ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਡੀ ਸੀ ਦਫ਼ਤਰਾਂ ਬਾਹਰ ਰੋਸ ਪ੍ਰਦਰਸ਼ਨ
ਅੰਮ੍ਰਿਤਸਰ, 31 ਅਗਸਤ – ਕਿਸਾਨ ਮਜ਼ਦੂਰ ਮੋਰਚਾ (ਪੰਜਾਬ ਇਕਾਈ) ਅੱਜ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ (ਡੀ ਸੀ) ਦੇ ਦਫਤਰਾਂ ਬਾਹਰ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਕਰੇਗਾ। ਮੋਰਚਾ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਨਾਲ ਸਬੰਧਤ ਕਈ ਮੁੱਦਿਆਂ ‘ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਸੰਗਠਨ ਮੁਤਾਬਕ, ਇਹ ਪ੍ਰਦਰਸ਼ਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਲੁਧਿਆਣਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਮਾਨਸਾ, ਪਟਿਆਲਾ, ਮਲੇਰਕੋਟਲਾ, ਮੁਹਾਲੀ, ਰੂਪਨਗਰ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਡੀਸੀ ਦਫ਼ਤਰਾਂ ਦੇ ਬਾਹਰ ਕੀਤੇ ਜਾਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਡੀ ਸੀ ਦਫ਼ਤਰ ਬਾਹਰ ਇੱਕ ਵੱਡਾ ਇਕੱਠ ਕੀਤਾ ਜਾਵੇਗਾ, ਜਿੱਥੇ ਪ੍ਰਦਰਸ਼ਨਕਾਰੀਆਂ ਦੇ ਦੁਪਹਿਰ ਤੱਕ ਇਕੱਠੇ ਹੋਣ ਦੀ ਉਮੀਦ ਹੈ। ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 14 ਸਤੰਬਰ ਤੋਂ ਪੰਜਾਬ ਦੇ ਮੰਤਰੀਆਂ ਦੀਆਂ ਰਿਹਾਇਸ਼ਾਂ ਬਾਹਰ ਪੰਜ ਦਿਨਾਂ ਦੀ ਰੋਸ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਪੰਧੇਰ ਨੇ ਕਿਹਾ ਕਿ 31 ਅਗਸਤ ਦੇ ਪ੍ਰਦਰਸ਼ਨਾਂ ਦਾ ਮਕਸਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਮੁੱਦਿਆਂ ਨੂੰ ਉਜਾਗਰ ਕਰਨਾ ਅਤੇ ਪੰਜਾਬ ਸਰਕਾਰ ‘ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਦਬਾਅ ਬਣਾਉਣਾ ਹੈ। ਕਿਸਾਨ ਮਜ਼ਦੂਰ ਮੋਰਚਾ ਦੀਆਂ ਮੁੱਖ ਮੰਗਾਂ ਵਿੱਚ ਬਾਸਮਤੀ, ਮੱਕੀ ਸਮੇਤ ਹੋਰ ਫ਼ਸਲਾਂ ਦੀ ਐੱਮ ਐੱਸ ਪੀ ਤੋਂ ਵੱਧ ਭਾਅ ‘ਤੇ ਖ਼ਰੀਦ ਯਕੀਨੀ ਬਣਾਉਣਾ, ਪੂਰਾ ਕਰਜ਼ਾ ਮੁਆਫ਼ ਕਰਨਾ ਅਤੇ ਹੜ੍ਹਾਂ, ਪ੍ਰਦੂਸ਼ਣ ਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਲਈ ਲੰਮੇ ਸਮੇਂ ਦੀ ਨੀਤੀ ਤਿਆਰ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਕੇਂਦਰੀ ਬਿੱਲਾਂ ਖਿਲਾਫ ਵਿਧਾਨ ਸਭਾ ਵਿੱਚ ਮਤਾ ਲਿਆਉਣ ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਰੱਦ ਕਰਨ, ਸ਼ੰਭੂ-ਖਨੌਰੀ ਮੋਰਚੇ ਦੌਰਾਨ ਜ਼ਬਤ ਸਾਮਾਨ ਵਾਪਸ ਕਰਨ, ਜ਼ਮੀਨ ਪੂਲਿੰਗ ਨੀਤੀ ਰੱਦ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਸ ਜ਼ਮੀਨ (ਜਿਸ ‘ਤੇ ਉਹ ਵਸੇ ਹੋਏ ਹਨ) ਦੇ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਗਈ ਹੈ।
Share this content:



Post Comment