Loading Now

ਏ ਸੀ ਪੀ ‘ਤੇ ਪੱਤਰਕਾਰ ਦੀਆਂ ਛਾਤੀਆਂ ਨੂੰ ਹੱਥ ਪਾਉਣ ਦਾ ਦੋਸ਼

ਏ ਸੀ ਪੀ ‘ਤੇ ਪੱਤਰਕਾਰ ਦੀਆਂ ਛਾਤੀਆਂ ਨੂੰ ਹੱਥ ਪਾਉਣ ਦਾ ਦੋਸ਼

ਨਵੀਂ ਦਿੱਲੀ, 5 ਅਕਤੂਬਰ – ਜੰਤਰ-ਮੰਤਰ ‘ਤੇ 3 ਅਕਤੂਬਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਤਿੰਨ ਮਹਿਲਾ ਪੱਤਰਕਾਰਾਂ ਵੱਲੋਂ ਡਿਊਟੀ ‘ਤੇ ਤੈਨਾਤ ਪੁਲਸ ਅਧਿਕਾਰੀ ਏ ਸੀ ਪੀ ਵਿਵੇਕ ਭਗਤ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਗਏ ਹਨ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਜ਼ਿਲ੍ਹਾ ਪੁਲਸ ਨੇ ਇਹ ਸ਼ਿਕਾਇਤਾਂ ਦਿੱਲੀ ਪੁਲਸ ਦੀ ਕਰਾਈਮ ਬਰਾਂਚ (ਅਪਰਾਧ ਸ਼ਾਖਾ) ਨੂੰ ਤਬਦੀਲ ਕਰ ਦਿੱਤੀਆਂ ਹਨ | ਦਿਲਚਸਪ ਗੱਲ ਹੈ ਕਿ ਮਾਮਲਾ ਠੰਢਾ ਕਰਨ ਲਈ ਭਗਤ ਦਾ ਤਬਾਦਲਾ ਵੀ ਕਰਾਈਮ ਬਰਾਂਚ ਕਰ ਦਿੱਤਾ ਗਿਆ ਹੈ | ਇੱਕ ਮਹਿਲਾ ਪੱਤਰਕਾਰ ਨੇ ਏ ਸੀ ਪੀ ‘ਤੇ ਛਾਤੀਆਂ ਨੂੰ ਹੱਥ ਪਾਉਣ ਦਾ ਦੋਸ਼ ਲਾਇਆ ਹੈ | ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਤਾਇਨਾਤ ਪੁਲੀਸ ਵਾਲਿਆਂ ਖ਼ਿਲਾਫ਼ ਮਹਿਲਾ ਪੱਤਰਕਾਰਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ | ਪਾਰਦਰਸ਼ੀ ਜਾਂਚ ਲਈ ਇਹ ਮਾਮਲਾ ਕਰਾਈਮ ਬਰਾਂਚ ਨੂੰ ਸੌਂਪਿਆ ਗਿਆ ਹੈ, ਜੋ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਸ਼ਿਕਾਇਤਕਰਤਾ ਮਹਿਲਾ ਪੱਤਰਕਾਰਾਂ ਸਮੇਤ ਸੰਬੰਧਤ ਵਿਅਕਤੀਆਂ ਦੇ ਬਿਆਨ ਕਲਮਬੱਧ ਕਰੇਗੀ |

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ | ਉਨ੍ਹਾ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਜੰਤਰ-ਮੰਤਰ ‘ਤੇ ਮਹਿਲਾ ਪੱਤਰਕਾਰ ਨੇ ਪੁਲਸ ਅਧਿਕਾਰੀ ‘ਤੇ ਬਦਸਲੂਕੀ ਦੇ ਦੋਸ਼ ਲਾਏ ਹਨ ਅਤੇ ਸੈਂਕੜੇ ਪੱਤਰਕਾਰ ਘੰਟਿਆਂ ਤੋਂ ਸਿਰਫ਼ ਐੱਫ ਆਈ ਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ, ਪਰ ਪੁਲਸ ਆਪਣੀ ਮੁਢਲੀ ਜ਼ਿੰਮੇਵਾਰੀ ਤੋਂ ਵੀ ਭੱਜ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀ ਮਹਿਲਾਵਾਂ ਨਾਲ ਦੁਰਵਿਹਾਰ ਕੀਤਾ ਗਿਆ, ਕੈਮਰੇ ਖੋਹੇ ਗਏ ਅਤੇ ਪੱਤਰਕਾਰਾਂ ਨੂੰ ਧੂਹਿਆ ਗਿਆ | ਰਾਹੁਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਦਿੱਲੀ ਦੀਆਂ ਮਹਿਲਾਵਾਂ ਅਤੇ ਵਿਦਿਆਰਥਣਾਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਪਰ ਜਿਸ ਦਿੱਲੀ ਪੁਲਸ ‘ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੈ, ਉਹੀ ਮਹਿਲਾਵਾਂ ‘ਤੇ ਹੱਥ ਚੁੱਕ ਰਹੀ ਹੈ | ਮਹਿਲਾ ਦੀ ਸ਼ਿਕਾਇਤ ਦਰਜ ਕਰਨ ਤੋਂ ਡਰਨ ਵਾਲੀ ਸਰਕਾਰ ਆਖ਼ਰ ਕਿਸ ਦੀ ਹਿਫ਼ਾਜ਼ਤ ਕਰ ਰਹੀ ਹੈ? ਦਿੱਲੀ ਪੁਲਸ ਗ੍ਰਹਿ ਮੰਤਰਾਲੇ ਅਧੀਨ ਆਉਂਦੀ ਹੈ, ਇਸ ਲਈ ਅਮਿਤ ਸ਼ਾਹ ਜੀ ਨੂੰ ਹੀ ਜਵਾਬ ਦੇਣਾ ਪਵੇਗਾ |”ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਵੀ ਬਿਆਨ ਜਾਰੀ ਕਰਕੇ ਪੁਲਸ ਕਾਰਵਾਈ ਅਤੇ ਜੰਤਰ-ਮੰਤਰ ਦੇ ਆਸ-ਪਾਸ ਇੰਟਰਨੈੱਟ ਸੇਵਾਵਾਂ ਠੱਪ ਕਰਨ ਦੇ ਫੈਸਲੇ ‘ਤੇ ਡੂੰਘੀ ਚਿੰਤਾ ਤੇ ਦੁੱਖ ਪ੍ਰਗਟਾਇਆ ਹੈ |

Share this content:

Post Comment