ਕਵਿਤਾ/ਇਸ ਘੜੀ ‘ਚ/ਰਾਜੇਂਦਰ ਰਾਜਨ
(ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਵੱਲੋਂ ਲੜੇ ਜਾ ਰਹੇ ਸਾਂਝੇ ਇਤਿਹਾਸਕ ਸੰਘਰਸ਼ ਨੂੰ ਸਮਰਪਿਤ ਇਹ ਹੇਠਲੀ ਕਵਿਤਾ ਲੇਖਕ ਵੱਲੋਂ “ਮਹਾਨ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਲਿਖੀ ਗਈ ਹੈ)
ਇਸ ਘੜੀ ‘ਚ
ਇਤਿਹਾਸ!
ਤੁਸੀਂ ਜਦ ਚਾਹੋ
ਪੜ੍ਹ ਸਕਦੇ ਹੋ
ਪਰ ਕਦੀ-ਕਦਾਈਂ
ਅਜਿਹੀ ਘੜੀ ਵੀ
ਆਉਂਦੀ ਹੈ
ਜਿੰਦਗੀ ‘ਚ
ਜਦ ਤੁਸੀਂ
ਇਤਿਹਾਸ
ਬਣਦੇ ਹੋਏ ਦੇਖਦੇ ਹੋ
ਇਕ ਦਮ ਨੇੜਿਉਂ
ਇਹ
ਉਹ ਘੜੀ ਹੁੰਦੀ ਹੈ
ਜਦ ਸੱਚ
ਸਤਹ ਦੇ ਹੇਠ ਨਹੀਂ ਹੁੰਦਾ
ਆ ਕੇ ਖੜ੍ਹਾ ਹੋ ਜਾਂਦਾ ਹੈ
ਸਭ ਦੇ ਐਨ ਸਾਹਮਣੇ
ਤਾਕਿ
ਉਹ ਲੋਕ ਵੀ ਦੇਖ ਲੈਣ
ਜਿਨ੍ਹਾਂ ਨੂੰ ਕੁਝ ਵੀ
ਸਾਫ਼ ਸਾਫ਼ ਨਹੀਂ ਦਿਖਦਾ
ਇਹ
ਉਹ ਘੜੀ ਹੁੰਦੀ ਹੈ
ਜਦ ਪੀੜਾ ਦਾ ਪਹਾੜ
ਵਹਿਣ ਲਗਦਾ ਹੈ
ਪਿਘਲ ਕੇ
ਜਦ ਇੱਕ
ਸੁੱਤਾ ਹੋਇਆ ਸੁਫ਼ਨਾ
ਸੜਕਾਂ ‘ਤੇ ਉਮੜ ਆਉਂਦਾ ਹੈ
ਹੜ੍ਹ ਬਣ ਕੇ
ਜਦ ਪੁੱਠੇ-ਪੈਰੀਂ
ਭਜਦਾ ਰਿਹਾ ਆਦਮੀ
ਤਣ ਕੇ ਖੜ੍ਹਾ ਹੋ ਜਾਂਦਾ ਹੈ
ਸੰਗੀਨਾਂ ਦੇ ਸਾਹਮਣੇ
ਪਰ ਇਹ
ਉਹ ਘੜੀ ਵੀ ਹੁੰਦੀ ਹੈ
ਜਦ ਹੋਰ ਤੇਜ ਹੋ ਜਾਂਦਾ ਹੈ
ਭਰਮਾਉਣ
ਤੇ ਬਹਿਲਾਉਣ ਦਾ ਖੇਲ੍ਹ
ਜਦ
ਸਾਜਿਸ਼ਾਂ ਦਾ ਜਾਲ
ਹੋ ਜਾਂਦਾ ਹੈ
ਹੋਰ ਵੀ ਮਹੀਨ
ਜਦ ਲਾਲਚ
ਹੋਰ ਜੋਰ ਨਾਲ
ਸਿਟਦਾ ਹੈ
ਆਪਣਾ ਜਾਲ
ਜਦ
ਅਜਮਾਏ ਜਾਂਦੇ ਨੇ
ਡਰਾਉਣ ਦੇ
ਨਵੇਂ ਨਵੇਂ ਹਥਿਆਰ
ਜਦ
ਹਕੂਮਤ ਦੀ ਸ਼ਾਨ ‘ਚ
ਪੜ੍ਹੇ ਜਾਂਦੇ ਨੇ ਕਸੀਦੇ
ਹੋਰ ਜੋਰ-ਜੋਰ ਨਾਲ
ਜਦ
ਫ਼ਾਇਦੇ ਗਿਣਾਏ ਜਾਂਦੇ ਨੇ
ਅੱਖਾਂ ਬੰਦ ਰੱਖਣ ਦੇ
ਜਦ
ਇਨਾਮ ਮਿਲਦਾ ਹੈ
ਮੂੰਹ ਨਾ ਖੋਲ੍ਹਣ ਦਾ ਵੀ
ਜਦ
ਅਨਿਆਂ ਦਿਸਦਾ ਹੈ
ਨਿਆਂ ਦਾ ਚੋਲਾ ਪਾਏ
ਚਾਹੋ ਤਾਂ
ਤੁਸੀਂ ਵੀ ਪਵਾ ਸਕਦੇ ਹੋ
ਆਪਣਾ ਮੁੱਲ
ਦਰਬਾਰੀਆਂ ਦੀ ਸੁਰ ‘ਚ
ਸੁਰ ਮਿਲਾਕੇ
ਜਾਂ ਆਪਣਾ ਮੂੰਹ ਭੰਵਾਕੇ
ਜਾਂ ਜੇ ਚਾਹੋ
ਤਾਂ ਜੋਖ਼ਮ ਉਠਾ ਕੇ
ਝਾਕ ਸਕਦੇ ਹੋ
ਇੱਕ ਨਵੇਂ ਬਣ ਰਹੇ
ਇਤਿਹਾਸ ਦੀਆਂ
ਅੱਖਾਂ ‘ਚ ਅੱਖਾਂ ਪਾ ਕੇ
ਉਸ ਨਾਲ
ਆਪਣੇ ਹੱਥ ਮਿਲਾ ਸਕਦੇ ਹੋ
ਉਸਦੇ ਨਾਲ ਚੱਲ ਸਕਦੇ ਹੋ
ਜਿੰਨੀ ਦੂਰ ਤੱਕ ਚਾਹੋ
ਜਦ ਇਤਿਹਾਸ
ਬਣ ਰਿਹਾ ਹੁੰਦੈ
ਕਾਫ਼ੀ ਔਖੀ ਹੋ ਜਾਂਦੀ ਹੈ
ਕਸੌਟੀ
ਤੇ ਪੁਛਦੀ ਹੈ ਹਰੇਕ ਨੂੰ-
ਕਿਸ ਪਾਸੇ ਹੋ ਤੁਸੀਂ!
*#ਰਾਜੇਂਦਰ ਰਾਜਨ*
ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment