ਨਿਸ਼ਾਨ-ਏ-ਸਿੱਖੀ ਅਕੈਡਮੀ ਖਡੂਰ ਸਾਹਿਬ ਲਈ ਵਿਦਿਆਰਥੀਆਂ ਦੀ ਵਿਦਾਇਗੀ
*ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵਲੋ ਬੁੱਟਰ ਸਕੂਲ ਦੇ ਦੋ ਵਿਦਿਆਰਥੀ ਦੀ ਚੋਣ
*ਚੁਣੇ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਸਮਾਜ ਵਿਚ ਮਿਸਾਲ ਬਣਨਗੇ- ਕੈਪ. ਜਸਵੰਤ ਸਿੰਘ
*ਡਾ. ਸਰਬਜੀਤ ਕੌਰ ਬਰਾੜ, ਸਕੂਲ ਦੇ ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਵਿਦਿਆਰਥੀਆਂ ਨੂੰ ਕੀਤਾ ਰਵਾਨਾ
ਮੋਗਾ, 14 ਜੁਲਾਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਅੰਦਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਸੇਵਾ ਦੇ ਕਾਰਜਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ, ਉੱਥੇ ਵਿਦੇਸ਼ਾਂ ਦੀ ਧਰਤੀ ਉੱਪਰ ਵਸਦੇ ਪੰਜਾਬੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਸਿਧਾਂਤ ਉੱਪਰ ਚਲਦਿਆਂ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਅਜਿਹੀ ਹੀ ਮਿਸਾਲ ਪਿੰਡ ਬੁੱਟਰ ਕਲਾਂ ਵਿਖੇ ਦੇਖਣ ਨੂੰ ਮਿਲੀ ਜਿਥੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉੱਚੇਰੀ ਸਿੱਖਿਆ ਹਾਸਿਲ ਕਰਵਾਉਣ ਦੇ ਮੰਤਵ ਨਾਲ ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਦੇ ਸੰਚਾਲਕ ਕੈਪਟਨ ਜਸਵੰਤ ਸਿੰਘ ਪੰਡੋਰੀ, ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾ ਸਰਬਜੀਤ ਕੌਰ ਬਰਾੜ ਅਤੇ ਭਾਈ ਬਲਵਿੰਦਰ ਸਿੰਘ ਖਾਲਸਾ ਯੂ.ਐਸ.ਏ ਨੇ ਸਹਾਇਤਾ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੁੱਟਰ ਦੇ ਵਿਦਿਆਰਥੀਆਂ ਸੰਤੋਖ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਧਰਮਵੀਰ ਸਿੰਘ ਪੁੱਤਰ ਕਰਮਜੀਤ ਸਿੰਘ ਨੂੰ ਤਿਆਰ ਕਰਕੇ “ਨਿਸ਼ਾਨ ਏ ਸਿੱਖੀ ਅਕੈਡਮੀ ਸ਼੍ਰੀ ਖਡੂਰ ਸਾਹਿਬ” ਵਿਖੇ ਮੁਕਾਬਲੇ ਦੇ ਟੈਸਟ ਲਈ ਭੇਜਿਆ ਜਿਥੇ ਦੋਵਾਂ ਨੇ ਸਫਲਤਾ ਪ੍ਰਾਪਤ ਕੀਤੀ।
ਵਿਦਿਆਰਥੀਆਂ ਨੂੰ ਰਵਾਨਾ ਕਰਨ ਲਈ ਬੱਸ ਸਟੈਂਡ ਮੋਗਾ ਵਿਖੇ ਮਾਪੇ, ਅਧਿਆਪਕ ਅਤੇ ਸਮਾਜ ਸੇਵੀ ਇਕੱਤਰ ਹੋਏ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਦੇ ਪ੍ਰਧਾਨ ਡਾ ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਅਕਸਰ ਹੀ ਘਰਾਂ ਵਿੱਚ ਮਜਬੂਰੀਆਂ ਬਣ ਜਾਂਦੀਆਂ ਹਨ ਜਿਸ ਕਰਕੇ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ ਮਹਿੰਗੀ ਪੜ੍ਹਾਈ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਬੱਚੇ ਦਸਵੀਂ ਜਾਂ ਬਾਰਵੀਂ ਜਮਾਤ ਕਰਕੇ ਛੋਟੇ ਛੋਟੇ ਕਾਰੋਬਾਰਾਂ ਵਿੱਚ ਲੱਗਕੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਇਹ ਸਿਲਸਿਲਾ ਪੀੜੀ-ਦਰ-ਪੀੜੀ ਚੱਲਦਾ ਰਹਿੰਦਾ ਹੈ। ਸਾਨੂੰ ਬੁੱਟਰ ਸਕੂਲ ਦੇ ਸਟਾਫ ਨੇ ਹੋਣਹਾਰ ਵਿਦਿਆਰਥੀ ਸੰਤੋਖ ਸਿੰਘ ਅਤੇ ਧਰਮਵੀਰ ਸਿੰਘ ਬਾਰੇ ਦੱਸਿਆ ਜੋ ਆਪਣੀ ਬਾਰਵੀਂ ਦੀ ਪੜ੍ਹਾਈ ਪੂਰੀ ਕਰਕੇ ਭੱਠਿਆਂ ਉੱਪਰ ਮਜ਼ਦੂਰੀ ਦਾ ਕੰਮ ਕਰਨ ਲਈ ਮਜ਼ਬੂਰ ਹਨ, ਕਿਉਂਕਿ ਉਹਨਾਂ ਦੇ ਪਰਿਵਾਰਾਂ ਕੋਲ ਇੰਨੀ ਪੂੰਜੀ ਨਹੀਂ ਕਿ ਉਹ ਅੱਗੇ ਪੜ੍ਹਾ ਸਕਣ। ਅਸੀਂ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਕਿ ਨੌਜਵਾਨ ਅੱਗੇ ਪੜ੍ਹਨ ਵਾਲੇ ਹਨ, ਉਹਨਾਂ ਦੀ ਪੜ੍ਹਾਈ ਦਾ ਖਰਚਾ ਕਰਨ ਲਈ ਤਿਆਰ ਹਨ। ਮਾਪਿਆਂ ਨੇ ਵਿਦਿਆਰਥੀਆਂ ਨੂੰ ਅੱਗੇ ਪੜਾਉਣ ਦਾ ਮਨ ਬਣਾ ਲਿਆ। ਸਾਨੂੰ ਉਮੀਦ ਹੈ ਕਿ ਇਹ ਵਿਦਿਆਰਥੀ ਮਨ ਲਾ ਕੇ ਪੜ੍ਹਾਈ ਕਰਨਗੇ ਅਤੇ ਸਾਡੀਆਂ ਉਮੀਦਾਂ ਉੱਪਰ ਖਰੇ ਉਤਰਨਗੇ।
ਇਸ ਮੌਕੇ ਸਕੂਲ ਅਧਿਆਪਕਾ ਤਨਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੋਵੇ ਵਿਦਿਆਰਥੀ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚੋਂ ਹਨ ਜਿਨਾਂ ਵਿੱਚ ਅਧਿਆਪਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੇ ਨਾਲ ਨਾਲ ਆਪਣੀ ਪੜ੍ਹਾਈ ਪ੍ਰਤੀ ਪੂਰੀ ਨਿਸ਼ਠਾ ਸੀ। ਸਾਡੇ ਸਕੂਲ ਦੇ ਸਮੂਹ ਸਟਾਫ ਵੱਲੋਂ ਇਹਨਾਂ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਬਾਰਵੀਂ ਜਮਾਤ ਤੱਕ ਪੂਰੀ ਮਦਦ ਕੀਤੀ ਗਈ ਗਈ’ ਪ੍ਰੰਤੂ ਦਿਲ ਨੂੰ ਅਫਸੋਸ ਤਦ ਹੋਇਆ ਜਦ ਬਾਰਵੀਂ ਜਮਾਤ ਤੋਂ ਬਾਅਦ ਇਹ ਵਿਦਿਆਰਥੀ ਅੱਗੇ ਨਹੀਂ ਪੜ੍ਹ ਸਕੇ। ਅਸੀਂ ਸਮੂਹ ਸਟਾਫ ਹਮੇਸ਼ਾ ਰਿਣੀ ਰਹਾਂਗੇ ਸਾਡੇ ਅਧਿਆਪਕ ਕੈ: ਜਸਵੰਤ ਸਿੰਘ ਪੰਡੋਰੀ ਅਤੇ ਡਾ ਸਰਬਜੀਤ ਕੌਰ ਬਰਾੜ ਦਾ ਜਿਨਾਂ ਦੇ ਉਪਰਾਲੇ ਸਦਕਾ ਭਾਈ ਬਲਵਿੰਦਰ ਸਿੰਘ ਖਾਲਸਾ ਯੂ.ਐਸ.ਏ ਨੇ ਇਹਨਾਂ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਬੀੜਾ ਚੁੱਕਿਆ। ਸਾਨੂੰ ਉਮੀਦ ਹੈ ਇਹ ਵਿਦਿਆਰਥੀ ਉਚੇਰੀ ਸਿੱਖਿਆ ਹਾਸਿਲ ਕਰਕੇ ਸਕੂਲ, ਪਿੰਡ, ਪਰਿਵਾਰ, ਜਿਲੇ ਅਤੇ ਉਹਨਾਂ ਵੀਰਾਂ ਦਾ ਨਾਮ ਰੌਸ਼ਨ ਕਰਨਗੇ ਜਿਨਾਂ ਦੇ ਉਪਰਾਲੇ ਸਦਕਾ ਇਹ ਨਵੇਂ ਮਿਸ਼ਨ ਲਈ ਰਵਾਨਾ ਹੋ ਰਹੇ ਹਨ।
ਕੈਪਟਨ ਜਸਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਹ ਲੋੜਵੰਦ ਪਰਿਵਾਰਾਂ, ਲੜਕੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਹਨਾਂ ਕਿਹਾ ਕਿ ਭਾਈ ਬਲਵਿੰਦਰ ਸਿੰਘ ਖਾਲਸਾ ਯੂਐਸਏ, ਇੰਜ ਨਿਰਮਲ ਸਿੰਘ ਮਾਹਲਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਮੇ ਸਮੇਂ ਅਨੇਕਾਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਜਾ ਰਿਹਾ ਹੈ, ਸਮਾਜ ਵਿੱਚ ਫੈਲੀਆਂ ਬੁਰਾਈਆਂ ਤੋਂ ਦੂਰ ਰਹਿਣ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਵੇਂ ਸਫਰ ਲਈ ਜਾਣ ਵਾਲੇ ਇਨਾਂ ਦੋਵੇ ਵਿਦਿਆਰਥੀ ਸੰਤੋਖ ਸਿੰਘ ਅਤੇ ਧਰਮਵੀਰ ਸਿੰਘ ਲਈ ਨਵੇਂ ਦਰਵਾਜੇ ਖੁਲ੍ਹੇ ਹਨ ਜਿੱਥੇ ਇਹ ਦੋਵੇਂ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਪੀ.ਐਚ.ਡੀ ਤੱਕ ਪੜ੍ਹਾਈ ਕਰ ਸਕਣਗੇ।
ਇਹ ਵਿਦਿਆਰਥੀ ਐਨ.ਡੀ.ਏ, ਆਈ.ਐਮ.ਏ, ਆਈ.ਏ.ਐਸ, ਆਈ.ਪੀ.ਐਸ ਤੱਕ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਸਕਦੇ ਹਨ। ਨਿਸ਼ਾਨ ਏ ਸਿੱਖੀ ਅਕੈਡਮੀ ਸ਼੍ਰੀ ਖਡੂਰ ਸਾਹਿਬ ਤੋਂ ਸਿੱਖਿਆ ਪ੍ਰਾਪਤ ਕਰਕੇ ਉਚ ਅਫਸਰ ਬਣ ਕੇ ਸਮਾਜ ਵਿੱਚ ਵਿਚਰਨਗੇ। ਡਾ ਸਰਬਜੀਤ ਕੌਰ ਬਰਾੜ, ਕੈਪ ਜਸਵੰਤ ਸਿੰਘ ਪੰਡੋਰੀ ਇਕੱਤਰ ਹੋਏ ਅਧਿਆਪਕਾਂ ਤੇ ਪਤਵੰਤਿਆਂ ਵੱਲੋਂ ਦੋਹਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਚੇਰੀ ਪੜ੍ਹਾਈ ਲਈ ਰਵਾਨਾ ਕੀਤਾ ਗਿਆ। ਦੋਹਾਂ ਵਿਦਿਆਰਥੀਆਂ ਨੇ ਸਮੂਹ ਸਕੂਲ ਸਟਾਫ, ਭਾਈ ਬਲਵਿੰਦਰ ਸਿੰਘ ਖਾਲਸਾ ਯੂਐਸਏ, ਬਾਪੂ ਮੁਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਅਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਦਾ ਸਮੁੱਚੇ ਰੂਪ ਵਿੱਚ ਧੰਨਵਾਦ ਕੀਤਾ, ਜਿਨਾਂ ਨੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਬੀੜਾ ਚੁੱਕਿਆ।
ਕੈਪਟਨ ਜਸਵੰਤ ਸਿੰਘ ਪੰਡੋਰੀ ਸੰਚਾਲਕ ਬਾਪੂ ਮੁੰਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਾਈਆਂ ਦੋਹਾਂ ਵਿਦਿਆਰਥੀਆਂ ਨੂੰ ਨਿਸ਼ਾਨ-ਏ-ਸਿੱਖੀ ਅਕੈਡਮੀ ਖਡੂਰ ਵਿਖੇ ਛੱਡਣ ਲਈ ਰਵਾਨਾ ਹੋਏ।ਇਸ ਮੌਕੇ ਹਰਪ੍ਰੀਤ ਸਿੰਘ ਸ਼ਾਇਰ, ਬੁੱਟਰ ਸਕੂਲ ਦਾ ਸਮੂਹ ਸਟਾਫ ਅਧਿਆਪਕ ਜਗਜੀਤ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਰਵੀਜੋਤ ਕੌਰ, ਸੈਰਿਸ਼ ਚੁੱਘ, ਨਿਹਾਰਿਕਾ, ਤਨਜੀਤ ਕੌਰ, ਫੌਜ ਦੀ ਕਾਲੀਧਾਰ ਪਲਟਨ ਵਿੱਚੋਂ ਸਤਨਾਮ ਸਿੰਘ ਲੰਗਿਆਣਾ, ਜਰਨੈਲ ਸਿੰਘ ਦਾਇਆ, ਰਜਿੰਦਰ ਸਿੰਘ, ਸਤਨਾਮ ਸਿੰਘ ਝੰਡੇਆਣਾ, ਬਲਜਿੰਦਰ ਸਿੰਘ ਬੁੱਟਰ, ਕਿਸ਼ਨ ਸਿੰਘ ਮਹਿਣਾ ਤੋਂ ਇਲਾਵਾ ਇੰਜ. ਨਿਰਮਲ ਸਿੰਘ ਮਾਹਲਾ, ਬਿੰਦਰ ਸਿੰਘ, ਸਰਬਜੋਤ ਸਿੰਘ, ਤਾਰਾ ਸਿੰਘ ਵਾਸੀ ਪਿੰਡ ਬੁੱਟਰ ਆਦਿ ਪਤਵੰਤੇ ਹਾਜ਼ਰ ਸਨ।
Share this content:



Post Comment