ਪੰਜਾਬੀ ਗਾਇਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਮਿਲੀ
ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਪੈਂਦੇ ਥਾਣਾ ਸੁਧਾਰ ਅਧੀਨ ਇਲਾਕੇ ਵਿੱਚ ਪੰਜਾਬੀ ਗਾਇਕ ਅਤੇ ਲੇਖਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਮੌਤ ਕਈ ਦਿਨ ਪਹਿਲਾਂ ਹੀ ਹੋ ਗਈ ਸੀ, ਗੁਆਂਢੀਆਂ ਅਤੇ ਪਰਿਵਾਰ ਨੂੰ ਉਦੋਂ ਪਤਾ ਲੱਗਾ, ਜਦੋਂ ਕਾਫੀ ਸਮੇਂ ਤੱਕ ਉਸ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਮਰਾ ਖੋਲ੍ਹ ਕੇ ਵੇਖਿਆ ਤਾਂ ਬਲਜੀਤ ਸਿੰਘ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ।
ਮ੍ਰਿਤਕ ਬਲਜੀਤ ਸਿੰਘ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ, ਉਸ ਦੀ ਲਾਸ਼ ਜਦੋਂ ਮਿਲੀ, ਉਹ ਸੜਨ ਲੱਗ ਗਈ ਸੀ। ਥਾਣਾ ਸੁਧਾਰ ਇੰਚਾਰਜ ਕੁਲਵਿੰਦਰ ਸਿੰਘ ਦੇ ਨਾਲ ਸਾਡੀ ਟੀਮ ਦੀ ਫੋਨ ਉਤੇ ਗੱਲਬਾਤ ਹੋਈ, ਜਿਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਨੂੰ ਉਸ ਦਿਨ ਹੀ ਸੂਚਿਤ ਕਰ ਦਿੱਤਾ ਗਿਆ ਸੀ, ਮ੍ਰਿਤਕ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਹੈ, ਮੁੱਢਲੀ ਜਾਂਚ ਤੋਂ ਇਹ ਲੱਗ ਰਿਹਾ ਹੈ ਕਿ ਉਸਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ।
ਮ੍ਰਿਤਕ ਬਲਜੀਤ ਸਿੰਘ ਦੀ ਉਮਰ ਲਗਭਗ 35 ਸਾਲ ਦੇ ਕਰੀਬ ਸੀ ਅਤੇ ਉਸ ਵੱਲੋਂ ਜ਼ਿਆਦਾਤਰ ਸਟੇਜ ਸ਼ੋਅ ਹੀ ਲਾਏ ਜਾਂਦੇ ਸਨ। ਬਲਜੀਤ ਸਿੰਘ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਸੁਧਾਰ ਥਾਣਾ ਅਧੀਨ ਆਉਂਦੇ ਪੱਟੀ ਧਾਲੀਵਾਲ ਪਿੰਡ ਦਾ ਵਸਨੀਕ ਸੀ। ਪੁਲਿਸ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਲਜੀਤ ਸਿੰਘ ਕਬੱਡੀ ਟੂਰਨਾਮੈਂਟ ਜਾਂ ਫਿਰ ਹੋਰ ਨੇੜੇ-ਤੇੜੇ ਹੋਣ ਵਾਲੇ ਸਮਾਗਮਾਂ ਵਿੱਚ ਗਾਉਂਦਾ ਸੀ, ਉਸ ਦਾ ਵਿਆਹ ਨਹੀਂ ਹੋਇਆ ਸੀ, ਇਸ ਕਰਕੇ ਉਹ ਇਕੱਲਾ ਹੀ ਘਰ ਵਿੱਚ ਰਹਿੰਦਾ ਸੀ।
ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ, ਥਾਣਾ ਸੁਧਾਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਘਰ ਵਿੱਚ ਇਕੱਲਾ ਰਹਿੰਦਾ ਸੀ, ਉਸ ਦੀਆਂ ਭੈਣਾਂ ਵਿਆਹੀਆਂ ਹੋਈਆਂ ਹਨ।
Share this content:



Post Comment