ਨੇਪਾਲ ਵਿੱਚ ਕੁਦਰਤੀ ਤਬਾਹੀ ਕਾਰਨ ਮਰਨ ਵਾਲਿਆੰ ਦੀ ਗਿਣਤੀ 1377 ਹੋਈ
ਨੇਪਾਲ, 10 ਸਤੰਬਰ – ਨੇਪਾਲ ਵਿੱਚ ਕੁਦਰਤ ਦੇ ਕਹਿਰ ਕਾਰਨ ਆਏ ਭਿਆਨਕ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਵਧ ਕੇ 1,377 ਹੋ ਗਈ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਲਗਾਤਾਰ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਹੜ੍ਹਾਂ ਦੀ ਲਪੇਟ ਵਿੱਚ ਆ ਕੇ ਗੁੰਮ ਹੋਏ 5,000 ਤੋਂ ਵੱਧ ਲੋਕਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਖੋਜ ਅਤੇ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। NDRRMA ਅਨੁਸਾਰ, ਸਭ ਤੋਂ ਵੱਧ ਚਿਤਵਨ ਜ਼ਿਲ੍ਹੇ ਵਿੱਚੋਂ 364 ਲਾਸ਼ਾਂ ਬਰਾਮਦ ਹੋਈਆਂ ਹਨ।
ਇਸ ਤੋਂ ਇਲਾਵਾ ਨਵਲਪਰਾਸੀ ਈਸਟ ਵਿੱਚੋਂ 228, ਨਵਲਪਰਾਸੀ ਵੈਸਟ ਵਿੱਚੋਂ 222, ਨੁਵਾਕੋਟ ਵਿੱਚੋਂ 198, ਰਸੂਵਾ ਵਿੱਚੋਂ 178, ਗੋਰਖਾ ਵਿੱਚੋਂ 77, ਧਾਦਿੰਗ ਵਿੱਚੋਂ 70 ਅਤੇ ਤਾਨਾਹੂ ਜ਼ਿਲ੍ਹੇ ਵਿੱਚੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਾਠਮੰਡੂ ਵਿੱਚ ਜ਼ੇਰੇ-ਇਲਾਜ ਦੋ ਹੋਰ ਹੜ੍ਹ ਪੀੜਤਾਂ ਨੇ ਵੀ ਦਮ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਬਰਫ਼ੀਲਾ ਤੂਫ਼ਾਨ (ਆਈਸ-ਰੌਕ ਐਵਲਾਂਚ) ਆਉਣ ਕਾਰਨ ਹਿਮਾਲੀਅਨ ਖੇਤਰ ਤੋਂ ਉੱਤਰ ਵੱਲ ਵਹਿਣ ਵਾਲੀ ਭੋਟੇਕੋਸ਼ੀ ਨਦੀ ਵਿੱਚ ਅਚਾਨਕ ਭਿਆਨਕ ਹੜ੍ਹ ਆ ਗਿਆ ਸੀ। ਇਸ ਤਬਾਹੀ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਸੈਂਕੜੇ ਮਕਾਨ, ਵਾਹਨ, ਸੜਕਾਂ, ਪੁਲ ਅਤੇ ਕਈ ਹਾਈਡ੍ਰੋਪਾਵਰ ਪ੍ਰੋਜੈਕਟ ਰੁੜ੍ਹ ਗਏ।
13,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ; ਚੀਨ ਵਾਲੇ ਪਾਸੇ ਵੀ ਭਾਰੀ ਨੁਕਸਾਨ
ਸੁਰੱਖਿਆ ਬਲਾਂ ਦੀ ਸਾਂਝੀ ਕਮਾਂਡ ਵੱਲੋਂ ਲਾਪਤਾ ਅਨੁਮਾਨਤ 5,130 ਲੋਕਾਂ ਦੀ ਭਾਲ ਲਈ ਅਭਿਆਨ ਲਗਾਤਾਰ ਜਾਰੀ ਹੈ। ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 13,656 ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਚੁੱਕਾ ਹੈ। ਚੀਨੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਕੁਦਰਤੀ ਆਫ਼ਤ ਦਾ ਅਸਰ ਚੀਨ ਦੇ ਤਿੱਬਤ ਖੇਤਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
Share this content:



Post Comment