ਮੁੱਖ ਮੰਤਰੀ ਵੱਲੋਂ ਸੂਬੇ ‘ਚ 15 ਹਜ਼ਾਰ ਯੂਥ ਕਲੱਬ ਰੱਦ
ਪੰਜਾਬ ਸਰਕਾਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੇ ਸੂਬੇ ’ਚ ਕਰੀਬ 15 ਹਜ਼ਾਰ ਯੂਥ ਕਲੱਬ ਰੱਦ ਕਰ ਦਿੱਤੇ ਹਨ। ਯੁਵਕ ਸੇਵਾਵਾਂ ਵਿਭਾਗ ਨੇ ਪੁਰਾਣੇ ਯੂਥ ਕਲੱਬ ਤਾਂ ਰੱਦ ਕਰ ਦਿੱਤੇ ਪਰ ਹੁਣ ਪਿੰਡਾਂ ’ਚ ਨਵੇਂ ਬਣਾਏ ਜਾਣ ਵਾਲੇ ਯੂਥ ਕਲੱਬਾਂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ। ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਨੇ ‘ਯੂਥ ਕਲੱਬ ਐਫੀਲੀਏਟਿਡ ਪਾਲਿਸੀ 2025’ ਤਹਿਤ ਸਮੀਖਿਆ ਕਰਨ ਮਗਰੋਂ ਪੁਰਾਣੇ ਗ਼ੈਰ-ਸਰਗਰਮ ਯੂਥ ਕਲੱਬਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ਦੇ ਪੰਜ ਜ਼ਿਲ੍ਹਿਆਂ ’ਚ ਤਾਂ ਹਾਲੇ ਤੱਕ ਕੋਈ ਨਵਾਂ ਯੂਥ ਕਲੱਬ ਬਣ ਵੀ ਨਹੀਂ ਸਕਿਆ ਹੈ।
ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਨੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ ਕਰੀਬ 15,500 ਯੂਥ ਕਲੱਬਾਂ ਨੂੰ ਜਨਤਕ ਨੋਟਿਸ ਜਾਰੀ ਕਰ ਕੇ ਪਿਛਲੇ ਤਿੰਨ ਵਰ੍ਹਿਆਂ ਦੀ ਕਾਰਗੁਜ਼ਾਰੀ 45 ਦਿਨਾਂ ’ਚ ਪੇਸ਼ ਕਰਨ ਦਾ ਮੌਕਾ ਦਿੱਤਾ ਸੀ। ਇਨ੍ਹਾਂ ’ਚੋਂ ਜਦੋਂ ਕਰੀਬ 700 ਕਲੱਬ ਸਰਗਰਮ ਮਿਲੇ ਤਾਂ ਬਾਕੀ ਸਾਰੇ ਯੂਥ ਕਲੱਬ ਰੱਦ ਕਰ ਦਿੱਤੇ ਗਏ। ਆਮ ਤੌਰ ’ਤੇ ਹਰ ਨਵੀਂ ਸਰਕਾਰ ਨਵੇਂ ਕਲੱਬ ਤਾਂ ਬਣਾਉਂਦੀ ਹੈ ਪਰ ਪੁਰਾਣੇ ਕਲੱਬ ਕਦੇ ਰੱਦ ਨਹੀਂ ਹੋਏ ਸਨ। ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਵੱਲੋਂ ਪਿੰਡਾਂ ’ਚ ਨਵੇਂ ਯੂਥ ਕਲੱਬ ਬਣਾਉਣ ਦੀ ਪ੍ਰਕਿਰਿਆ ਵਿੱਢੀ ਗਈ ਸੀ ਪਰ ਹੁਣ ਤੱਕ ਸਮੁੱਚੇ ਪੰਜਾਬ ’ਚ ਨਵੇਂ 600 ਕਲੱਬ ਹੀ ਬਣ ਸਕੇ ਹਨ। ਜ਼ਿਲ੍ਹਾ ਮਾਨਸਾ, ਮਾਲੇਰਕੋਟਲਾ, ਬਠਿੰਡਾ, ਪਠਾਨਕੋਟ ਤੇ ਫ਼ਾਜ਼ਿਲਕਾ ’ਚ ਤਾਂ ਇੱਕ ਵੀ ਨਵਾਂ ਯੂਥ ਕਲੱਬ ਨਹੀਂ ਬਣਿਆ ਹੈ। ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ‘ਆਪ’ ਸਰਕਾਰ ਦੇ ਲੁਧਿਆਣਾ ਸਮਾਗਮਾਂ ’ਚ ਨੌਜਵਾਨਾਂ ਦਾ ਵੱਡਾ ਇਕੱਠ ਜੁੜ ਰਿਹਾ ਹੈ। ਦੂਜੇ ਪਾਸੇ, ਕਈ-ਕਈ ਵਰ੍ਹਿਆਂ ਤੋਂ ਪਿੰਡਾਂ ’ਚ ਜੁਟੇ ਯੂਥ ਕਲੱਬ ਹੁਣ ਜ਼ੀਰੋ ਹੋ ਗਏ ਹਨ।
ਜ਼ਿਲ੍ਹਾ ਫ਼ਿਰੋਜ਼ਪੁਰ ’ਚ ਕਰੀਬ 1250 ਕਲੱਬ ਸਨ ਜਿਨ੍ਹਾਂ ’ਚੋਂ ਕਰੀਬ 1200 ਰੱਦ ਕਰ ਦਿੱਤੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ’ਚ 950 ਕਲੱਬ ਰੱਦ ਕੀਤੇ ਹਨ ਅਤੇ ਸਿਰਫ਼ 32 ਨਵੇਂ ਕਲੱਬ ਬਣੇ ਹਨ। ਬਠਿੰਡਾ ’ਚ 510 ਯੂਥ ਕਲੱਬਾਂ ’ਚੋਂ 450 ਰੱਦ ਕਰ ਦਿੱਤੇ ਹਨ। ਯੁਵਕ ਸੇਵਾਵਾਂ ਵਿਭਾਗ ਦੀ ਦਲੀਲ ਹੈ ਗ਼ੈਰ-ਸਰਗਰਮ ਕਲੱਬਾਂ ਨੂੰ ਰੱਦ ਕੀਤਾ ਗਿਆ ਹੈ। ਚੇਤੇ ਰਹੇ ਕਿ ਪੰਜਾਬ ’ਚ 1997 ਤੋਂ ਬਾਅਦ ਯੂਥ ਕਲੱਬਾਂ ’ਤੇ ਹਮੇਸ਼ਾ ਹੀ ਸਿਆਸੀ ਰੰਗ ਚੜ੍ਹਦਾ ਰਿਹਾ ਹੈ।ਸਿਆਸੀ ਥਾਪੜੇ ਵਾਲੇ ਯੁਵਕ ਕਲੱਬਾਂ ਨੂੰ ਹੀ ਫੰਡ ਮਿਲਦੇ ਰਹੇ ਹਨ। ਹਰ ਸਰਕਾਰ ਨੇ ਨਵੇਂ ਕਲੱਬ ਖੜ੍ਹੇ ਕੀਤੇ ਹਨ। ਪੰਜਾਬ ’ਚ ਸਾਲ 2007-2008 ’ਚ 4796 ਯੂਥ ਕਲੱਬ ਸਨ ਜਦੋਂਕਿ ਸਾਲ 2017 ਦੇ ਆਸ-ਪਾਸ ਇਨ੍ਹਾਂ ਕਲੱਬਾਂ ਦੀ ਗਿਣਤੀ ਵਧ ਕੇ 10,852 ਹੋ ਗਈ ਸੀ।
ਜ਼ਿਲ੍ਹੇ ਦਾ ਨਾਮ ਰੱਦ ਕਲੱਬਾਂ ਦੀ ਗਿਣਤੀ
1. ਪਟਿਆਲਾ 1700
2. ਫ਼ਿਰੋਜ਼ਪੁਰ 1200
3. ਹੁਸ਼ਿਆਰਪੁਰ 950
4. ਬਠਿੰਡਾ 450
5. ਜਲੰਧਰ 1000
6. ਅੰਮ੍ਰਿਤਸਰ 950
7. ਲੁਧਿਆਣਾ 950
8. ਸੰਗਰੂਰ 450
Share this content:



Post Comment