Loading Now

ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ਼

ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ਼

ਇਹ ਸਤੰਬਰ ਦਾ ਮਹੀਨਾ ਏ। 52 ਸਾਲ ਪਹਿਲਾਂ ਇਸੇ ਮਹੀਨੇ ਦੀ 27 ਤਰੀਕ ਨੂੰ 1970ਵਿਆਂ ਵਿੱਚ ਪੰਜਾਬੀ ਸ਼ਾਇਰੀ ਨੂੰ ਜੁਝਾਰੂ ਨਕਸ਼ ਦੇਣ ਵਾਲੇ ਸ਼ਾਇਰ ਪਾਸ਼ ਨੇ ਆਪਣੇ ਪਿੰਡ ਤਲਵੰਡੀ ਸਲੇਮ ਦੇ ਇੱਕ ਉਤਸਵ ਬਾਰੇ ਲਿਖਿਆ, ‘‘ਅੱਜ ਸਾਡੇ ਜੱਗ ਹੈ- ਪਿੰਡ ਦਾ ਇੱਕ ਸਾਂਝਾ ਉਤਸਵ।’’ ਸਾਂਝ ਸਾਡੇ ਪਿੰਡਾਂ ਦਾ ਖਾਸਾ ਰਹੀ ਹੈ, ਜਾਗੀਰਦਾਰੀ ਨਿਜ਼ਾਮ ਦੇ ਤਲਖ਼ ਸਮਿਆਂ ਵਿੱਚ ਇਸ ਨੇ ਪੰਜਾਬ ਦੀ ਲੋਕਾਈ ਦੀ ਰੂਹ ਨੂੰ ਬਚਾਈ ਰੱਖਿਆ ਤੇ ਹੁਣ ਸਰਮਾਏਦਾਰੀ ਦੇ ਸਮਿਆਂ ਵਿੱਚ ਵੀ ਇਸ ਦਾ ਮੱਥਾ, ਜੇ ਪਾਸ਼ ਦੇ ਸ਼ਬਦ ਵਰਤ ਲਈਏ ਤਾਂ ‘ਬੰਦੇ ਨੂੰ ਅਬੰਦਾ ਬਣਾਉਣ ਵਾਲੀਆਂ ਸ਼ਕਤੀਆਂ’ ਨਾਲ ਲੱਗਾ ਹੋਇਆ ਹੈ। ਪਾਸ਼ ਦੀ ਕਵਿਤਾ, ਡਾਇਰੀ ਤੇ ਚਿੱਠੀਆਂ ਦੱਸਦੀਆਂ ਨੇ ਕਿ ਇੱਕ ਸ਼ਾਇਰ ਦੀ ਆਪਣੇ ਪਿੰਡ ਨਾਲ ਸਾਂਝ ਕਿੰਨੀ ਗੂੜ੍ਹੀ ਹੁੰਦੀ ਹੈ, ਕਿਵੇਂ ਜੁੜਿਆ ਹੁੰਦਾ ਹੈ ਸ਼ਾਇਰ ਆਪਣੀ ਜਨਮ ਭੋਇੰ ਦੀ ਮਿੱਠੀ-ਕੌੜੀ ਮਹਿਕ ਨਾਲ।

ਪਾਸ਼ ਦੀ ਸ਼ਾਇਰੀ ਅਤੇ ਹੱਸਾਸ ਸੋਚ ਉਹਦੇ ਪਿੰਡ ਤਲਵੰਡੀ ਸਲੇਮ ਦੀਆਂ ਗਲੀਆਂ, ਵਾਟਾਂ, ਪਗਡੰਡੀਆਂ, ਖੇਤਾਂ ਤੇ ਆਡਾਂ ’ਚੋਂ ਜਨਮੀ, ਪਣਪੀ ਤੇ ਜਵਾਨ ਹੋਈ; ਉਹਦੀ ਸ਼ਾਇਰੀ ਵਿੱਚ ਪਿੰਡ ਇਵੇਂ ਹਾਜ਼ਰ ਹੈ ਜਿਵੇਂ ਸੁੱਕੀਆਂ-ਗਿੱਲੀਆਂ ਲੱਕੜਾਂ ਵਿੱਚ ਅੱਗ ਹਮੇਸ਼ਾ ਹਾਜ਼ਰ ਹੁੰਦੀ ਹੈ। ਸ਼ਾਇਰ ਕਦੇ ਵੀ ਆਪਣੀ ਜਨਮ ਭੋਇੰ ਤੋਂ ਵਿਛੜਦਾ ਨਹੀਂ, ਲੋਕ-ਹੱਕਾਂ ਲਈ ਜੇਲ੍ਹ ਵਿੱਚ ਕੈਦ ਹੋਏ ਪਾਸ਼ ਨੇ ਜੇਲ੍ਹ ’ਚੋਂ ਆਪਣੇ ਪਿੰਡ ਨੂੰ ਇਹ ਸੁਨੇਹਾ ਭੇਜਿਆ ਸੀ

ਮੇਰੇ ਪਿੰਡ, ਕਿਤੇ ਮੈਨੂੰ ਰਾਤ ਬਰਾਤੇ ਮਿਲਣ ਆ

ਜਦ ਜੇਲ੍ਹ ਦੇ ਗੁੰਮਟ ’ਤੇ ਬੈਠੀ ਦਹਿਸ਼ਤ ਦੇ ਜਹਾਲਤ ਦੀ ਗਿਰਝ

ਆਪਣੇ ਪਰਾਂ ਨੂੰ ਸਮੇਟ ਲੈਂਦੀ ਹੈ

ਸਿਰਫ਼ ਦਰਬਾਨ ਜਾਗਦੇ ਹੋਣੇ ਨੇ- ਉਨ੍ਹਾਂ ਦਾ ਕੀ ਹੈ

ਤੂੰ ਇਸ ਤਰ੍ਹਾਂ ਆਈ ਨਾ!

ਜਿਵੇਂ ਬਲ਼ਦੇ ਸਿਵੇ ਤੋਂ ਬੇਖ਼ਬਰ ਲੰਘ ਆਉਂਦਾ ਪਰਿੰਦਾ ਕੋਈ

ਤੇ ਛੱਤੀ ਚੱਕੀਆਂ ਕੋਲ ਆ ਕੇ ਪੁੱਛੀਂ

ਮੇਰਾ ਉਹ ਨਜ਼ਰਬੰਦ ਕਿੱਥੇ ਹੈ ਜਿਸ ਦੀ ਨਜ਼ਰ

ਜਿਵੇਂ ਛੱਪੜ ’ਚ ਤਰਦਾ ਨਿੰਮਲ ਦੁਪਹਿਰਾ ਹੁੰਦਾ ਸੀ।

ਤੇ ਫਿਰ ਉਹ ਆਪਣੇ ਪਿੰਡ ਬਾਰੇ ਲਿਖਦਾ ਹੈ, ‘‘ਚਟਾਲੇ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਵਗਦੀ ਹੋਈ ਆਡ ਦੇ ਆਸੇ-ਪਾਸੇ ਘਾਹ ਬੂਟਿਆਂ ਨਾਲ ਸਿਹਤਮੰਦ ਹਵਾ ਅਠਖੇਲੀਆਂ ਕਰ ਰਹੀ ਹੈ। ਆਡ ਦੇ ਕੰਢੇ ਉੱਤੇ ਟਾਹਲੀ ਦੇ ਬੱਚੇ ਝੂਮ ਰਹੇ ਹਨ ਅਤੇ ਉਨ੍ਹਾਂ ਦੀਆਂ ਸਿਰੀਆਂ ਉੱਤੇ ਜੁਗਨੂੰਆਂ ਵਾਂਗ ਨਿੱਕੇ ਨਿੱਕੇ ਪੱਤੇ ਸੂਰਜ ਦੀ ਧੁੱਪ ਨਾਲ ਚਮਕ ਰਹੇ ਹਨ। ਬਾਂਸ ਦਾ ਬੂਟਾ ਆਪਣੇ ਕੱਦ ਦਾ ਰੋਅਬ ਜਮਾਉਂਦਾ ਹੋਇਆ ਟਾਹਲੀਆਂ ਦੇ ਬੱਚਿਆਂ ਉੱਤੇ ਝੂਮਦਾ ਹੈ ਪਰ ਹਵਾ ਫਿਰ ਉਹਨੂੰ ਪਰ੍ਹਾਂ ਧੱਕ ਲਿਜਾਂਦੀ ਹੈ। … ਜਿੱਥੇ ਸੂਰਜ ਡੁੱਬਿਆ ਹੈ, ਉੱਥੇ ਆਸਮਾਨ ਦਾ ਟੋਟਾ ਅਜੇ ਤਾਈਂ ਲਿਸ਼ਕ ਰਿਹਾ ਹੈ। ਪੱਕ ਰਹੀ ਕਣਕ ਦੇ ਸਿੱਟਿਆਂ ਉੱਤੇ ਟਾਹਲੀਆਂ ਦੇ ਝੁੰਡਾਂ ਦੇ ਸਿਰ ਦਿਸ ਰਹੇ ਹਨ।’’

ਹਰ ਪਿੰਡ, ਹਰ ਬਸਤੀ, ਹਰ ਸ਼ਹਿਰ ਵਿੱਚ ਜਦੋਂ ਸੂਰਜ ਡੁੱਬਦਾ ਹੈ ਤਾਂ ਉਸ ਪਾਸੇ ਆਸਮਾਨ ਦਾ ਟੋਟਾ ਏਦਾਂ ਹੀ ਲਿਸ਼ਕਦਾ ਹੈ ਤੇ ਪਾਸ਼ ਨੇ ਅਜਿਹੇ ਕਈ ਪਲਾਂ ਨੂੰ ਤਲਵੰਡੀ ਸਲੇਮ ਵਿੱਚ ਮਾਣਿਆ ਤੇ ਉਨ੍ਹਾਂ ਨੂੰ ਬੜੀ ਸ਼ਿੱਦਤ ਨਾਲ ਆਪਣੀ ਕਵਿਤਾ ਤੇ ਵਾਰਤਕ ਵਿੱਚ ਉਤਾਰ ਲਿਆ। ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿੱਚ ਇਸ ਮਹੀਨੇ ਦੀ 9 ਤਰੀਕ ਨੂੰ ਉਸ ਦੇ ਜਨਮ ਦਿਨ ’ਤੇ ਉਹਦੀ ਕਵਿਤਾ ਦਾ ਜਲੌਅ ਲੱਗਿਆ। ਨੇੜਲੇ ਪਿੰਡਾਂ ਤੇ ਪੰਜਾਬ ਦੇ ਕੋਨੇ ਕੋਨੇ ’ਚੋਂ ਹਜ਼ਾਰਾਂ ਲੋਕ ਉਸ ਦਾ ਜਨਮ ਦਿਨ ਮਨਾਉਣ ਤੇ ਉਸ ਦੀ ਕਵਿਤਾ ਵਿੱਚ ਭਿੱਜਣ ਲਈ ਉੱਥੇ ਪਹੁੰਚੇ। ਪਹੁੰਚਣ ਵਾਲਿਆਂ ਵਿੱਚ ਪੰਜਾਬ ਦੇ ਕਿਸਾਨ, ਖੇਤ ਮਜ਼ਦੂਰ, ਔਰਤਾਂ, ਵਿਦਿਆਰਥੀ, ਦਾਨਿਸ਼ਵਰ, ਲੇਖਕ, ਰੰਗਕਰਮੀ, ਪੱਤਰਕਾਰ, ਮੁਲਾਜ਼ਮ ਸਭ ਸ਼ਾਮਿਲ ਸਨ। ਇਸ ਸਮਾਗਮ ’ਤੇ ਪਹੁੰਚਣ ਦਾ ਸੱਦਾ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ, ਅਵਤਾਰ ਸਿੰਘ ਪਾਸ਼ ਮੈਮੋਰੀਅਲ ਟਰੱਸਟ, ਹੋਰ ਭਰਾਤਰੀ ਜਥੇਬੰਦੀਆਂ ਤੇ ਪਿੰਡ ਦੇ ਵਸਨੀਕਾਂ ਨੇ ਦਿੱਤਾ ਸੀ। ਇਹ ਜਥੇਬੰਦੀਆਂ ਹਰ ਸਾਲ 9 ਸਤੰਬਰ ਨੂੰ ਪਾਸ਼ ਦਾ ਜਨਮ ਦਿਹਾੜਾ ਪਿੰਡ ਵਿੱਚ ਉਸਾਰੇ ਗਏ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਮਨਾਉਂਦੀਆਂ ਰਹੀਆਂ ਹਨ। ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਸੇ ਯਾਦਗਾਰ ਵਿੱਚ ਪਾਸ਼ ਨੂੰ ਯਾਦ ਕੀਤਾ ਜਾਂਦਾ ਰਿਹਾ ਹੈ ਪਰ ਇਸ ਸਾਲ ਪਿੰਡ ਦੀ ਸਾਂਝ ਵਿੱਚ ਪਈ ਤਰੇੜ ਕਾਰਨ ਸਮਾਗਮ ਉੱਥੇ ਹੋਇਆ, ਜਿਸ ਥਾਂ 23 ਮਾਰਚ 1988 ਨੂੰ ਅਤਿਵਾਦੀਆਂ ਨੇ ਪਾਸ਼ ਤੇ ਉਹਦੇ ਦੋਸਤ ਹੰਸ ਰਾਜ ਦਾ ਕਤਲ ਕੀਤਾ ਸੀ।

ਸਮਾਗਮ ਦਾ ਆਰੰਭ ਪਾਸ਼ ਦੀਆਂ ਕਵਿਤਾਵਾਂ ਤੇ ਗੀਤਾਂ ਦੇ ਗਾਇਣ ਨਾਲ ਹੋਇਆ। ਸ਼ੁਰੂਆਤ ਧਰਮਿੰਦਰ ਮਸਾਣੀਆਂ ਨੇ ਅਮੋਲਕ ਸਿੰਘ ਦੇ ਲਿਖੇ ਗੀਤ ‘ਸਲਾਮ ਨੀ ਜਵਾਨੀਏ, ਤੈਨੂੰ ਸਲਾਮ/ ਆਉਣ ਵਾਲਾ ਕੱਲ੍ਹ ਤੇਰੇ ਨਾਮ’ ਨਾਲ ਕੀਤੀ ਤੇ ਫਿਰ ਹਰਦੀਪ ਕੋਟਗੁਰੂ ਨੇ ਪਾਸ਼ ਦੀ ਗ਼ਜ਼ਲ ‘ਦਹਿਕਦੇ ਅੰਗਿਆਰਾਂ ਤੇ ਸਾਉਂਦੇ ਰਹੇ ਨੇ ਲੋਕ/ ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ’ ਗਾਈ। ਇਸ ਗ਼ਜ਼ਲਨੁਮਾ ਗੀਤ ਵਿੱਚ ‘ਲੋਕ’ ਸ਼ਬਦ ਦੀ ਸੁਰ ਸੁਣਨ ਵਾਲਿਆਂ ਦੇ ਮਨਾਂ ਵਿੱਚ ਆਪਣੇ ਇਕੱਠੇ ਤੇ ਸੰਘਰਸ਼ ਵਿੱਚ ਸਾਂਝੀਵਾਲ ਹੋਣ ਦੀਆਂ ਤਰਬਾਂ ਜਗਾਉਂਦੀ ਹੈ। ਗੁਰਲੀਨ ਕੌਰ, ਅਸੀਮ, ਸੀਨੂੰ, ਸੈਮੀ, ਗੁਰਵਿੰਦਰ ਸਿੰਘ, ਨਵੀਨ, ਅੰਸ਼ ਤੇ ਹੋਰਨਾਂ ਨੇ ਪਾਸ਼ ਦੇ ਗੀਤ ਜਿਵੇਂ ‘ਪੈਰਾਂ ਦੀ ਮਿੱਟੀਏ ਪਹਾੜ ਬਣ ਜਾਈਂ/ ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ’, ‘ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ/ ਨੱਚੇਗਾ ਅੰਬਰ ਭੂਮੀ ਗਾਊ ਹਾਣੀਆਂ’ ਆਦਿ ਗਾਏ। ਲੋਕਾਂ ਦਾ ਪਾਸ਼ ਦੇ ਗੀਤਾਂ ਲਈ ਹੁੰਗਾਰਾ ਲਾਮਿਸਾਲ ਸੀ। ਇਕਬਾਲ ਕੌਰ ਉਦਾਸੀ ਨੇ ਆਪਣੀ ਲਰਜ਼ਦੀ ਆਵਾਜ਼ ਵਿੱਚ ਆਪਣੇ ਪਿਤਾ ਦਾ ਲਿਖਿਆ ਗੀਤ ਸੁਣਾਇਆ ਤੇ ਫਿਰ ਪਾਸ਼ ਦੇ ਸਾਥੀ ਰਹੇ ਦੀਪ ਕਲੇਰ ਤੇ ਸਾਡੇ ਸਮਕਾਲੀ ਸੁਰਜੀਤ ਜੱਜ ਨੇ ਆਪਣਾ ਕਲਾਮ ਪੇਸ਼ ਕੀਤਾ। ਲੋਕ ਸਮੂਹ ਵਿੱਚ ਕਈ ਪੀੜ੍ਹੀਆਂ ਹਾਜ਼ਰ ਸਨ।

ਪਾਸ਼-ਹੰਸ ਰਾਜ ਯਾਦਗਾਰੀ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੀ ਮੈਂਬਰ ਡਾ. ਅਰੀਤ ਕੌਰ, ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਰਾਜਿੰਦਰ ਭਦੌੜ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ, ਸ਼ਹੀਦ ਭਗਤ ਸਿੰਘ ਦੇ ਭਣੇਵੇਂ ਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋ. ਜਗਮੋਹਨ ਸਿੰਘ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਸਾਰੇ ਵਕਤਿਆਂ ਨੇ ਪਾਸ਼ ਤੇ ਉਸ ਦੀ ਕਵਿਤਾ ਨੂੰ ਯਾਦ ਕਰਨ ਦੇ ਨਾਲ ਨਾਲ ਇਹ ਮੰਗ ਕੀਤੀ ਕਿ ਪਿੰਡ ਵਿੱਚ ਦੋ ਦਹਾਕਿਆਂ ਤੋਂ ਵੀ ਪਹਿਲਾਂ ਪਾਸ਼ ਦੇ ਦੋਸਤਾਂ ਤੇ ਸਾਥੀਆਂ ਵੱਲੋਂ ਉਸਾਰੇ ਗਏ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਪੁਰਾਣੇ ਰੂਪ ਨੂੰ ਕਾਇਮ ਰੱਖਿਆ ਜਾਵੇ ਤੇ ਉਸ ਨਾਲ ਛੇੜਛਾੜ ਨਾ ਕੀਤੀ ਜਾਏ। ਦੂਸਰੀ ਮੰਗ ਇਹ ਸੀ ਕਿ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ ’ਤੇ ਹਮਲਾ ਕਰਨ ਅਤੇ ਉਸ ਵਿਰੁੱਧ ਜਾਤੀ-ਸੂਚਕ ਸ਼ਬਦ ਵਰਤਣ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਏ। ਪ੍ਰੋ. ਪਰਮਿੰਦਰ ਸਿੰਘ ਨੇ ਮੰਗਾਂ ਸਬੰਧੀ ਮਤਾ ਪੇਸ਼ ਕੀਤਾ; ਮੰਚ ਤੇ ਅਮੋਲਕ ਸਿੰਘ ਦਾ ਸੰਚਾਲਨ ਹਮੇਸ਼ਾ ਵਾਂਗ ਗੂੰਜਵਾਂ ਤੇ ਚੜ੍ਹਦੀ ਕਲਾ ਵਾਲਾ ਸੀ।

ਪ੍ਰੋਗਰਾਮ ਦੇ ਅਖ਼ੀਰ ਵਿੱਚ ਪਾਸ਼ ਦੀ ਕਵਿਤਾ, ਡਾਇਰੀ ਤੇ ਚਿੱਠੀਆਂ ’ਤੇ ਆਧਾਰਿਤ ਮੇਰਾ ਲਿਖਿਆ ਨਾਟਕ ‘ਅਸੀਂ ਲੜਾਂਗੇ ਸਾਥੀ’ ਮੰਚ ਰੰਗਮੰਚ ਅੰਮ੍ਰਿਤਸਰ ਨੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤਾ। ਪਾਸ਼ ਦੇ ਤਲਵੰਡੀ ਸਲੇਮ ਤੇ ਇਸ ਦੇ ਆਲੇ-ਦੁਆਲੇ ਬਾਰੇ ਅਨੁਭਵ, ਜਿਵੇਂ ਉਸ ਦੀਆਂ ਕਵਿਤਾਵਾਂ ਤੇ ਹੋਰ ਲਿਖਤਾਂ ਵਿੱਚ ਪੇਸ਼ ਹੋਏ ਹਨ, ਇਸ ਨਾਟਕ ਦਾ ਧੁਰਾ ਸਨ। ਇਸ ਤਰ੍ਹਾਂ ਲਹਿੰਦੇ ਪੰਜਾਬ ਦੇ ਸਿਰਮੌਰ ਸਿਰਜਕ ਨਜਮ ਹੁਸੈਨ ਸੱਯਦ ਦੀ ਨਜ਼ਮ ਦੀ ਇੱਕ ਸਤਰ ‘ਤੂੰ ਵਗ ਨੀ ਕਮਲੀਏ ’ਵਾਏ/ ਤੈਨੂੰ ਰੋਕਣ ਵਾਲਾ ਕੌਣ’ ’ਤੇ ਆਧਾਰਿਤ ਗੀਤ ਨਾਟਕ ਦਾ ਇੱਕ ਹੋਰ ਧੁਰਾ ਹੋ ਨਿੱਬੜਿਆ।

ਕੇਵਲ ਧਾਲੀਵਾਲ ਦੀ ਪੇਸ਼ਕਾਰੀ, ਕੁਸ਼ਾਗਰ ਕਾਲੀਆ ਦੇ ਸੰਗੀਤ ਤੇ ਗਾਇਕੀ ਅਤੇ ਸਾਜਨ ਕੋਹਿਨੂਰ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ। ਮੈਂ ਵੇਖਿਆ ਕਿ ਕਿਵੇਂ ਲੋਕ ਸ਼ਾਇਰੀ ਨਾਲ ਆਪਣਾ ਰਿਸ਼ਤਾ ਗੰਢਦੇ ਤੇ ਉਸ ਸ਼ਾਇਰੀ ਨੂੰ ਮਾਣਦੇ ਤੇ ਜਿਊਂਦੇ ਹਨ ਜਿਸ ਵਿਚਲਾ ਸੇਕ ਅਤੇ ਉਨ੍ਹਾਂ ਦੇ ਜ਼ਿੰਦਗੀ ਤੇ ਦਿਲਾਂ ਦਾ ਸੇਕ ਇਕਮਿਕ ਹੋ ਜਾਣ। ਨਾਟਕ ਵਿੱਚ ਪਾਸ਼ ਸੀ, ਉਸ ਦੇ ਪਿੰਡ ਦਾ ਕਿਰਤੀ ਸੀ (ਉਸ ਦੀ ਭੂਮਿਕਾ ਗੁਰਦਿੱਤ ਨੇ ਨਿਭਾਈ) ਤੇ ਦੇਸ਼ ਦੇ ਹੋਰ ਕੋਨਿਆਂ ਤੋਂ ਆਏ ਵਿਦਿਆਰਥੀ ਤੇ ਨੌਜਵਾਨਾਂ ਦੇ ਕਿਰਦਾਰ (ਅਦਾਕਾਰ: ਹਰਪ੍ਰੀਤ ਸਿੰਘ, ਜਸਵੰਤ ਸਿੰਘ ਤੇ ਨਿਤਿਨ ਕਪੂਰ) ਸਨ ਜਿਨ੍ਹਾਂ ਨੂੰ ਕੌਕਰੋਚ ਕਿਹਾ ਗਿਆ ਹੈ। ਨਾਟਕ ਦੇ ਅੰਤ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਖੜ੍ਹੇ ਹੋ ਕੇ ਪਾਸ਼ ਦੀ ਨਜ਼ਮ ‘ਅਸੀਂ ਲੜਾਂਗੇ ਸਾਥੀ’ ਅਤੇ ਹੋਰ ਨਜ਼ਮਾਂ ਤੇ ਗੀਤ ਗਾਉਣ ਨੇ ਅਜਿਹਾ ਤਲਿੱਸਮ ਭਰਿਆ ਸਮਾਂ ਪੈਦਾ ਕੀਤਾ, ਜਿਸ ਦਾ ਨਿੱਘ ਸਾਰਿਆਂ ਦੇ ਮਨਾਂ ਵਿੱਚ ਬਹੁਤ ਦੇਰ ਤੱਕ ਕਾਇਮ ਰਹੇਗਾ। ਨਜਮ ਹੁਸੈਨ ਸੱਯਦ ਨੇ ਲਾਹੌਰ ਦੇ ਇੱਕ ਲਿਖਾਰੀ ਲਈ ਇਹ ਬੋਲ ਲਿਖੇ ਨੇ, ‘‘ਅਖੇ ਹੱਕੀ ਗੱਲ ਸੁਣਾ ਚਲਿਆ ਜੇ/ ਮੁੱਕਦੀ ਅੱਜ ਮੁਕਾ ਚਲਿਆ ਜੇ/ ਪੜ੍ਹੋ ਤੇ ਝੱਖੜ ਬਣਕੇ ਜਿਮੀਂ ’ਤੇ ਝੁੱਲੋ/ ਫਿਰ ਬੁੱਲਾ ਹੋ ਕੇ ਜਾ ਲੱਗੋ ਅਸਮਾਨੀਂ।’’ ਪਾਸ਼ ਦੀ ਸ਼ਾਇਰੀ ਦਾ ਵੀ ਇਹੋ ਹੀ ਸੁਨੇਹਾ ਏ, ਹੱਕੀ ਗੱਲਾਂ ਵਾਲੀ ਸ਼ਾਇਰੀ ਲਿਖੋ ਤੇ ਪੜ੍ਹੋ ਤੇ ਝੱਖੜ ਬਣ ਕੇ ਜਿਮੀਂ ’ਤੇ ਝੁੱਲੋ। ਤੇ ਇਹ ਸੁਨੇਹਾ ਤਲਵੰਡੀ ਸਲੇਮ ਵਿੱਚ ਸਾਕਾਰ ਹੋਇਆ।

ਪਾਸ਼ ਦੇ ਪਿੰਡ ਵਿੱਚ ਖਲੋ ਕੇ ਪਾਸ਼ ਨੂੰ ਯਾਦ ਕਰਦਿਆਂ ਮੈਨੂੰ ਨਜਮ ਹੁਸੈਨ ਸੱਯਦ ਤੇ ਨਾਲ ਨਾਲ ਰਸੂਲ ਹਮਜ਼ਾਤੋਵ ਦੀਆਂ ਲਿਖਤਾਂ ਤੇ ਪਾਸ਼ ਦੇ ਸਮਕਾਲੀ ਕਵੀਆਂ ਦੀ ਸ਼ਾਇਰੀ ਯਾਦ ਆਈ, ਜੋ ਮੇਰੇ ਦਿਲ ਦੇ ਬਹੁਤ ਨੇੜੇ ਨੇ। ਪਾਸ਼ ਦੇ ਆਪਣੀ ਡਾਇਰੀ ਵਿੱਚ ਪਿੰਡ ਬਾਰੇ ਇੰਦਰਾਜਾਂ ਵਿੱਚ ਮੈਨੂੰ ਰਸੂਲ ਹਮਜ਼ਾਤੋਵ ਦੀ ਆਪਣੇ ਪਿੰਡ ਬਾਰੇ ਯਾਦਾਂ ਵਾਲੀ ਝਲਕ ਤੇ ਰਮਜ਼ ਦਿਖਾਈ ਦਿੱਤੀ। ਆਪਣੀ ਕਿਤਾਬ ‘ਮੇਰਾ ਦਾਗ਼ਿਸਤਾਨ’ ਵਿੱਚ ਰਸੂਲ ਨੇ ਆਪਣੇ ਪਿੰਡ ਤਸਾਦਾ ਨੂੰ ਯਾਦ ਕਰਦਿਆਂ ਇਸ ਕਿਤਾਬ ਦੀ ਯਾਤਰਾ ਆਰੰਭੀ ਤੇ ਲਿਖਿਆ, ‘‘ਤਸਾਦਾ। ਸੱਤਰ ਨਿੱਘੇ ਚੁਲ੍ਹੇ। ਸੱਤਰ ਧੁੰਕਸ਼ਾਂ ਵਿੱਚੋਂ ਨਿਰਮਲ ਪਹਾੜੀ ਆਕਾਸ਼ ਵੱਲ ਨੂੰ ਜਾਂਦਾ ਨੀਲਾ ਧੂੰਆਂ। ਕਾਲੀ ਮਿੱਟੀ ਉੱਤੇ ਖੜ੍ਹੀਆਂ ਚਿੱਟੀਆਂ ਸਕਲੀਆਂ। ਆਊਲ ਤੇ ਚਿੱਟੀਆਂ ਝੁੱਗੀਆਂ ਦੇ ਸਾਹਮਣੇ ਪਾਸੇ ਪੱਧਰੇ ਹਰੇ ਖੇਤ। ਪਿੰਡ ਤੋਂ ਪਾਰ ਪਹਾੜ। ਸਲੇਟੀ ਚੱਟਾਨਾਂ ਸਾਡੀ ਆਊਲ ਦੇ ਉੱਤੇ ਝੁਕੀਆਂ ਹੋਈਆਂ ਹਨ, ਕਿੰਨੇ ਸਾਰੇ ਬੱਚਿਆਂ ਵਾਂਗ ਜਿਹੜੇ ਵਿਹੜੇ ਵਿੱਚ ਹੋ ਰਹੇ ਵਿਆਹ ਨੂੰ ਦੇਖਣ ਲਈ ਪੱਧਰੀ ਛੱਤ ਉੱਤੇ ਇਕੱਠੇ ਹੋ ਗਏ ਹੋਣ। … ਤਸਾਦਾ! ਮੈਂ ਤੇਰੇ ਖੇਤਾਂ ਵਿੱਚ ਭੌਂਦਾ ਫਿਰਦਾ ਹਾਂ ਤੇ ਸਵੇਰ ਦੀ ਠੰਢੀ ਤ੍ਰੇਲ ਮੇਰੇ ਥੱਕੇ ਪੈਰਾਂ ਨੂੰ ਧੋਂਦੀ ਹੈ। ਮੈਂ ਆਪਣਾ ਮੂੰਹ ਧੋਂਦਾ ਹਾਂ, ਪਹਾੜੀ ਨਦੀਆਂ ਦੇ ਪਾਣੀ ਨਾਲ ਵੀ ਨਹੀਂ ਸਗੋਂ ਚਸ਼ਮਿਆਂ ਦੇ ਪਾਣੀਆਂ ਨਾਲ। ਕਹਿੰਦੇ ਨੇ ਕਿ ਜੇ ਤਿਹਾਏ ਹੋ ਤਾਂ ਧਰਤੀ ਤੋਂ ਫੁੱਟਦੇ ਚਸ਼ਮੇ ਤੋਂ ਪਾਣੀ ਪੀਓ। ਇਹ ਵੀ ਕਹਿੰਦੇ ਨੇ – ਤੇ ਪਿਤਾ ਜੀ ਨੇ ਵੀ ਇਹੀ ਕਿਹਾ ਸੀ – ਕਿ ਸਿਰਫ਼ ਦੋ ਮੌਕਿਆਂ ਉੱਤੇ ਆਦਮੀ ਨੂੰ ਗੋਡਿਆਂ ਭਾਰ ਹੋਣਾ ਚਾਹੀਦਾ ਹੈ- ਚਸ਼ਮੇ ਤੋਂ ਪਾਣੀ ਪੀਣ ਲਈ ਤੇ ਫੁੱਲ ਤੋੜਨ ਲਈ। ਤਸਾਦਾ, ਤੂੰ ਮੇਰਾ ਚਸ਼ਮਾ ਏਂ। ਮੈਂ ਗੋਡਿਆਂ ਭਾਰ ਹੁੰਦਾ ਤੇ ਤੇਰੇ ਲੰਮੇ ਲੰਮੇ ਘੁੱਟ ਭਰਦਾ ਹਾਂ।’’

ਰਸੂਲ ਹਮਜ਼ਾਤੋਵ ਤੇ ਹੋਰ ਕਈ ਲੇਖਕਾਂ ਨੇ ਆਪਣੇ ਪਿੰਡਾਂ ਨੂੰ ਇਸੇ ਭਾਵਨਾਮਈ ਅੰਦਾਜ਼ ਨਾਲ ਯਾਦ ਕੀਤਾ ਤੇ ਚਿਤਰਿਆ ਹੈ। ਪੰਜਾਬੀ ’ਚ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ ਤੇ ਮੋਹਨ ਕਾਹਲੋਂ ਜਿਹੇ ਨਾਵਲਕਾਰਾਂ ਅਤੇ ਗਿਆਨੀ ਗੁਰਦਿੱਤ ਸਿੰਘ ਜਿਹੇ ਵਾਰਤਕ ਲੇਖਕਾਂ ਨੇ ਪੰਜਾਬ ਦੇ ਪਿੰਡਾਂ ਦੇ ਨਿੱਘ ਨੂੰ ਅਮਰ ਸਾਹਿਤਕ ਦ੍ਰਿਸ਼ਾਂ ਵਿੱਚ ਤਬਦੀਲ ਕੀਤਾ ਹੈ। ਇਨ੍ਹਾਂ ਸਭ ਲੇਖਕਾਂ ਨੇ ਸਾਰੀ ਦੁਨੀਆ ਦੇਖੀ ਸੀ ਪਰ ਸਾਰਿਆਂ ਨੇ ਓਹੀ ਮਹਿਸੂਸ ਕੀਤਾ ਸੀ ਜਿਵੇਂ ਰਸੂਲ ਹਮਜ਼ਾਤੋਵ ਨੇ ਸੱਤ੍ਵਰ ਘਰਾਂ ਵਾਲੇ ਆਪਣੇ ਪਿੰਡ ਤਸਾਦਾ ਨੂੰ ਮੁੜਦਿਆਂ ਮਹਿਸੂਸ ਕੀਤਾ।

1970ਵਿਆਂ ਵਿੱਚ ਜਵਾਨ ਹੋਈ ਪੀੜ੍ਹੀ ਵਿੱਚ ਪਾਸ਼ ਦੇ ਨਾਲ ਨਾਲ ਸੁਰਜੀਤ ਪਾਤਰ, ਅਮਰਜੀਤ ਚੰਦਨ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਹਲਵਾਰਵੀ, ਦਰਸ਼ਨ ਖਟਕੜ, ਕਰਤਾਰ ਕੈਂਥ, ਸੰਤ ਸੰਧੂ, ਫਤਿਹਜੀਤ ਤੇ ਹੋਰਨਾਂ ਨੇ ਪੰਜਾਬੀ ਕਵਿਤਾ ਵਿੱਚ ਨਵੀਆਂ ਸੰਗਰਾਮਮਈ ਪੈੜਾਂ ਪਾਈਆਂ ਹਨ; ਸੁਰਜੀਤ ਪਾਤਰ ਨੇ ਇਨ੍ਹਾਂ ਕਵੀਆਂ ਦੁਆਰੇ ਲਿਖੇ ਗਏ ਹਰਫ਼ਾਂ ਨੂੰ ਏਦਾਂ ਪਰਿਭਾਸ਼ਤ ਕੀਤਾ ਹੈ, ‘‘ਇਹ ਜੁ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ/ ਇਹ ਜੁ ਮਰਮਰ ’ਚ ਉਕਰੇ ਨੇ ਮਿਟ ਜਾਣਗੇ/ ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ/ ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ।’’ ਤਲਵੰਡੀ ਸਲੇਮ ਵਿੱਚ ਲੋਕਾਂ ਨੇ ਪਾਸ਼ ਦੇ ਬਲਦੇ ਹੱਥਾਂ ਨਾਲ ਲਿਖੇ ਹਰਫ਼ਾਂ ਦੇ ਸੇਕ ਨੂੰ ਮਹਿਸੂਸ ਕੀਤਾ, ਮਾਣਿਆ, ਗਾਇਆ ਤੇ ਇਸ ਸਮੂਹਿਕ ਭਾਵਨਾ ਨੇ ਸਭ ਨੂੰ ਊਰਜਿਤ ਕੀਤਾ।

ਨੌਂ ਸਤੰਬਰ ਨੂੰ ਜਿੱਥੇ ਉੱਥੇ ਜੁੜੇ ਸਭ ਲੋਕਾਂ ਨੇ ਪਾਸ਼ ਦੀ ਸ਼ਾਇਰੀ ਨੂੰ ਮਾਣਦਿਆਂ ਲੋਕ-ਹੱਕਾਂ ਦੇ ਸੰਘਰਸ਼ ਨਾਲ ਜੁੜੇ ਰਹਿਣ ਤੇ ਏਕਤਾ ਦਾ ਸੁਨੇਹਾ ਦਿੱਤਾ, ਉੱਥੇ ਮਨ ਵਿੱਚ ਇੱਕ ਚੀਸ ਵੀ ਸੀ/ਹੈ ਕਿ ਇਹ ਸਮਾਗਮ ਉੱਥੇ ਨਹੀਂ ਹੋ ਸਕਿਆ ਜਿੱਥੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਹੁੰਦਾ ਰਿਹਾ ਹੈ। ਉਸ ਯਾਦਗਾਰੀ ਕੰਪਲੈਕਸ ਨੂੰ ਹੁਣ ਵਿਵਾਦਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ, ਕੇਸ ਅਦਾਲਤ ਤੱਕ ਪਹੁੰਚਿਆ ਹੈ; ਪਿੰਡ ਦੀ ਸਾਂਝ ਵਿੱਚ ਤਰੇੜ ਆਈ ਹੈ। ਮੈਨੂੰ ਨਜਮ ਹੁਸੈਨ ਸਯੱਦ ਦੀ ਕਵਿਤਾ ‘ਬਾਰ ਦੀ ਵਾਰ’ ਦੀ ਯਾਦ ਆਈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿੰਦੇ ਹਨ, ‘‘ਸਾਂਝ ਬਿਨਾਂ ਸਭ ਵਾਂਝ ਮੀਆਂ ਮਰਦਾਨਿਆ।

Share this content:

Post Comment