ਫਗਵਾੜਾ ਦੀ ਐਲਪੀਯੂ ਹਿੰਸਾ ਤੇ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਜੰਮੂ ਤੇ ਮੁੰਬਈ ਤੋਂ 9 ਮੁਲਜ਼ਮ ਕੀਤੇ ਗ੍ਰਿਫ਼ਤਾਰ
ਫਗਵਾੜਾ, 3 ਅਕਤੂਬਰ – ਪੰਜਾਬ ਪੁਲਿਸ ਨੇ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਹੋਈ ਹਿੰਸਾ ਅਤੇ ਲੁੱਟ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਹੁਣ ਤੱਕ 9 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਨਵੀਨ ਸਿੰਗਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਪੀਯੂ ਮਾਮਲੇ ‘ਚ ਕਈ ਵੱਡੇ ਖੁਲਾਸੇ ਕੀਤੇ ਅਤੇ ਦੱਸਿਆ ਕਿ ਕੁੱਲ 20 ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ‘ਚ ਕੁੱਲ 3 ਐਫ਼ਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਨਾਮਜ਼ਦ ਹੈ।
ਡੀਆਈਜੀ ਨੇ ਦੱਸਿਆ ਐਲਪੀਯੂ ਹਿੰਸਾ ਵਾਲੇ ਦਿਨ ਕੀ ਹੋਇਆ ?
ਡੀਆਈਜੀ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ੁਰੂਆਤ ਵਿੱਚ ਕਿਸੇ ਤਰ੍ਹਾਂ ਦੀ ਫੋਰਸ ਦੀ ਵਰਤੋਂ ਨਹੀਂ ਕੀਤੀ ਗਈ ਸੀ। 27 ਤਰੀਕ ਨੂੰ ਵਿਦਿਆਰਥੀਆਂ ਵੱਲੋਂ ਨੈਸ਼ਨਲ ਹਾਈਵੇਅ ਬਲਾਕ ਕੀਤਾ ਗਿਆ ਸੀ। ਵਿਦਿਆਰਥੀਆਂ ਦੀ ਪਹਿਲੀ ਮੰਗ ਰੇਪ ਮਾਮਲੇ ਵਿੱਚ ਪਰਚਾ ਦਰਜ ਕਰਨ ਦੀ ਸੀ। ਪੁਲਿਸ ਨੇ ਪਰਚਾ ਦਰਜ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਐਸਆਈਟੀ ਦੀ ਮੰਗ ਵੀ ਕੀਤੀ ਗਈ, ਜਿਸ ਨੂੰ ਪੂਰਾ ਕੀਤਾ ਗਿਆ। ਡੀਆਈਜੀ ਮੁਤਾਬਕ, ਇਸ ਤੋਂ ਬਾਅਦ ਵਿਦਿਆਰਥੀ ਸਹਿਮਤ ਹੋ ਗਏ ਸਨ ਅਤੇ ਰਸ਼ਮੀ ਮਿੱਤਲ ਨਾਲ ਵੀ ਵਿਦਿਆਰਥੀਆਂ ਦੀ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ 24 ਘੰਟਿਆਂ ਤੱਕ ਬਿਨਾਂ ਕਿਸੇ ਫੋਰਸ ਦੀ ਵਰਤੋਂ ਕੀਤੇ ਬਿਨਾਂ ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਵਿਦਿਆਰਥੀਆਂ ਦੀ ਐਸਆਈਟੀ ਨਾਲ ਵੀ ਮੀਟਿੰਗ ਕਰਵਾਈ ਗਈ। ਪਰੰਤੂ ਪ੍ਰਦਰਸ਼ਨਕਾਰੀਆਂ ਵੱਲੋਂ ਅਸਹਿਮਤੀ ਵਿਖਾਉਂਦੇ ਹੋਏ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ 27 ਤਰੀਕ ਦੀ ਰਾਤ ਨੂੰ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਲਗਾਤਾਰ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਕੁੱਲ 20 ਲੋਕ ਨਾਮਜ਼ਦ, 9 ਗ੍ਰਿਫ਼ਤਾਰ
ਡੀਆਈਜੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ ਬਾਰੀਕੀ ਨਾਲ ਜਾਂਚ ਕਰਦੇ ਹੋਏ ਕੁੱਲ 20 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕੁੱਲ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 7 ਯੂਨੀਵਰਸਿਟੀ ਦੇ ਹੀ ਵਿਦਿਆਰਥੀ ਹਨ, ਜਦਕਿ 2 ਬਾਹਰੀ ਵਿਅਕਤੀ ਹਨ।
ਜੰਮੂ ਤੇ ਮੁੰਬਈ ਤੋਂ ਫੜੇ ਮੁਲਜ਼ਮ
ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਫਗਵਾੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਹੋਰਾਂ ਨੂੰ ਜੰਮੂ ਅਤੇ ਮੁੰਬਈ ਤੋਂ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸੋਨੀਪਤ ਦੇ ਜੇਮਸ ਦਹੀਆ, ਫਗਵਾੜਾ ਦੇ ਗਗਨਦੀਪ ਉਰਫ਼ ਕੋਠਾ ਅਤੇ ਜਸਮੀਤ ਕੁਮਾਰ ਅਤੇ ਯੂਪੀ ਦੇ ਹਮੀਰਪੁਰ ਦੇ ਆਸ਼ੂਤੋਸ਼ ਸ਼ਾਮਲ ਹਨ। ਇੱਕ ਨਾਬਾਲਗ ਵੀ ਹੈ।
Share this content:



Post Comment