Loading Now

Cipla ਦੇ ਗੁਦਾਮ ਦਾ ਦਵਾਈ ਲਾਇਸੈਂਸ ਰੱਦ

Cipla ਦੇ ਗੁਦਾਮ ਦਾ ਦਵਾਈ ਲਾਇਸੈਂਸ ਰੱਦ

ਮੁੰਬਈ, 3 ਅਕਤੂਬਰ – ਮਹਾਰਾਸ਼ਟਰ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਨੇ ਪੁਣੇ ਦੇ ਵਾਡਕੀ ਸਥਿਤ ਸਿਪਲਾ ਫਾਰਮਾ ਐਂਡ ਲਾਈਫ ਸਾਇੰਸਿਜ਼ ਲਿਮਟਿਡ ਦੇ ਦਵਾਈ ਭੰਡਾਰ ਅਤੇ ਡਿਸਟ੍ਰੀਬਿਊਸ਼ਨ ਗੁਦਾਮ ਦਾ ਵਿਕਰੀ ਅਤੇ ਡਿਸਟ੍ਰੀਬਿਊਸ਼ਨ ਲਾਇਸੈਂਸ ਰੱਦ ਕਰ ਦਿੱਤਾ ਹੈ। ਐੱਫਡੀਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਵਾਈਆਂ ਦੀ ਪੈਕੇਜਿੰਗ, ਸਟੋਰੇਜ, ਰਿਕਾਰਡ ਤੇ ਮੈਨੇਜਮੈਂਟ ਸਬੰਧੀ ਨਿਯਮਾਂ ਦੀ ਉਲੰਘਣਾ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਪਲਾ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ ਅਤੇ ਹੁਕਮ ਦੀ ਸਮੀਖਿਆ ਕਰ ਕੇ ਅਗਲੇ ਬਦਲਾਂ ’ਤੇ ਵਿਚਾਰ ਕਰਨ ਦੀ ਗੱਲ ਕੀਤੀ ਹੈ। ਐੱਫਡੀਏ ਨੇ ਕਿਹਾ ਕਿ ਇਹ ਕਾਰਵਾਈ ਬਾਂਬੇ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਨਵੇਂ ਸਿਰੇ ਤੋਂ ਕਾਰਵਾਈ ਪੂਰੀ ਕਰਨ ਮਗਰੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਐੱਫਡੀਏ ਨੇ 27 ਅਗਸਤ ਨੂੰ ਕਾਰਵਾਈ ਕੀਤੀ ਸੀ। ਉਸ ਸਮੇਂ ਵਿਭਾਗ ਨੇ ਰਿਐਕਟਿਨ ਪਲੱਸ ਟੈਬਲਟ ਦੀ ਪੈਕੇਜਿੰਗ, ਸਟੋਰੇਜ, ਦਸਤਾਵੇਜ਼ੀਕਰਨ ਅਤੇ ਬਾਜ਼ਾਰ ਤੋਂ ਦਵਾਈ ਵਾਪਸ ਲੈਣ ਦੀ ਪ੍ਰਕਿਰਿਆ ਵਿਚ ਬੇਨਿਯਮੀਆਂ ਦੇ ਸਬੰਧ ਵਿਚ ਗੁਦਾਮ ਖ਼ਿਲਾਫ਼ ਕਾਰਵਾਈ ਕੀਤੀ ਸੀ।

ਐੱਫਡੀਏ ਨੇ ਉਸ ਵੇਲੇ ਕਿਹਾ ਸੀ ਕਿ ਡਾਕਟਰ ਦੀ ਪਰਚੀ ’ਤੇ ਮਿਲਣ ਵਾਲੀ ‘ਸ਼ੈਡਿਊਲ ਐੱਚ’ ਦਵਾਈ ਦੀ ਪੈਕੇਜਿੰਗ ’ਤੇ ਬਿਨਾਂ ਆਗਿਆ ਦੇ ਦਾਅਵੇ ਕੀਤੇ ਗਏ ਸਨ ਅਤੇ ਗੁਦਾਮ ਵਿਚ ਕਈ ਕਮੀਆਂ ਮਿਲੀਆਂ ਸਨ। ਐੱਫਡੀਏ ਨੇ ਕਿਹਾ ਕਿ ਪੁਣੇ ਵਿਚ ਵਿਭਾਗ ਦੇ ਡਵੀਜ਼ਨ-3 ਦੇ ਸਹਾਇਕ ਕਮਿਸ਼ਨਰ (ਦਵਾਈਆਂ) ਨੇ ਇਕ ਅਕਤੂਬਰ ਨੂੰ ਨਵਾਂ ਹੁਕਮ ਜਾਰੀ ਕੀਤਾ। ਵਿਭਾਗ ਨੇ ਬਾਂਬੇ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਆਪਣੀ ਪਿਛਲੀ ਕਾਰਵਾਈ ਵਾਪਸ ਲੈਣ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ। ਵਿਭਾਗ ਨੇ ਚਾਰ ਸਤੰਬਰ ਨੂੰ ਕੰਪਨੀ ਨੂੰ ਸੋਧਿਆ ਹੋਇਆ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਸਿਪਲਾ ਨੇ 11 ਸਤੰਬਰ ਨੂੰ ਲਿਖਤੀ ਜਵਾਬ ਦਿੱਤਾ ਅਤੇ ਉਸ ਨੂੰ 21 ਸਤੰਬਰ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਅਥਾਰਟੀ ਨੇ ਨਵਾਂ ਹੁਕਮ ਜਾਰੀ ਕਰਨ ਤੋਂ ਪਹਿਲਾਂ ਕੰਪਨੀ ਦੇ ਜਵਾਬ, ਸੁਣਵਾਈ ਦੌਰਾਨ ਦਿੱਤੀਆਂ ਦਲੀਲਾਂ, ਨਿਰੀਖਣ ਦੇ ਨਤੀਜੇ, ਉਪਲਬਧ ਰਿਕਾਰਡ ਅਤੇ ਲਾਗੂ ਕਾਨੂੰਨੀ ਵਿਵਸਥਾਵਾਂ ’ਤੇ ਵਿਚਾਰ ਕੀਤਾ।

Share this content:

Post Comment