Loading Now

ਜਾਪਾਨ ਵਰਗਾ ਸਿੱਖਿਆ ਢਾਂਚਾ ਕਦੋਂ ਅਪਣਾਏਗਾ ਭਾਰਤ?

ਜਾਪਾਨ ਵਰਗਾ ਸਿੱਖਿਆ ਢਾਂਚਾ ਕਦੋਂ ਅਪਣਾਏਗਾ ਭਾਰਤ?

ਅਸੀਂ ਅਕਸਰ ਅਮਰੀਕਾ, ਆਸਟਰੇਲੀਆ ਅਤੇ ਇੰਗਲੈਂਡ ਦੇ ਸਿੱਖਿਆ ਢਾਂਚੇ ਦੀ ਉੱਤਮਤਾ ਦੀ ਚਰਚਾ ਕਰਦੇ ਰਹਿੰਦੇ ਹਾਂ, ਪਰ ਜੇਕਰ ਵਿਸ਼ਵ ਵਿੱਚ ਜਾਪਾਨ ਦੀ ਤਰੱਕੀ ਦੇ ਅਸਲ ਰਾਜ਼ ਨੂੰ ਡੂੰਘਾਈ ਨਾਲ ਦੇਖੀਏ ਤਾਂ ਇਸ ਦਾ ਮੁੱਖ ਆਧਾਰ ਉੱਥੋਂ ਦਾ ਬੇਮਿਸਾਲ ਸਿੱਖਿਆ ਢਾਂਚਾ ਹੈ। ਜਾਪਾਨ ਦੇ ਵਿੱਦਿਅਕ ਪ੍ਰਬੰਧ ਦੇ ਵਿਸਥਾਰ ਵੱਲ ਪਰਤਣ ਤੋਂ ਪਹਿਲਾਂ, ਭਾਰਤ ਅਤੇ ਜਾਪਾਨ ਦੇ ਸਿੱਖਿਆ ਢਾਂਚੇ ਦੇ ਤੁਲਨਾਤਮਕ ਅਧਿਐਨ ਉੱਤੇ ਝਾਤ ਮਾਰਨੀ ਲਾਜ਼ਮੀ ਹੈ। ਭੂਗੋਲਿਕ ਆਕਾਰ ਵਿੱਚ ਭਾਰਤ ਦੇ ਮੁਕਾਬਲੇ ਕਾਫ਼ੀ ਛੋਟਾ ਹੋਣ ਦੇ ਬਾਵਜੂਦ ਜਾਪਾਨ ਦਾ ਸਿੱਖਿਆ ਪ੍ਰਬੰਧ ਦੁਨੀਆ ਦੀਆਂ ਉੱਤਮ ਪ੍ਰਣਾਲੀਆਂ ਵਿੱਚ ਗਿਣਿਆ ਜਾਂਦਾ ਹੈ। ਜਿੱਥੇ ਭਾਰਤ ਦੀ ਸਾਖਰਤਾ ਦਰ ਲਗਪਗ 77 ਫ਼ੀਸਦੀ ਹੈ, ਉੱਥੇ ਹੀ ਜਾਪਾਨ ਦੀ ਸਾਖਰਤਾ ਦਰ ਲਗਪਗ 100 ਫ਼ੀਸਦੀ ਹੈ, ਜੋ ਉੱਥੋਂ ਦੇ ਨਾਗਰਿਕਾਂ ਵਿੱਚ ਸਿੱਖਿਆ ਪ੍ਰਤੀ ਗੰਭੀਰ ਸੋਚ ਅਤੇ ਜਾਗਰੂਕਤਾ ਨੂੰ ਦਰਸਾਉਂਦੀ ਹੈ।

ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਅਨੇਕਾਂ ਖ਼ਾਮੀਆਂ ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤ ਵਿੱਚ ਸਕੂਲੀ ਵਿਦਿਆਰਥੀਆਂ ਦੀ ਔਸਤ ਹਾਜ਼ਰੀ ਮਸਾਂ 55 ਫ਼ੀਸਦੀ ਦੇ ਆਸ-ਪਾਸ ਰਹਿੰਦੀ ਹੈ, ਜਦਕਿ ਜਾਪਾਨੀ ਸਕੂਲਾਂ ਵਿੱਚ ਇਹ ਅੰਕੜਾ 99 ਫ਼ੀਸਦੀ ਤੱਕ ਪਹੁੰਚਦਾ ਹੈ। ਭਾਵੇਂ ਭਾਰਤ ਵਿੱਚ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਵੱਲੋਂ ਹਾਜ਼ਰੀ ਲਈ 75 ਫ਼ੀਸਦੀ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਹਾਲਾਤ ਵਿੱਚ ਕੋਈ ਖ਼ਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ। ਸਾਡੇ ਦੇਸ਼ ਵਿੱਚ ਸਿੱਖਿਆ ਦਾ ਮੁੱਖ ਉਦੇਸ਼ ਕੇਵਲ ਹਾਜ਼ਰੀਆਂ ਪੂਰੀਆਂ ਕਰਕੇ ਡਿਗਰੀਆਂ ਹਾਸਲ ਕਰਨਾ ਬਣ ਗਿਆ ਹੈ, ਜਦਕਿ ਜਾਪਾਨ ਵਿੱਚ ਸਿੱਖਿਆ ਦਾ ਅਸਲ ਮਕਸਦ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣਾ ਹੈ।

ਜਾਪਾਨ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਔਸਤਨ 1:30 ਹੈ, ਜਿਸ ਨਾਲ ਅਧਿਆਪਕ ਹਰ ਬੱਚੇ ਦੇ ਹੁਨਰ ਵੱਲ ਵਿਸ਼ੇਸ਼ ਧਿਆਨ ਦੇ ਸਕਦੇ ਹਨ। ਇਸ ਦੇ ਉਲਟ, ਭਾਰਤ ਵਿੱਚ ਇੱਕ ਅਧਿਆਪਕ ਪਿੱਛੇ 50 ਤੋਂ ਵੱਧ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਤਾਂ 75 ਤੱਕ ਵਿਦਿਆਰਥੀ ਬੈਠਦੇ ਹਨ। ਸਾਡੇ ਦੇਸ਼ ਦੇ ਉਲਟ ਜਾਪਾਨ ਵਿੱਚ ਅਨੇਕਾਂ ਸਿੱਖਿਆ ਬੋਰਡਾਂ ਦੀ ਹੋਂਦ ਨਹੀਂ ਹੈ, ਸਗੋਂ ਕੌਮੀ ਪੱਧਰ ਉੱਤੇ ਕੇਵਲ ਇੱਕੋ ਸਿੱਖਿਆ ਬੋਰਡ, ਇੱਕੋ ਜਿਹਾ ਸਿਲੇਬਸ ਅਤੇ ਇੱਕੋ ਜਿਹੀਆਂ ਪਾਠ-ਪੁਸਤਕਾਂ ਲਾਗੂ ਹਨ। ਇਸ ਬੋਰਡ ਨੂੰ ‘ਐੱਮ ਈ ਐੱਸ ਟੀ’ (ਮਨਿਸਟਰੀ ਆਫ਼ ਐਜੂਕੇਸ਼ਨ, ਕਲਚਰਲ, ਸਪੋਰਟਸ ਐਂਡ ਟੈਕਨਾਲੋਜੀ) ਕਿਹਾ ਜਾਂਦਾ ਹੈ। ਜਾਪਾਨੀ ਸਕੂਲਾਂ ਵਿੱਚ ਮੁੱਖ ਤੌਰ ’ਤੇ ਜਾਪਾਨੀ ਅਤੇ ਅੰਗਰੇਜ਼ੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ, ਪਰ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਰੂਸੀ, ਕੋਰੀਅਨ ਅਤੇ ਚੀਨੀ ਭਾਸ਼ਾਵਾਂ ਵੀ ਸਿੱਖ ਸਕਦੇ ਹਨ। ਉੱਥੇ ਬੱਚਿਆਂ ਨੂੰ ‘ਕਿਤਾਬੀ ਕੀੜਾ’ ਨਹੀਂ ਬਣਾਇਆ ਜਾਂਦਾ, ਜੇਕਰ ਕੋਈ ਵਿਦਿਆਰਥੀ ਆਪਣੀ ਸੂਝ-ਬੂਝ ਨਾਲ ਕੁਝ ਨਵਾਂ ਸਿਰਜਦਾ ਹੈ ਤਾਂ ਉਸ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾਂਦੀ ਹੈ।

Share this content:

Post Comment