ਸਰਬ ਨੌਜਵਾਨ ਸਭਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕੀਤਾ ਸਨਮਾਨ

36ਵੇਂ ਸਮੂਹਿਕ ਵਿਆਹ ਸਮਾਗਮ ਦਾ ਦਿੱਤਾ ਸੱਦਾ ਪੱਤਰ; ਸਰਬ ਸੇਵਾ ਸਦਨ ਵਿਖੇ ਸੂਰਜੀ ਊਰਜਾ ਪ੍ਰਣਾਲੀ ਲਗਾਉਣ ਵਾਸਤੇ ਗ੍ਰਾਂਟ ਲਈ ਕੀਤਾ ਧੰਨਵਾਦ
ਫਗਵਾੜਾ 26 ਸਤੰਬਰ ( ਏ.ਡੀ.ਪੀ. ਨਿਊਜ਼) ਸਰਬ ਨੌਜਵਾਨ ਸਭਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਪ੍ਰੇਮੀ, ਪਦਮ ਸ੍ਰੀ ਨਾਲ ਸਨਮਾਨਿਤ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਉਨ੍ਹਾਂ ਦੀ ਸੁਲਤਾਨਪੁਰ ਲੋਧੀ ਸਥਿਤ ਕੁਟੀਆ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਸਭਾ ਦੀ ਟੀਮ ਵੱਲੋਂ ਸੰਤ ਸੀਚੇਵਾਲ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਭੇਟ ਕਰਕੇ ਉਨ੍ਹਾਂ ਦੀਆਂ ਵਾਤਾਵਰਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਨ ਦੀ ਸੰਭਾਲ ਲਈ ਲੰਮੇ ਸਮੇਂ ਤੋਂ ਮਹੱਤਵਪੂਰਨ ਕੰਮ ਕੀਤੇ ਹਨ। ਉਨ੍ਹਾਂ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਸਫਾਈ ਅਤੇ ਇਸ ਨੂੰ ਲੋਕਾਂ ਲਈ ਸਮਰਪਿਤ ਕਰਨ ਤੋਂ ਇਲਾਵਾ ਵੱਡੀ ਪੱਧਰ ’ਤੇ ਬੂਟੇ ਲਗਾਉਣ, ਗੰਦੇ ਨਾਲਿਆਂ ਅਤੇ ਨਦੀਆਂ ਦੀ ਸਫਾਈ ਅਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਵਾਤਾਵਰਨ ਸੰਭਾਲ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਕਮਿਊਨਿਟੀ ਰੇਡੀਓ ਰਾਹੀਂ ਇਲਾਕੇ ਦੇ ਲੋਕਾਂ ਨੂੰ ਵਾਤਾਵਰਨ ਅਤੇ ਸਮਾਜ ਨਾਲ ਜੁੜੇ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਇਸ ਵਿੱਚ ਗੰਦੇ ਪਦਾਰਥ ਪੈਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਵੱਡੀ ਲੋੜ ਹੈ। ਇਸ ਦੌਰਾਨ ਸਰਬ ਨੌਜਵਾਨ ਸਭਾ ਵੱਲੋਂ 11 ਅਕਤੂਬਰ 2026, ਦਿਨ ਐਤਵਾਰ ਨੂੰ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ, ਸਪਰੋੜ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾ ਰਹੇ 36ਵੇਂ ਸਮੂਹਿਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ।
ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਨੇ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਦੇ ਸਰਬ ਸੇਵਾ ਸਦਨ ਲਈ ਸੂਰਜੀ ਊਰਜਾ ਪ੍ਰਣਾਲੀ ਲਗਾਉਣ ਵਾਸਤੇ ਉਨ੍ਹਾਂ ਵੱਲੋਂ ਦਿੱਤੀ ਗਈ ਗਰਾਂਟ ਸਭਾ ਲਈ ਮਹੱਤਵਪੂਰਨ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਭਾ ਦੀਆਂ ਗਤੀਵਿਧੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਮਦਦ ਮਿਲੇਗੀ। ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਡਾ. ਵਿਜੇ ਕੁਮਾਰ, ਜਨਰਲ ਸਕੱਤਰ ਸਤਨਾਮ ਸਿੰਘ ਰਾਣਾ, ਗੁਰਦੀਪ ਸਿੰਘ ਤੁਲੀ, ਮਦਨ ਲਾਲ, ਕੋਰੋਟਾਨੀਆ, ਗੁਲਸ਼ਨ ਕਪੂਰ, ਜਨਕ ਦੁਲਾਰੀ ਪਲਾਹੀ ਅਤੇ ਪਾਲ ਸਿੰਘ ਨੌਲੀ, ਪੀ.ਏ. ਟੂ ਸੀਚੇਵਾਲ ਆਦਿ ਹਾਜ਼ਰ ਸਨ।
Share this content:



Post Comment