ਵਿਦਿਆਰਥੀਆਂ ਨੂੰ ਗਿਆਨ ਦੀ ਚਿਣਗ ਲਾਉਂਦੇ ਅਧਿਆਪਕ
ਪੰਜਾਬ ਦੇ ਲੋਕਾਂ ਦੇ ਮਨਾਂ ’ਤੇ ਅਧਿਆਪਕਾਂ ਦੇ ਸ਼ਬਦਾਂ ਦਾ ਵਿਆਪਕ ਪ੍ਰਭਾਵ ਹੈ। ਹਾਲ ਹੀ ਦੇ ਸਮੇਂ ਵਿੱਚ ਇਸ ਧਰਤੀ ਨੇ ਬਹੁਤ ਸਾਰੇ ਸਤਿਕਾਰਯੋਗ ਅਧਿਆਪਕਾਂ ਨੂੰ ਵਿਦਾ ਹੁੰਦਿਆਂ ਵੇਖਿਆ ਹੈ। ਉਨ੍ਹਾਂ ਵਿੱਚੋਂ ਸਭ ਤੋਂ ਤਾਜ਼ਾ ਨਾਂ ਸਵਰਨ ਸਿੰਘ ਭੰਗੂ ਦਾ ਹੈ। ਉਹ ਬਸੀ ਗੁੱਜਰਾਂ ਅਤੇ ਚਮਕੌਰ ਸਾਹਿਬ ਨੇੜਲੇ ਪਿੰਡਾਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਸਕੂਲ ਚਲਾਉਂਦੇ ਸਨ, ਜਿਨ੍ਹਾਂ ਦੇ ਰਾਹ ਗ਼ਰੀਬੀ ਅਤੇ ਅਨਪੜ੍ਹਤਾ ਨੇ ਰੋਕੇ ਹੋਏ ਸਨ। ਉਨ੍ਹਾਂ ਨੇ ਛੋਟੀ ਉਮਰ ਦੇ ਸੈਂਕੜੇ ਮੁੰਡੇ-ਕੁੜੀਆਂ ਦੇ ਹੁਨਰ ਨੂੰ ਨਿਖਾਰਨ ਵਿੱਚ ਮਦਦ ਕੀਤੀ। ਉਹ ਦਿਆਲੂ, ਨਿਮਰ ਅਤੇ ਕੋਮਲ ਸੁਭਾਅ ਵਾਲੇ ਅਧਿਆਪਕ ਸਨ, ਜੋ ਬਰਾਬਰੀ ਵਾਲੇ ਸਮਾਜ ਦੇ ਨੈਤਿਕ ਮੁੱਲਾਂ ਅਤੇ ਸਿਧਾਤਾਂ ਨਾਲ ਮਨੋਂ ਜੁੜੇ ਹੋਏ ਸਨ। ਉਹ ਨਿਆਂ ਅਤੇ ਬਰਾਬਰੀ ਨੂੰ ਸਿਰਫ਼ ਕਾਗ਼ਜ਼ੀ ਜਾਂ ਜ਼ਬਾਨੀ ਗੱਲਾਂ ਤੱਕ ਹੀ ਸੀਮਿਤ ਨਹੀਂ ਮੰਨਦੇ ਸਨ ਸਗੋਂ ਉਨ੍ਹਾਂ ਦਾ ਸੁਪਨਾ ਸੀ ਕਿ ਇਹ ਸਿਧਾਂਤ ਸਮਾਜ ਦੇ ਹਰ ਆਖ਼ਰੀ ਵਿਅਕਤੀ ਤੱਕ ਅਮਲੀ ਰੂਪ ਵਿੱਚ ਪਹੁੰਚਣ।
ਇੱਕ ਹੋਰ ਅਧਿਆਪਕ ਨੂੰ ਪੰਜਾਬ ਤੋਂ ਬਾਹਰ ਦੇ ਲੋਕ ਮੁੱਖ ਤੌਰ ’ਤੇ ਕਵੀ ਵਜੋਂ ਜਾਣਦੇ ਹਨ, ਉਹ ਹਨ ਸੁਰਜੀਤ ਪਾਤਰ। ਵਿਦਿਆਰਥੀ ਉਨ੍ਹਾਂ ਨੂੰ ਬੇਹੱਦ ਪਿਆਰ ਕਰਦੇ ਸਨ ਤੇ ਹੁਣ ਵੀ ਕਰਦੇ ਹਨ। ਸੁਰਜੀਤ ਪਾਤਰ ਨੇ ਪੰਜਾਬੀ ਭਾਸ਼ਾ ਦੀ ਸਦਾ ਖ਼ੂਬਸੂਰਤੀ ਨਾਲ ਵਰਤੋਂ ਕੀਤੀ। ਉਨ੍ਹਾਂ ਕੋਲ ਆਪਣੇ ਸ਼ਬਦਾਂ ਅਤੇ ਅੰਦਾਜ਼ ਨਾਲ ਸਮਾਜਿਕ ਨਜ਼ਰੀਏ ਨੂੰ ਬਦਲਣ ਦੀ ਕਲਾ ਸੀ। ਪ੍ਰਾਇਮਰੀ ਸਕੂਲ ਦੇ ਬੱਚਿਆਂ ਤੋਂ ਲੈ ਕੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੱਕ ਨੇ ਉਨ੍ਹਾਂ ਦਾ ਭਰਪੂਰ ਸਤਿਕਾਰ ਕੀਤਾ। ਅਧਿਆਪਕ ਦਿਵਸ ਮੌਕੇ ਪੰਜਾਬੀ ਡਾ. ਟੀ. ਆਰ. ਸ਼ਰਮਾ ਨੂੰ ਵੀ ਯਾਦ ਕਰਦੇ ਹਨ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮਾਜ ਸੇਵਾ ਵਿਭਾਗ ਦੇ ਬਾਨੀ ਸਨ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਿੱਖਿਆ ਨਾਲ ਸਬੰਧਿਤ 52 ਕਿਤਾਬਾਂ ਲਿਖੀਆਂ। ਉਨ੍ਹਾਂ ਨੇ ਇੱਕ ਵਾਰ ਦੁੱਖ ਨਾਲ ਕਿਹਾ ਸੀ, “ਮੈਂ ਪ੍ਰਾਇਮਰੀ ਸਿੱਖਿਆ ਦੀ ਮੌਤ ਆਪਣੀਆਂ ਅੱਖਾਂ ਸਾਹਮਣੇ ਦੇਖ ਰਿਹਾ ਹਾਂ ਅਤੇ ਮੇਰੀ ਦਿਲੀ ਇੱਛਾ ਹੈ ਕਿ ਮੇਰਾ ਅੰਤ ਵੀ ਕਿਸੇ ਪ੍ਰਾਇਮਰੀ ਸਕੂਲ ਵਿੱਚ ਹੀ ਹੋਵੇ ਕਿਉਂਕਿ ਮਿਡਲ ਅਤੇ ਹਾਈ ਸਕੂਲਾਂ ਦੀ ਤਰਸਯੋਗ ਹਾਲਤ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ।”
ਪਟਿਆਲਾ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਉਨ੍ਹਾਂ ਅਧਿਆਪਕਾਂ ਵਿੱਚੋਂ ਸਨ, ਜਿਨ੍ਹਾਂ ਦੀ ਲੇਖਣੀ ਅਤੇ ਪੜ੍ਹਾਉਣ ਦਾ ਢੰਗ ਨਿਵੇਕਲਾ ਸਨ। ਉਹ ਜੋ ਪੜ੍ਹਾਉਂਦੇ, ਉਹੀ ਵਿਦਿਆਰਥੀਆਂ ਲਈ ਜ਼ਿੰਦਗੀ ਦਾ ਪਾਠ ਬਣ ਜਾਂਦਾ ਸੀ। ਇਸੇ ਤਰ੍ਹਾਂ ਸ੍ਰੀ ਚੰਦਰ ਪ੍ਰਕਾਸ਼ ਰਾਹੀ ਨੂੰ ਹਰ ਕੋਈ ਇਸ ਲਈ ਜਾਣਦਾ ਹੈ ਕਿ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਜਪੁਰਾ (ਪਟਿਆਲਾ) ਵਿੱਚ ਅੰਗਰੇਜ਼ੀ ਅਧਿਆਪਨ ਤੋਂ ਲੈ ਕੇ ਪ੍ਰਿੰਸੀਪਲ ਵਜੋਂ ਇਸ ਸਮਰਪਣ ਨਾਲ ਸੇਵਾਵਾਂ ਨਿਭਾਈਆਂ ਕਿ ਉਹ ਸਕੂਲ ਇਲਾਕੇ ਵਿੱਚ ‘ਰਾਹੀ ਸਕੂਲ’ ਵਜੋਂ ਜਾਣਿਆ ਜਾਣ ਲੱਗਾ। ਉਨ੍ਹਾਂ ਵਿੱਚ ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਵੱਖਰੀ ਕਲਾ ਸੀ। ਇਸ ਕਾਰਜ ਲਈ ਉਨ੍ਹਾਂ ਨੇ ਪੇਂਡੂ ਵਿਦਿਆਰਥੀਆਂ ਲਈ ‘ਅੰਗਰੇਜ਼ੀ ਵਿੱਚ ਵਾਕ ਬਣਤਰ ਅਤੇ ਵਿਆਕਰਣ’ ਪੁਸਤਕ ਲਿਖੀ, ਜਿਸ ਵਿੱਚ ਪੇਂਡੂ ਖੇਤਰ ਦੇ ਰੋਜ਼ਾਨਾ ਜੀਵਨ ਦੀਆਂ ਉਦਾਹਰਣਾਂ ਦੀ ਹੀ ਵਰਤੋਂ ਕੀਤੀ ਗਈ। ਸ੍ਰੀ ਚੰਦਰ ਪ੍ਰਕਾਸ਼ ਰਾਹੀ ਨੇ ਆਪਣੀ ਪੁਸਤਕ ‘ਇੱਕ ਅਧਿਆਪਕ ਦਾ ਸਫ਼ਰ’ ਵਿੱਚ ਲਿਖਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਸਮੁੱਚੇ ਅਧਿਆਪਨ ਸਫ਼ਰ ਦੌਰਾਨ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾਵਾਂ ਨੂੰ ਉਭਾਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਸਵਾਲ ਪੁੱਛਣ ਦੀ ਪ੍ਰਵਿਰਤੀ ਨੂੰ ਵਿਕਸਿਤ ਕਰਦੇ ਸਨ, ਜਿਸ ਨਾਲ ਉਨ੍ਹਾਂ ਵਿੱਚ ਗਿਆਨ ਪ੍ਰਤੀ ਹੋਰ ਰੁਚੀ ਪੈਦਾ ਹੁੰਦੀ ਸੀ। ਉਨ੍ਹਾਂ ਨੂੰ ਆਪਣੇ ਅਧਿਆਪਨ ਕਾਰਜ ਉੱਤੇ ਅੱਜ ਵੀ ਪੂਰਾ ਮਾਣ ਹੈ।
ਕੁਝ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਉਪਦੇਸ਼ ਹੀ ਨਹੀਂ ਦਿੰਦੇ ਸਗੋਂ ਆਪਣੇ ਕਰਮਾਂ ਅਤੇ ਕਿਰਦਾਰ ਰਾਹੀਂ ਇਹ ਵੀ ਦੱਸਦੇ ਹਨ ਕਿ ਮਜ਼ਲੂਮਾਂ ਦੇ ਹੱਕ ਵਿੱਚ ਕਿਵੇਂ ਖੜ੍ਹਨਾ ਹੈ। ਅਜਿਹੀ ਹੀ ਇੱਕ ਅਧਿਆਪਕਾ ਉਰਮਿਲ ਕੁਮਾਰੀ ਹਨ, ਜੋ ਆਪਣੀ ਸਾਰੀ ਤਨਖ਼ਾਹ ਬਿਰਧ ਆਸ਼ਰਮ ਨੂੰ ਦਾਨ ਕਰ ਦਿੰਦੇ ਸਨ। ਉਨ੍ਹਾਂ ਦੀ ਇਸ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਕਦਰਦਾਨਾਂ ਨੇ ਸੰਸਥਾ ਵਿੱਚ ਉਨ੍ਹਾਂ ਦਾ ਬੁੱਤ ਵੀ ਸਥਾਪਤ ਕੀਤਾ ਹੈ, ਪਰ ਉਨ੍ਹਾਂ ਨੇ ਕਦੇ ਇਸ ਦੀ ਸ਼ੇਖ਼ੀ ਨਹੀਂ ਮਾਰੀ। ਨੈਸ਼ਨਲ ਐਵਾਰਡੀ ਅਧਿਆਪਕ ਜਸਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਲਿਆਣ (ਪਟਿਆਲਾ) ਵਿੱਚ ਪੜ੍ਹਾਉਣ ਦੇ ਨਾਲ-ਨਾਲ ਪੰਜਾਬ ਪੱਧਰ ’ਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਜਗਾ ਰਹੇ ਹਨ। ਪੰਜਾਬ ਦਾ ਅਧਿਆਪਨ ਭਾਈਚਾਰਾ ਉਨ੍ਹਾਂ ਦੇ ਵਿਗਿਆਨ ਪੜ੍ਹਾਉਣ ਦੇ ਨਿਵੇਕਲੇ ਢੰਗਾਂ ਤੋਂ ਬਾਖ਼ੂਬੀ ਜਾਣੂ ਹੈ ਕਿਉਂਕਿ ਉਨ੍ਹਾਂ ਸਕੂਲਾਂ ਦੇ ਨਾਲ-ਨਾਲ ਵੱਖ-ਵੱਖ ਜਨਤਕ ਥਾਵਾਂ ’ਤੇ ਵੀ ਵਿਗਿਆਨਕ ਪ੍ਰਦਰਸ਼ਨੀਆਂ ਲਗਾਈਆਂ ਹਨ। ਭਾਰਤ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਿੱਖਿਆ ਰਾਹੀਂ ਲੋਕਾਂ ਵਿੱਚ ਵਿਗਿਆਨਕ ਸੁਭਾਅ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਜਸਵਿੰਦਰ ਸਿੰਘ ਬਿਲਕੁਲ ਇਹੀ ਕਾਰਜ ਕਰ ਰਹੇ ਹਨ; ਉਹ ਆਪਣੀ ਕਾਰ ਨੂੰ ਹੀ ਚਲਦੀ-ਫਿਰਦੀ ਵਿਗਿਆਨ ਪ੍ਰਯੋਗਸ਼ਾਲਾ ਬਣਾ ਕੇ ਪਿੰਡ-ਪਿੰਡ ਘੁੰਮਦੇ ਅਤੇ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਤਾਂਘ ਪੈਦਾ ਕਰਦੇ ਹਨ।
ਕੁਝ ਅਧਿਆਪਕ ਵਿਦਿਆਰਥੀਆਂ ਨੂੰ ਆਉਣ ਵਾਲੀ ਜ਼ਿੰਦਗੀ ਲਈ ਤਿਆਰ ਕਰਦੇ ਹਨ ਜਦੋਂਕਿ ਕੁਝ ਭਵਿੱਖ ਦੇ ਅਧਿਆਪਕ ਪੈਦਾ ਕਰਦੇ ਹਨ। ਮਾਣੂਕੇ ਪਿੰਡ ਦੇ ਪ੍ਰੋਫੈਸਰ ਰਣਧੀਰ ਸਿੰਘ ਉਨ੍ਹਾਂ ਵਿੱਚੋਂ ਇੱਕ ਅਜਿਹੇ ਹੀ ਸ਼ਖ਼ਸ ਸਨ। ਉਹ 1960ਵਿਆਂ ਦੇ ਸ਼ੁਰੂ ਤੋਂ ਲੈ ਕੇ ਸਾਲ 2000 ਤੱਕ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਵਿੱਚ ਰਾਜਨੀਤੀ ਵਿਗਿਆਨ ਪੜ੍ਹਾਉਂਦੇ ਰਹੇ। ਉਹ ਆਪਣੇ ਵਿਸ਼ੇ ਦੇ ‘ਸੁਪਰ ਸਟਾਰ’ ਅਧਿਆਪਕ ਸਨ, ਜੋ ਜ਼ਿਆਦਾਤਰ ਸਮਾਂ ਸੰਵਾਦ ਅਤੇ ਵਾਦ-ਵਿਵਾਦ ਦੇ ਢੰਗ ਨਾਲ ਪੜ੍ਹਾਉਂਦੇ ਸਨ। ਉਹ ਵਿਸ਼ਵ ਪੱਧਰ ਦੀਆਂ ਪੁਸਤਕਾਂ ਵਿੱਚੋਂ ਤਿਆਰ ਕੀਤੇ ਦਰਜਨਾਂ ਨੋਟਸ ਲੈ ਕੇ ਕਲਾਸ ਵਿੱਚ ਜਾਂਦੇ ਸਨ ਅਤੇ ਹਰ ਵਿਸ਼ੇ ਦੇ ਵਿਦਿਆਰਥੀ ਘੰਟਿਆਂਬੱਧੀ ਉਨ੍ਹਾਂ ਨੂੰ ਟਿਕਟਿਕੀ ਲਾ ਕੇ ਸੁਣਦੇ ਰਹਿੰਦੇ ਸਨ। ਉਨ੍ਹਾਂ ਨੇ ਸਿੱਖਿਆ ਪ੍ਰਤੀ ਇਹ ਅਦਭੁਤ ਜਜ਼ਬਾ ਲਾਹੌਰ ਜੇਲ੍ਹ ਦੇ ਉਸ ‘ਵਾਰਡ’ ਤੋਂ ਪ੍ਰਾਪਤ ਕੀਤਾ ਸੀ, ਜਿੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਰੱਖਿਆ ਗਿਆ ਸੀ। ਪ੍ਰੋਫੈਸਰ ਰਣਧੀਰ ਸਿੰਘ ਨੂੰ ਬਾਅਦ ਵਿੱਚ ਇਸੇ ਜੇਲ੍ਹ ਵਿੱਚ ਭਗਤ ਸਿੰਘ ਦੇ ਜਿਊਂਦੇ ਸਾਥੀਆਂ ਨਾਲ ਕੁਝ ਮਹੀਨੇ ਬਿਤਾਉਣ ਦਾ ਮੌਕਾ ਮਿਲਿਆ ਸੀ।
Share this content:



Post Comment