Loading Now

ਭਾਰਤ ਔਖੇ ਸਮੇਂ ਵਿੱਚ ਨੇਪਾਲ ਨਾਲ ਖੜ੍ਹਾ: ਰੇਖਾ ਗੁਪਤਾ

ਭਾਰਤ ਔਖੇ ਸਮੇਂ ਵਿੱਚ ਨੇਪਾਲ ਨਾਲ ਖੜ੍ਹਾ: ਰੇਖਾ ਗੁਪਤਾ

ਨਵੀਂ ਦਿੱਲੀ, 28 ਅਗਸਤ – ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਚੀ ਤਬਾਹੀ ਦਰਮਿਆਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਭਾਰਤ ਇਸ ਮੁਸ਼ਕਿਲ ਸਮੇਂ ਵਿੱਚ ਗੁਆਂਢੀ ਦੇਸ਼ ਨਾਲ ਡੱਟ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਦਰਦਨਾਕ ਤ੍ਰਾਸਦੀ ਵਾਪਰੀ ਹੈ ਅਤੇ ਨੇਪਾਲ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਰੇਖਾ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਸ ਔਖੇ ਸਮੇਂ ਵਿੱਚ ਭਾਰਤ ਨੇਪਾਲ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਦੇਸ਼ ਵਿੱਚ ਦਰਦਨਾਕ ਤ੍ਰਾਸਦੀ ਵਾਪਰੀ ਹੈ। ਨੇਪਾਲ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਅਤੇ ਮੈਂ ਨੇਪਾਲ ਦੇ ਸਾਰੇ ਨਿਵਾਸੀਆਂ ਦੀ ਸੁਰੱਖਿਆ ਅਤੇ ਰਾਹਤ ਲਈ ਪ੍ਰਾਰਥਨਾ ਕਰਦੀ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਭਗਵਾਨ ਪਸ਼ੂਪਤੀਨਾਥ ਨੂੰ ਵੀ ਪ੍ਰਾਰਥਨਾ ਕਰਦੀ ਹਾਂ ਕਿ ਨੇਪਾਲ ਨੂੰ ਦੁੱਖ ਦੀ ਇਸ ਘੜੀ ਵਿੱਚੋਂ ਉੱਭਰਨ ਦੀ ਸ਼ਕਤੀ ਦੇਣ ਅਤੇ ਉੱਥੋਂ ਦੇ ਸਾਰੇ ਨਾਗਰਿਕ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਨੂੰ ਜਲਦੀ ਰਾਹਤ ਮਿਲੇ।’’

ਇਸੇ ਤਰ੍ਹਾਂ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਭਾਰਤ ਸਰਕਾਰ ਨੇਪਾਲ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿ ਦਿੱਲੀ ਵਿੱਚ ਕੁਝ ਅਜਿਹੇ ਲੋਕ ਹੋ ਸਕਦੇ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਨੇਪਾਲ ਗਏ ਹੋਣਗੇ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਏ ਅਚਾਨਕ ਹੜ੍ਹ ਨੇ ਨੇਪਾਲ ਦੇ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਅਤੇ ਇਸ ਤਬਾਹਕੁਨ ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 270 ਹੋ ਗਈ। ਨੇਪਾਲ ਪੁਲੀਸ ਨੇ ਅੱਜ ਦੱਸਿਆ ਕਿ ਅਧਿਕਾਰੀ ਲਾਪਤਾ ਹਜ਼ਾਰਾਂ ਲੋਕਾਂ ਦੀ ਭਾਲ ਵਿੱਚ ਜੰਗੀ ਪੱਧਰ ’ਤੇ ਜੁਟੇ ਹਨ ਅਤੇ ਲਾਪਤਾ ਲੋਕਾਂ ਵਿੱਚ 288 ਭਾਰਤੀ ਸੈਲਾਨੀ ਵੀ ਸ਼ਾਮਲ ਹਨ।

Share this content:

Post Comment