ਵਿਗਿਆਨਕ ਢੰਗ ਨਾਲ ਖੇਤੀ ਕਰਨ ਦੇ ਸੁਨੇਹੇ ਨਾਲ ਕਿਸਾਨ ਮੇਲਾ ਸਮਾਪਤ
ਲੁਧਿਆਣਾ,21 ਸਤੰਬਰ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕੱਲ੍ਹ ਸ਼ੁਰੂ ਹੋਇਆ ਦੋ ਰੋਜ਼ਾ ਕਿਸਾਨ ਮੇਲਾ ਅੱਜ ਖੇਤੀ ਵਿੱਚ ਵਿਗਿਆਨਕ ਢੰਗ ਅਪਨਾਉਣ ਦਾ ਸੁਨੇਹਾ ਦਿੰਦਾ ਸਮਾਪਤ ਹੋ ਗਿਆ। ਮੇਲੇ ਦੇ ਅੱਜ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੀ ਏ ਯੂ ਦੇ ਉਪ ਕੁਲਪਤੀ ਸੁਖਜੀਤ ਪਾਲ ਸਿੰਘ ਨੇ ਪ੍ਰਧਾਨਗੀ ਕੀਤੀ। ਮੇਲੇ ਦੇ ਦੂਜੇ ਦਿਨ ਵੀ ਪੂਰੇ ਸੂਬੇ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨਵੀਂ ਕਿਸਮ ਦੇ ਟਰੈਕਟਰਾਂ, ਕੰਬਾਈਨਾਂ ਅਤੇ ਹੋਰ ਮਸ਼ੀਨਾਂ ਦੀਆਂ ਪ੍ਰਦਰਸ਼ਨੀਆਂ ਦੇਖੀਆਂ ਅਤੇ ਸਟਾਲਾਂ ਨੇੜੇ ਖੜੇ ਵਿਗਿਆਨੀਆਂ ਤੋਂ ਇਨ੍ਹਾਂ ਨਾਲ ਖੇਤੀ ਕਰਨ ਦੇ ਲਾਭ ਬਾਰੇ ਸਵਾਲ ਜਵਾਬ ਕੀਤੇ। ਮੇਲੇ ਵਿੱਚ ਖੇਤੀ ਨਾਲ ਸਬੰਧਤ ਛੋਟੇ ਸੰਦਾਂ ਨੂੰ ਖ਼ਰੀਦਣ ਲਈ ਕਿਸਾਨਾਂ ਨੇ ਦਿਲਚਸਪੀ ਦਿਖਾਈ। ਮੇਲੇ ਵਿੱਚ ਖੇਤੀ ਨਾਲ ਸਬੰਧਤ ਮਸ਼ੀਨਰੀ ਪ੍ਰਦਰਸ਼ਿਤ ਕੀਤੀ ਗਈ। ਸਾਹਿਤ, ਦੇਸੀ ਮਸਾਲੇ, ਗੁੜ, ਸ਼ੱਕਰ, ਦਾਲਾਂ ਅਤੇ ਵੱਖ ਵੱਖ ਪਕਵਾਨਾਂ ਦੇ ਸਟਾਲਾਂ ’ਤੇ ਵੀ ਕਿਸਾਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ।
ਕਿਸਾਨ ਮੇਲੇ ਦੇ ਦੂਜੇ ਦਿਨ ਖੇਤ ਜਿਣਸਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚੋਂ ਡਰੈਗਨ ਫਰੂਟ ਵਿੱਚ ਫਤਹਿਗੜ੍ਹ ਸਾਹਿਬ ਦੇ ਬਲਵੀਰ ਸਿੰਘ, ਮਾਲਟੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਅਜੈਵੀਰ ਜਾਖੜ, ਲਸਣ ਵਿੱਚ ਤਰਨ ਤਾਰਨ ਦੇ ਤਰਸੇਮ ਸਿੰਘ, ਘੀਆ-ਕੱਦੂ ਵਿੱਚ ਫਰੀਦਕੋਟ ਦੇ ਜਿੱਕੀ ਸਿੰਘ, ਮਿਰਚ ਵਿੱਚ ਫਿਰੋਜ਼ਪੁਰ ਦੇ ਸਰਬਜੀਤ ਸਿੰਘ, ਭਿੰਡੀ ਵਿੱਚ ਗੁਰਦਾਸਪੁਰ ਦੇ ਹਰਪ੍ਰੀਤ ਸਿੰਘ, ਪਿਆਜ਼ ਵਿੱਚ ਫਤਹਿਗੜ੍ਹ ਸਾਹਿਬ ਦੇ ਬਲਦੀਪ ਸਿੰਘ, ਤੋਰੀ ਵਿੱਚ ਸੰਗਰੂਰ ਦੇ ਸੁਖਬੀਰ ਸਿੰਘ, ਕਰੇਲਾ ਵਿੱਚ ਮੁਕਤਸਰ ਸਾਹਿਬ ਦੇ ਕੁਲਦੀਪ ਸਿੰਘ, ਅਮਰੂਦ ਵਿੱਚ ਮੁਕਤਸਰ ਸਾਹਿਬ ਦੇ ਅਨਿਰੁੱਧ ਕੁਮਾਰ, ਨਿੰਬੂ ਵਿੱਚ ਹੁਸ਼ਿਆਰਪੁਰ ਦੇ ਕਰਨਜੋਤ ਸਿੰਘ, ਗੰਨੇ ਵਿੱਚ ਫਿਰੋਜ਼ਪੁਰ ਦੇ ਅਵਤਾਰ ਸਿੰਘ, ਮੱਕੀ ਵਿੱਚ ਲੁਧਿਆਣਾ ਦੇ ਖੁਸ਼ਦੀਪ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕਰ ਕੇ ਇਨਾਮ ਜਿੱਤੇ।
Share this content:



Post Comment