚੇਰਨਿਹੀਵ, ਕਿਰੋਵੋਹਰਾਦ, ਦਨੀਪ੍ਰੋਪੇਤ੍ਰੋਵਸਕ, ਪੋਲਤਾਵਾ ਤੇ ਖਾਰਕੀਵ ਇਲਾਕਿਆਂ ’ਚ ਵੀ ਫੌਜੀ-ਉਦਯੋਗਿਕ ਠਿਕਾਣਿਆਂ ’ਤੇ ਹਮਲੇ ਕੀਤੇ ਗਏ।
ਰਿਪੋਰਟ ਮੁਤਾਬਕ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਨੇ ਕਿਹਾ ਕਿ ਦੇਸ਼ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 70 ਮਿਜ਼ਾਈਲਾਂ ਤੇ ਡਰੋਨ ਦਾਗੇ ਗਏ।
ਹਮਲਿਆਂ ’ਚ 11 ਲੋਕਾਂ ਦੀ ਮੌਤ
ਪੂਰੇ ਯੂਕਰੇਨ ’ਚ ਹੋਏ ਇਨ੍ਹਾਂ ਹਮਲਿਆਂ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਜ਼ੇਲੈਂਸਕੀ ਨੇ ਊਰਜਾ ਬੁਨਿਆਦੀ ਢਾਂਚੇ ਨੂੰ ਮੁੱਖ ਨਿਸ਼ਾਨਿਆਂ ’ਚੋਂ ਇੱਕ ਦੱਸਿਆ ਤੇ ਰੂਸ ’ਤੇ ਦੋਸ਼ ਲਗਾਇਆ ਕਿ ਉਹ ਇਨ੍ਹਾਂ ਹਮਲਿਆਂ ਰਾਹੀਂ ਭਾਰੀ ਨੁਕਸਾਨ ਪਹੁੰਚਾਉਣ ਤੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਇੱਕ ਪੋਸਟ ’ਚ ਕਿਹਾ, “ਸਾਡੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਮੁੱਖ ਉਦੇਸ਼ਾਂ ਵਿੱਚੋਂ ਇੱਕ ਸੀ। ਰੂਸੀ ਫੌਜ ਦਰਦਨਾਕ ਤੇ ਦਿਖਾਵਟੀ ਹਮਲਾ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਰੂਸੀ ਬੈਲਿਸਟਿਕ ਮਿਜ਼ਾਈਲਾਂ ਯੂਕਰੇਨ ਲਈ ਸਭ ਤੋਂ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ।
Share this content:



Post Comment