ਬੁੱਧ ਬਾਣ :ਪਵਨ ਦਾ ਰੁਦਨ ਤੇ ਦੀਪ ਦਾ ਹਨੇਰਾ!/ਬੁੱਧ ਸਿੰਘ ਨੀਲੋਂ
ਬੁੱਧ ਬਾਣ
ਪਵਨ ਦਾ ਰੁਦਨ ਤੇ ਦੀਪ ਦਾ ਹਨੇਰਾ!
ਦੀਵੇ ਦਾ ਕੰਮ ਹਨੇਰਾ ਦੂਰ ਕਰਨਾ ਹੁੰਦਾ ਹੈ। ਪਰ ਜੇ ਦੀਵੇ ਵਿੱਚ ਤੇਲ ਨਾ ਹੋਵੇ ਤਾਂ ਉਹ ਕੁਝ ਪਲ ਭੜਕ ਕੇ ਬੁੱਝ ਜਾਂਦਾ ਹੈ ਅਤੇ ਹਨੇਰਾ ਹੋਰ ਗਾੜ੍ਹਾ ਜਾਪਣ ਲੱਗ ਪੈਂਦਾ ਹੈ। ਚਾਨਣ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਨਹੀਂ ਕਿ ਹਨੇਰਾ ਕਿੰਨਾ ਹੈ; ਮੁਸ਼ਕਲ ਇਹ ਹੈ ਕਿ ਦੀਵੇ ਵਿੱਚ ਤੇਲ ਕਿੰਨਾ ਬਚਿਆ ਹੈ।
ਜਿਹੜੇ ਚਾਹੁੰਦੇ ਹਨ ਕਿ ਕਾਲੀ ਬੋਲੀ ਰਾਤ ਹੋਵੇ, ਉਹ ਚੁੱਪ-ਚੁਪੀਤੇ ਆਪਣਾ ਕੰਮ ਕਰਨਾ ਚਾਹੁੰਦੇ ਹਨ। ਚਾਨਣ ਹੋਵੇਗਾ ਤਾਂ ਪਰਛਾਵੇਂ ਵੀ ਨਜ਼ਰ ਆਉਣਗੇ, ਪੈਰਾਂ ਦੇ ਨਿਸ਼ਾਨ ਵੀ ਦਿਸਣਗੇ ਅਤੇ ਹੱਥਾਂ ਦੀਆਂ ਕਰਤੂਤਾਂ ਵੀ ਸਾਹਮਣੇ ਆਉਣਗੀਆਂ। ਇਸ ਲਈ ਹਨੇਰਾ ਕਈਆਂ ਲਈ ਸਿਰਫ਼ ਕੁਦਰਤੀ ਹਾਲਤ ਨਹੀਂ, ਸਹੂਲਤ ਵੀ ਹੁੰਦਾ ਹੈ।
ਉਂਝ ਹਰ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਹੈ। ਗੱਲ ਸਬਰ ਤੇ ਜੁਗਤ ਦੀ ਹੁੰਦੀ ਹੈ। ਜੁਗਤੀ ਬੰਦਾ ਚੁਸਤ ਹੁੰਦਾ ਹੈ। ਉਹ ਮੌਕਾ ਤੱਕਦਾ ਹੈ, ਹਵਾ ਦਾ ਰੁਖ ਪਛਾਣਦਾ ਹੈ ਤੇ ਫਿਰ ਦਾਅ ਲਾਉਂਦਾ ਹੈ। ਪਰਦੇ ਪਿੱਛੇ ਤਾਂ ਸਾਰੇ ਸਾਧ ਹੁੰਦੇ ਹਨ; ਅਸਲੀਅਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਪਾੜ ਉੱਤੇ ਫੜਿਆ ਜਾਂਦਾ ਹੈ।
ਕਹਿੰਦੇ ਨੇ ਕਿ ਚੋਰ ਦੀ ਦਾੜ੍ਹੀ ਵਿੱਚ ਤਿਣਕਾ।
ਚੋਰੀ ਕੱਖ ਦੀ ਹੋਵੇ ਜਾਂ ਲੱਖ ਦੀ, ਚੋਰੀ ਤਾਂ ਚੋਰੀ ਹੁੰਦੀ ਹੈ। ਫ਼ਰਕ ਸਿਰਫ਼ ਰਕਮ ਦਾ ਹੁੰਦਾ ਹੈ, ਨੀਤ ਦਾ ਨਹੀਂ। ਨੀਤ ਸਾਫ਼ ਹੋਵੇ ਤਾਂ ਥੋੜ੍ਹੇ ਵਿੱਚ ਵੀ ਬੰਦਾ ਰੱਜ ਜਾਂਦਾ ਹੈ; ਨੀਤ ਵਿੱਚ ਖੋਟ ਹੋਵੇ ਤਾਂ ਲੱਖਾਂ ਵੀ ਥੋੜ੍ਹੇ ਲੱਗਦੇ ਹਨ।
ਢਿੱਡ ਅੰਨ ਤੇ ਧਨ ਨਾਲ ਹੀ ਨਹੀਂ ਭਰਦਾ, ਨੀਤ ਨਾਲ ਵੀ ਭਰਦਾ ਹੈ। ਇਸੇ ਕਰਕੇ ਆਖਿਆ ਗਿਆ ਹੈ ਕਿ ਮਨ ਜੀਤੇ ਜਗੁ ਜੀਤੁ।
ਜਿਹੜਾ ਬੰਦਾ ਆਪਣੇ ਮਨ, ਲਾਲਚ ਤੇ ਭਾਵਨਾਵਾਂ ਉੱਤੇ ਪਹਿਰਾ ਦੇ ਲੈਂਦਾ ਹੈ, ਉਹ ਹਮੇਸ਼ਾ ਹਿੱਕ ਤਾਣ ਕੇ ਤੁਰਦਾ ਹੈ। ਪਰ ਜਿਸ ਦੀ ਭੁੱਖ ਸਿਰਫ਼ ਇਨਾਮ ਦੀ ਹੋਵੇ, ਉਸ ਲਈ ਪੰਜ ਰੁਪਏ ਵੀ ਘੱਟ ਹਨ ਤੇ ਦਸ ਲੱਖ ਵੀ। ਜੀਹਦਾ ਢਿੱਡ ਪੰਜ ਰੁਪਏ ਦੇ ਇਨਾਮ ਨਾਲ ਨਹੀਂ ਭਰਿਆ, ਉਹ ਦਸ ਲੱਖ ਨਾਲ ਵੀ ਨਹੀਂ ਭਰਨਾ। ਕਿਉਂਕਿ ਮਸਲਾ ਰਕਮ ਦਾ ਨਹੀਂ, ਲਾਲਚ ਦੀ ਹੱਦ ਦਾ ਹੈ।
ਜਦੋਂ ਕੋਈ ਤੁਹਾਨੂੰ ਸ਼ੀਸ਼ਾ ਵਿਖਾਉਣ ਦਾ ਯਤਨ ਕਰਦਾ ਹੈ ਤਾਂ ਕਈ ਵਾਰ ਬੰਦਾ ਆਪਣਾ ਮੂੰਹ ਵੇਖਣ ਦੀ ਥਾਂ ਸ਼ੀਸ਼ੇ ਵਿੱਚ ਨੁਕਸ ਕੱਢਣ ਲੱਗ ਪੈਂਦਾ ਹੈ। ਸ਼ੀਸ਼ਾ ਭਾਵੇਂ ਕਿੰਨਾ ਸਾਫ਼ ਹੋਵੇ, ਚਿਹਰਾ ਆਪਣਾ ਹੀ ਹੁੰਦਾ ਹੈ।
ਮੂੰਹ ਧੋਣ ਨਾਲ ਰੂਹ ਦੀ ਮੈਲ ਨਹੀਂ ਉਤਰਦੀ। ਗੰਗਾ ਵਿੱਚ ਨਹਾਉਣ ਨਾਲ ਪਾਪ ਨਹੀਂ ਧੁਲਦੇ। ਪਾਣੀ ਸਰੀਰ ਸਾਫ਼ ਕਰ ਸਕਦਾ ਹੈ, ਪਰ ਨੀਤ ਦੀ ਮੈਲ ਲਈ ਅੰਦਰਲੀ ਧੁਲਾਈ ਚਾਹੀਦੀ ਹੈ।
“ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਓ ਕੇ ਪਾਪ ਧੋਂਦੇ ਧੋਂਦੇ।”
ਪਰ ਅਸਲ ਸਵਾਲ ਇਹ ਹੈ ਕਿ ਗੰਗਾ ਮੈਲੀ ਹੋਈ ਜਾਂ ਉਸ ਵਿੱਚ ਆਪਣਾ ਮੈਲ ਸੁੱਟਣ ਵਾਲੇ ਨਹੀਂ ਬਦਲੇ?
ਪੁਰਸਕਾਰ ਤੇ ਮੌਤ ਵਿਚਲਾ ਫ਼ਾਸਲਾ ਕਈ ਵਾਰ ਸਾਲਾਂ ਦਾ ਨਹੀਂ ਹੁੰਦਾ। ਕਈ ਵਾਰ ਉਹ ਪਲ ਦਾ ਹੁੰਦਾ ਹੈ, ਜਦੋਂ ਪੁਰਸਕਾਰ ਹਥਿਆਉਣ ਲਈ ਖਿਡਾਰੀਆਂ ਦੇ ਨਾਮ ਹੀ ਬਦਲ ਦਿੱਤੇ ਜਾਣ।
ਪਤੀ ਦੀ ਥਾਂ ਪਤਨੀ। ਪ੍ਰਧਾਨ ਦੀ ਥਾਂ ਸਕੱਤਰ। ਸਲਾਹਕਾਰ ਕਮੇਟੀ ਦੇ ਉੱਪਰ ਆਪਣਾ ਪੱਥਰ। ਘਰਵਾਲੇ ਨੇ ਪਤਨੀ ਨੂੰ ਸ਼੍ਰੋਮਣੀ ਆਲੋਚਕ ਬਣਾ ਦਿੱਤਾ। ਅਗਲੇ ਪੜਾਅ ਵਿੱਚ ਪਤਨੀ ਨੇ ਪਤੀ ਨੂੰ ਸ਼੍ਰੋਮਣੀ ਲੇਖਕ ਬਣਾ ਦਿੱਤਾ। ਇਸ ਨੂੰ ਕਹਿੰਦੇ ਹਨ ਕਿ ਜੁਗਤ!
ਪਰ ਜੁਗਤ ਅਤੇ ਜੁਗਾੜ ਵਿੱਚ ਬਹੁਤ ਬਾਰੀਕ ਫ਼ਰਕ ਹੁੰਦਾ ਹੈ। ਜੁਗਤ ਕਾਬਲੀਅਤ ਨੂੰ ਰਾਹ ਦਿੰਦੀ ਹੈ, ਜੁਗਾੜ ਕਈ ਵਾਰ ਕਾਬਲੀਅਤ ਦੀ ਥਾਂ ਰਿਸ਼ਤੇ ਨੂੰ ਬਿਠਾ ਦਿੰਦਾ ਹੈ। ਫਿਰ ਸਵਾਲ ਇਹ ਨਹੀਂ ਰਹਿੰਦਾ ਕਿ ਕੌਣ ਯੋਗ ਹੈ? ਫਿਰ ਸਵਾਲ ਇਹ ਬਣ ਜਾਂਦਾ ਹੈ ਕਿ ਕਿਸ ਦੀ ਵਾਰੀ ਹੈ?
ਤੁਹਾਨੂੰ ਯਾਦ ਹੋਵੇਗਾ, ਪੰਜਾਬੀ ਟ੍ਰਿਬਿਊਨ ਦੇ ਭਲੇ ਵੇਲਿਆਂ ਵਿੱਚ ਦਲਬੀਰ ਸਿੰਘ ‘ਜਗਤ ਤਮਾਸ਼ਾ’ ਕਾਲਮ ਲਿਖਿਆ ਕਰਦੇ ਸਨ। ਸਮਾਂ ਬਦਲ ਗਿਆ, ਅਖਾੜੇ ਬਦਲ ਗਏ, ਪਾਤਰ ਬਦਲ ਗਏ; ਪਰ ਜਗਤ ਦਾ ਤਮਾਸ਼ਾ ਅਜੇ ਮੁੱਕਿਆ ਨਹੀਂ।
ਹੁਣ ਫ਼ਰਕ ਸਿਰਫ਼ ਇੰਨਾ ਹੈ ਕਿ ਪਹਿਲਾਂ ਤਮਾਸ਼ਾ ਪੜ੍ਹਿਆ ਜਾਂਦਾ ਸੀ, ਅੱਜ ਤਮਾਸ਼ਾ ਲਾਈਵ ਵੇਖਿਆ ਜਾਂਦਾ ਹੈ। ਤੇ ਦੀਵਾ? ਦੀਵਾ ਅਜੇ ਵੀ ਬਲ ਰਿਹਾ ਹੈ ਪਰ ਸਵਾਲ ਇਹ ਹੈ ਕਿ ਉਸ ਵਿੱਚ ਤੇਲ ਕੌਣ ਪਾ ਰਿਹਾ ਹੈ ਤੇ ਉਸ ਨੂੰ ਬੁਝਾਉਣ ਲਈ ਹਵਾ ਕੌਣ ਕਰ ਰਿਹਾ ਹੈ? ਮੇਰਾ ਮਕਸਦ ਕਿਸੇ ਦਾ ਦੀਵਾ ਬੁਝਾਉਣਾ ਨਹੀਂ; ਹਨੇਰੇ ਵਿੱਚ ਦੀਵੇ ਦੀ ਅਸਲੀ ਕੀਮਤ ਪਛਾਣਨਾ ਹੈ।
ਪਵਨ ਜਦੋਂ ਝੱਖੜ ਵਾਂਗੂੰ ਵਗਣ ਦੀ ਵਜਾਏ ਰੁਦਨ ਕਰਨ ਲੱਗੇ ਤਾਂ ਇੰਦਰ ਦੇਵਤਾ ਵੀ ਉਦਾਸ ਹੋ ਜਾਂਦਾ ਹੈ। ਜੇਕਰ ਤੁਸੀਂ ਹੀ ਮੀਂਹ ਪਾਉਣਾ ਹੈ ਫੇਰ ਮੇਰੀ ਕੀ ਲੋੜ ਹੈ।
ਜਦੋਂ ਕੋਈ ਕਿਸੇ ਦੇ ਮਰਨ ਆਪਣੇ ਹੋਏ ਨੁਕਸਾਨ ਗਿਣਤੀ ਕਰਨ ਲੱਗੇ ਤਾਂ, ਹਨੇਰਾ ਪੈਦਾ ਹੁੰਦਾ ਹੈ। ਹਨੇਰੇ ਦੇ ਵਪਾਰੀਆਂ ਦੀਆਂ ਗੱਲਾਂ ਸੁਣ ਕੇ ਬੰਦਾ ਕੰਧ ਨਾਲ ਟੱਕਰ ਮਾਰਨ ਲੱਗਦਾ ਹੈ।
ਜੈ ਹੋ ਸ਼੍ਰੋਮਣੀ ਪੁਰਸਕਾਰ ਤੇ ਸਾਹਿਤ ਰਤਨ ਦੀ!
++++
ਬੁੱਧ ਸਿੰਘ ਨੀਲੋਂ
9464370823
Share this content:



Post Comment