ਸੰਪਾਦਕੀ/ਜਨਮੇਜਾ ਸਿੰਘ ਜੌਹਲ
ਸਰਦਾਰ ਹਰਭਜਨ ਸਿੰਘ ਬਾਜਵਾ ਜੀ ਨਾਲ ਨੇੜਤਾ 1980ਵਿਆਂ ਦੇ ਵਿੱਚ ਪਈ, ਜਦੋਂ ਮੈਂ ਆਪਣੀ ਫ਼ੋਟੋਗ੍ਰਾਫ਼ੀ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨਾਲ ਹਮੇਸ਼ਾ ਹੀ ਪਿਆਰ ਰਿਹਾ। ਉਨ੍ਹਾਂ ਨੇ ਹਮੇਸ਼ਾ ਹੀ ਉਹ ਗੱਲਾਂ ਦੱਸੀਆਂ ਜੋ ਇੱਕ ਹੰਢਿਆ ਹੋਇਆ ਫ਼ੋਟੋਗ੍ਰਾਫ਼ਰ ਲੋਕਾਂ ਬਾਰੇ ਦੱਸ ਸਕਦਾ ਹੈ। ਮੈਨੂੰ ਬੜਾ ਚੰਗਾ ਲੱਗਦਾ ਸੀ ਕਿ ਉਹ ਆਪਣੇ ਦਿਲ ਦੀ ਗੱਲ ਸਾਫ਼-ਸਾਫ਼ ਕਰ ਦਿੰਦੇ ਹਨ। ਜਦੋਂ ਕਿਸੇ ਦੇ ਬਾਰੇ ਗੱਲ ਕਰਦੇ ਹਨ ਤਾਂ ਉਹ ਇਹ ਨਹੀਂ ਸੋਚਦੇ ਕਿ ਉਹਦੇ ਗਿੱਟੇ ਲੱਗੇਗੀ ਜਾਂ ਗੋਡੇ ਲੱਗੇਗੀ, ਉਹ ਖ਼ੁਸ਼ ਹੋਵੇਗਾ ਜਾਂ ਨਾਰਾਜ਼ ਹੋਵੇਗਾ। ਉਹ ਆਪਣੇ ਦਿਲ ਦੀ ਗੱਲ ਹਮੇਸ਼ਾ ਹੀ ਸਾਹਮਣੇ ਕਹਿ ਦਿੰਦੇ ਸਨ। ਇਸੇ ਕਰਕੇ ਉਨ੍ਹਾਂ ਤੋਂ ਕਈ ਜਿਹੜੇ ਸਾਡੇ ਅਖੌਤੀ ਜਿਹੇ ਜਾਂ ਆਪਣੇ ਆਪ ਨੂੰ ਚੌਧਰੀ ਲੇਖਕ ਸਮਝਦੇ ਹਨ, ਉਹ ਨਾਰਾਜ਼ ਰਹਿੰਦੇ ਸਨ।
ਤੇ ਇਹੀ ਗੱਲ ਮੈਨੂੰ ਉਨ੍ਹਾਂ ਦੀ ਚੰਗੀ ਲੱਗਦੀ ਸੀ। ਮੈਂ ਵੀ ਕੋਸ਼ਿਸ਼ ਕੀਤੀ ਕਿ ਇਸੇ ਤਰ੍ਹਾਂ ਜਿਹੜੀ ਸੱਚੀ ਗੱਲ ਹੈ ਉਹ ਕਰ ਦਿਆ ਕਰਾਂ, ਤੇ ਇਸ ਦਾ ਉਨ੍ਹਾਂ ਵਾਂਗ ਮੈਨੂੰ ਵੀ ਖ਼ਮਿਆਜ਼ਾ ਭੁਗਤਣਾ ਪਿਆ। ਦੇਖੋ ਕੁਦਰਤ ਦਾ ਕ੍ਰਿਸ਼ਮਾ ਕਿ ਉਨ੍ਹਾਂ ਦੀ ਦੇਹਾਂਤ ਦੀ ਖ਼ਬਰ ਆਉਣ ਤੋਂ ਤਕਰੀਬਨ ਇੱਕ ਘੰਟਾ ਪਹਿਲਾਂ ਮੇਰੇ ਮਨ ਦੇ ਵਿੱਚ ਉਨ੍ਹਾਂ ਦੇ ਦੇਹਾਂਤ ਬਾਰੇ ਵਿਚਾਰ ਆ ਗਿਆ। ਤੇ ਮੈਂ ਸੋਚਿਆ ਕਿ ਇਹ ਕਿਹੋ ਜਿਹਾ ਵਿਚਾਰ ਹੈ, ਇਹ ਕੁਦਰਤ ਕੀ ਕਰਨ ਲੱਗੀ ਹੈ! ਪਰ ਘੰਟੇ ਕੁ ਬਾਅਦ ਹੀ ਇਹ ਖ਼ਬਰ ਮਿਲ ਗਈ। ਮੈਨੂੰ ਲੱਗਦਾ ਕਿ ਸ਼ਾਇਦ ਇਹ ਵੀ ਰਿਸ਼ਤਿਆਂ ਦੀ, ਪਿਆਰ ਦੀ ਇੱਕ ਟੈਲੀਪੈਥੀ ਹੈ ਜੋ ਤੁਹਾਨੂੰ ਆਉਣ ਵਾਲੀਆਂ ਚੀਜ਼ਾਂ ਲਈ ਸੁਚੇਤ ਕਰਦੀ ਹੈ। ਮੈਂ ਉਨ੍ਹਾਂ ਨੂੰ ਨਮਨ ਹੁੰਦਾ ਹਾਂ ਤੇ ਉਨ੍ਹਾਂ ਨਾਲ ਕੀਤੀ ਹੋਈ ਇੱਕ ਬੇਬਾਕ ਇੰਟਰਵਿਊ, ਜੋ ਕਾਫ਼ੀ ਸਾਲ ਪਹਿਲਾਂ ਕੀਤੀ ਸੀ, ਤੁਹਾਡੇ ਲਈ ਪੇਸ਼ ਕਰਦਾ ਹਾਂ। ਦੇਖੋ ਤੇ ਆਓ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਈਏ।

-ਜਨਮੇਜਾ ਸਿੰਘ ਜੌਹਲ
Share this content:


Post Comment