ਨਵੀਂ ਦਿੱਲੀ, 12 ਸਤੰਬਰ – ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਅਕਸਰ ਆਪਣੀ ਆਰਥਿਕ ਸਥਿਤੀ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਉੱਥੇ ਮਹਿੰਗਾਈ ਆਪਣੇ ਪੰਖ ਫੈਲਾ ਰਹੀ ਹੈ। ਪਾਕਿਸਤਾਨ ਵਿੱਚ ਮਹਿੰਗਾਈ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪਾਕਿਸਤਾਨ ਬਿਊਰੋ ਆਫ਼ ਸਟੈਟਿਸਟਿਕਸ (PBS) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, 10 ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਸੈਂਸਟਿਵ ਪ੍ਰਾਈਸ ਇੰਡੈਕਸ (SPI) ਸਾਲਾਨਾ ਆਧਾਰ ‘ਤੇ 8.62% ਵਧ ਗਿਆ। ਮਹਿੰਗਾਈ ਵਿੱਚ ਸਭ ਤੋਂ ਵੱਡਾ ਯੋਗਦਾਨ ਪਿਆਜ਼ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਦਾ ਰਿਹਾ।
ਬਾਲਣ, ਆਟਾ ਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਬਣੀਆਂ ਰੌਕੇਟ
ਅੰਕੜਿਆਂ ਮੁਤਾਬਕ, ਪਿਛਲੇ ਸਾਲ ਦੀ ਤੁਲਨਾ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ 125.52 ਫ਼ੀਸਦੀ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ LPG 55.42 ਫ਼ੀਸਦੀ, ਡੀਜ਼ਲ 45.26 ਫ਼ੀਸਦੀ, ਪੈਟਰੋਲ 39.10 ਫ਼ੀਸਦੀ, ਕਣਕ ਦਾ ਆਟਾ 30.18 ਫ਼ੀਸਦੀ ਅਤੇ ਪਹਿਲੀ ਤਿਮਾਹੀ ਦੀਆਂ ਬਿਜਲੀ ਦਰਾਂ 25.24 ਫ਼ੀਸਦੀ ਮਹਿੰਗੀਆਂ ਹੋਈਆਂ। Dawn ਮੁਤਾਬਕ ਹੋਰ ਜ਼ਰੂਰੀ ਸਾਮਾਨਾਂ ਵਿੱਚ ਲਾਲ ਮਿਰਚ ਪਾਊਡਰ 16.37 ਫ਼ੀਸਦੀ, ਮਟਨ 15.92 ਫ਼ੀਸਦੀ, ਬੀਫ਼ 13.28 ਫ਼ੀਸਦੀ, ਕੇਲਾ 10.51 ਫ਼ੀਸਦੀ, ਤਾਜ਼ਾ ਦੁੱਧ 8.12 ਫ਼ੀਸਦੀ ਅਤੇ ਸਾਧਾਰਨ ਬ੍ਰੈੱਡ 8.09 ਫ਼ੀਸਦੀ ਮਹਿੰਗੀ ਹੋਈ।
ਸਸਤੀਆਂ ਹੋਈਆਂ ਇਹ ਖਾਣ-ਪੀਣ ਦੀਆਂ ਚੀਜ਼ਾਂ
ਮਹਿੰਗਾਈ ਦਾ ਜ਼ੋਰਦਾਰ ਝਟਕਾ ਦੇਣ ਵਾਲੇ ਪਾਕਿਸਤਾਨ ਵਿੱਚ ਕੁੱਝ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ ‘ਤੇ ਕਮੀ ਵੀ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਆਲੂ ਦੀਆਂ ਕੀਮਤਾਂ 35.21 ਫ਼ੀਸਦੀ, ਚਿਕਨ 24.30 ਫ਼ੀਸਦੀ, ਚੀਨੀ 20.88 ਫ਼ੀਸਦੀ, ਆਂਡੇ 19.95 ਫ਼ੀਸਦੀ, ਟਮਾਟਰ 17.65 ਫ਼ੀਸਦੀ, ਨਮਕ ਪਾਊਡਰ 13.96 ਫ਼ੀਸਦੀ, ਛੋਲਿਆਂ ਦੀ ਦਾਲ 13.52 ਫ਼ੀਸਦੀ ਅਤੇ ਮਸਰਾਂ ਦੀ ਦਾਲ 12.26 ਫ਼ੀਸਦੀ ਸਸਤੀਆਂ ਹੋਈਆਂ।
1 ਹਫ਼ਤੇ ‘ਚ ਤੇਜ਼ੀ ਨਾਲ ਵਧੀ ਮਹਿੰਗਾਈ
ਗੁਆਂਢੀ ਦੇਸ਼ ਵਿੱਚ ਹਫ਼ਤਾਵਾਰੀ ਆਧਾਰ ‘ਤੇ ਵੀ ਮਹਿੰਗਾਈ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 10 ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ SPI 0.23 ਫ਼ੀਸਦੀ ਵਧਿਆ। ਹਫ਼ਤੇ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿੱਚ 6.18 ਫ਼ੀਸਦੀ ਅਤੇ ਡੀਜ਼ਲ ਵਿੱਚ 5.49 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। LPG 4.32 ਫ਼ੀਸਦੀ ਮਹਿੰਗੀ ਹੋਈ। ਇਸ ਤੋਂ ਇਲਾਵਾ ਮਾਂਹ ਦੀ ਦਾਲ 0.79 ਫ਼ੀਸਦੀ, ਕੱਪੜੇ ਧੋਣ ਵਾਲਾ ਸਾਬਣ 0.49 ਫ਼ੀਸਦੀ, ਕਣਕ ਦਾ ਆਟਾ 0.47 ਫ਼ੀਸਦੀ, ਮਸਰਾਂ ਦੀ ਦਾਲ 0.46 ਫ਼ੀਸਦੀ, ਸਰ੍ਹੋਂ ਦਾ ਤੇਲ 0.36 ਫ਼ੀਸਦੀ, ਪੰਜ ਲੀਟਰ ਕੁਕਿੰਗ ਆਇਲ 0.23 ਫ਼ੀਸਦੀ, ਇਰੀ-6/9 ਚੌਲ 0.18 ਫ਼ੀਸਦੀ ਅਤੇ 2.5 ਕਿਲੋਗ੍ਰਾਮ ਵਨਸਪਤੀ ਘਿਓ 0.11 ਫ਼ੀਸਦੀ ਮਹਿੰਗਾ ਹੋਇਆ। PBS ਅਨੁਸਾਰ, SPI ਵਿੱਚ ਸ਼ਾਮਲ 51 ਵਸਤੂਆਂ ਵਿੱਚੋਂ 14 ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ, 10 ਵਸਤੂਆਂ ਦੀਆਂ ਕੀਮਤਾਂ ਵਿੱਚ ਕਮੀ ਆਈ, ਜਦਕਿ 27 ਵਸਤੂਆਂ ਦੀਆਂ ਕੀਮਤਾਂ ਸਥਿਰ ਰਹੀਆਂ।
ਮਿਡਿਲ ਈਸਟ ਜੰਗ ਦਾ ਦਿਸਿਆ ਅਸਰ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖਾੜੀ ਜੰਗ ਕਾਰਨ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਇਸ ਦੇ ਚਲਦਿਆਂ ਪਾਕਿਸਤਾਨ ਵਿੱਚ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਢੁਆਈ ਅਤੇ ਟਰਾਂਸਪੋਰਟ ਦੀ ਲਾਗਤ ਵਧਣ ਤੋਂ ਬਾਅਦ ਉਤਪਾਦਕਾਂ (ਮੈਨੂਫੈਕਚਰਰਾਂ) ਨੇ ਵਾਧੂ ਬੋਝ ਗਾਹਕਾਂ ‘ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹਫ਼ਤਾਵਾਰੀ ਅੰਕੜਿਆਂ ਅਨੁਸਾਰ, ਕਰਾਚੀ ਵਿੱਚ ਉਪਭੋਗਤਾ 20 ਕਿਲੋਗ੍ਰਾਮ ਕਣਕ ਦੇ ਬੈਗ ਲਈ ਸਭ ਤੋਂ ਵੱਧ ਕੀਮਤ ਚੁਕਾ ਰਹੇ ਹਨ, ਜਿੱਥੇ ਇਸ ਦੀ ਕੀਮਤ 2,950 ਤੋਂ 3,200 ਪਾਕਿਸਤਾਨੀ ਰੁਪਏ ਵਿਚਕਾਰ ਰਹੀ।
Post Comment