Loading Now

ਇਤਿਹਾਸਕ ਜ਼ਖ਼ਮ ਤੇ ਭਾਈਚਾਰਕ ਸਾਂਝ

ਇਤਿਹਾਸਕ ਜ਼ਖ਼ਮ ਤੇ ਭਾਈਚਾਰਕ ਸਾਂਝ

ਕੁਝ ਘਟਨਾਵਾਂ ਸਮੇਂ ਦੇ ਬੀਤਣ ਨਾਲ ਪੁਰਾਣੀਆਂ ਨਹੀਂ ਹੁੰਦੀਆਂ। ਉਹ ਇਤਿਹਾਸ ਦੇ ਪੰਨਿਆਂ ਤੋਂ ਨਿਕਲ ਕੇ ਪੀੜ੍ਹੀਆਂ ਦੀ ਸਾਂਝੀ ਯਾਦ ਦਾ ਹਿੱਸਾ ਬਣ ਜਾਂਦੀਆਂ ਹਨ। 1984 ਵੀ ਭਾਰਤ ਦੇ ਇਤਿਹਾਸ ਦਾ ਅਜਿਹਾ ਹੀ ਦਰਦਨਾਕ ਅਧਿਆਇ ਹੈ। ਇਸ ਤ੍ਰਾਸਦੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਉਜਾੜਿਆ, ਅਨੇਕਾਂ ਜਾਨਾਂ ਲਈਆਂ ਅਤੇ ਸਮਾਜਿਕ ਭਰੋਸੇ ਨੂੰ ਡੂੰਘੀ ਸੱਟ ਮਾਰੀ। 20 ਅਗਸਤ 2026 ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ’ਚ ਮੌਤ ਨੇ ਇਕ ਵਾਰ ਫਿਰ 1984 ਦੀਆਂ ਯਾਦਾਂ ਨੂੰ ਜਨਤਕ ਚਰਚਾ ’ਚ ਲਿਆ ਦਿੱਤਾ। ਉਹ 1984 ਨਾਲ ਸਬੰਧਤ ਦੋ ਮਾਮਲਿਆਂ ’ਚ ਉਮਰਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਸਨ।

2018 ’ਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਇਕ ਮਾਮਲੇ ’ਚ ਉਮਰਕੈਦ ਸੁਣਾਈ ਸੀ ਅਤੇ 2025 ’ਚ ਇਕ ਹੋਰ ਮਾਮਲੇ ’ਚ ਵੀ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋਈ। ਇਸ ਤੋਂ ਬਾਅਦ ਆਏ ਕੁਝ ਸਿਆਸੀ ਬਿਆਨਾਂ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ। ਕਾਂਗਰਸ ਆਗੂ ਵੱਲੋਂ ਸੱਜਣ ਕੁਮਾਰ ਬਾਰੇ ਕੀਤੀ ਗਈ ਪ੍ਰਸ਼ੰਸਾਤਮਕ ਟਿੱਪਣੀ ’ਤੇ ਪੰਜਾਬ ਕਾਂਗਰਸ ਦੇ ਕੁਝ ਆਗੂਆਂ ਨੇ ਦੂਰੀ ਬਣਾਉਂਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਇੱਥੇ ਸਾਡੇ ਸਾਹਮਣੇ ਇਕ ਬਹੁਤ ਵੱਡਾ ਸਵਾਲ ਖੜ੍ਹਾ ਹੁੰਦਾ ਹੈ—ਕੀ ਅਸੀਂ 1984 ਦੀ ਯਾਦ ਨੂੰ ਸਿਆਸੀ ਬਿਆਨਾਂ ਦੀ ਅੱਗ ’ਚ ਦੁਬਾਰਾ ਸਾੜਨਾ ਹੈ ਜਾਂ ਉਸ ਦੇ ਜ਼ਖ਼ਮਾਂ ਤੋਂ ਭਵਿੱਖ ਲਈ ਕੋਈ ਰੌਸ਼ਨੀ ਪੈਦਾ ਕਰਨੀ ਹੈ? ਦੂਜਾ ਰਸਤਾ ਹੀ ਜ਼ਿਆਦਾ ਬਿਹਤਰ ਹੈ। 1984 ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੀ ਪੀੜ੍ਹੀ ਲਈ ਇਹ ਸਿਰਫ਼ ਇਤਿਹਾਸ ਨਹੀਂ।

ਕਿਸੇ ਨੇ ਆਪਣਾ ਪਿਤਾ ਗੁਆਇਆ, ਕਿਸੇ ਨੇ ਭਰਾ, ਕਿਸੇ ਨੇ ਪੁੱਤਰ, ਕਿਸੇ ਨੇ ਪੂਰਾ ਪਰਿਵਾਰ। ਕਈ ਪਰਿਵਾਰਾਂ ਦੇ ਘਰ ਉੱਜੜੇ ਅਤੇ ਕਈ ਲੋਕਾਂ ਨੇ ਦਹਾਕਿਆਂ ਤੱਕ ਆਪਣੇ ਅੰਦਰ ਉਹ ਦਰਦ ਸੰਭਾਲ ਕੇ ਰੱਖਿਆ ਪਰ ਅੱਜ ਇਕ ਨਵੀਂ ਪੀੜ੍ਹੀ ਸਾਡੇ ਸਾਹਮਣੇ ਹੈ-ਜਿਸ ਨੂੰ ਅਸੀਂ ਆਮ ਤੌਰ ’ਤੇ ਜੈੱਨ-ਜ਼ੀ ਕਹਿੰਦੇ ਹਾਂ। ਇਸ ਪੀੜ੍ਹੀ ਦਾ ਜਨਮ 1984 ਤੋਂ ਬਹੁਤ ਬਾਅਦ ਹੋਇਆ। ਇਸ ਨੇ 1984 ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਇਸ ਨੇ ਇਹ ਇਤਿਹਾਸ ਆਪਣੇ ਮਾਪਿਆਂ, ਦਾਦਾ-ਦਾਦੀ, ਕਿਤਾਬਾਂ, ਖ਼ਬਰਾਂ ਅਤੇ ਹੁਣ ਸੋਸ਼ਲ ਮੀਡੀਆ ਰਾਹੀਂ ਜਾਣਿਆ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਇਤਿਹਾਸ ਦੀ ਸੱਚਾਈ ਤਾਂ ਦੱਸੀਏ, ਪਰ ਉਸ ਦੇ ਹੱਥ ’ਚ ਨਫ਼ਰਤ ਦਾ ਹਥਿਆਰ ਨਾ ਦੇਈਏ। ਉਨ੍ਹਾਂ ਨੂੰ ਇਹ ਦੱਸੀਏ ਕਿ ਬੇਇਨਸਾਫ਼ੀ ਨੂੰ ਭੁੱਲਣਾ ਨਹੀਂ, ਪਰ ਨਫ਼ਰਤ ਨੂੰ ਵਿਰਾਸਤ ਵੀ ਨਹੀਂ ਬਣਾ ਲੈਣਾ। ਦਿੱਲੀ ਭਾਰਤ ਦਾ ਉਹ ਸ਼ਹਿਰ ਹੈ, ਜਿੱਥੇ ਦੇਸ਼ ਦੇ ਲਗਭਗ ਹਰ ਸੂਬੇ ਅਤੇ ਹਰ ਭਾਈਚਾਰੇ ਦੇ ਲੋਕ ਵੱਸਦੇ ਹਨ। ਪੰਜਾਬੀਆਂ ਅਤੇ ਸਿੱਖਾਂ ਦੀ ਇੱਥੇ ਲੰਬੇ ਸਮੇਂ ਤੋਂ ਮਹੱਤਵਪੂਰਨ ਮੌਜੂਦਗੀ ਹੈ। 1984 ਤੋਂ ਬਾਅਦ ਵੀ ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਦਿੱਲੀ ਨੂੰ ਆਪਣਾ ਘਰ ਬਣਾਈ ਰੱਖਿਆ।

ਉਹ ਇੱਥੇ ਵਪਾਰ ਕਰਦੇ ਹਨ, ਨੌਕਰੀਆਂ ਕਰਦੇ ਹਨ, ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਆਪਣੇ ਆਪ ’ਚ ਭਾਰਤ ਦੀ ਤਾਕਤ ਦਾ ਪ੍ਰਤੀਕ ਹੈ। ਜੇਕਰ ਕਿਸੇ ਭਾਈਚਾਰੇ ਨੇ ਇੰਨਾ ਵੱਡਾ ਦੁੱਖ ਸਹਿਣ ਤੋਂ ਬਾਅਦ ਵੀ ਦੇਸ਼ ਦੇ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ ਹੈ ਤਾਂ ਇਹ ਨਫ਼ਰਤ ਦੀ ਨਹੀਂ, ਭਾਰਤੀ ਸਮਾਜ ਦੀ ਸਹਿਣਸ਼ੀਲਤਾ ਅਤੇ ਜੀਵਨ-ਸ਼ਕਤੀ ਦੀ ਨਿਸ਼ਾਨੀ ਹੈ। ਇਸ ਲਈ ਅੱਜ ਲੋੜ ਹੈ ਕਿ ਦਿੱਲੀ ਤੇ ਪੂਰਾ ਦੇਸ਼ ਕਿਸੇ ਇਕ ਭਾਈਚਾਰੇ ਦਾ ਨਹੀਂ, ਸਾਰਿਆਂ ਦਾ ਘਰ ਸਮਝਿਆ ਜਾਵੇ। ਸਾਡੇ ਦੇਸ਼ ਦੀ ਖੂਬਸੂਰਤੀ ਇਸ ਦੀ ਵਿਭਿੰਨਤਾ ’ਚ ਹੈ। ਸਿੱਖ, ਹਿੰਦੂ, ਮੁਸਲਮਾਨ, ਇਸਾਈ, ਬੌਧ, ਜੈਨ ਅਤੇ ਹੋਰ ਧਰਮਾਂ ਦੇ ਲੋਕ ਸਦੀਆਂ ਤੋਂ ਇਸ ਧਰਤੀ ’ਤੇ ਰਹਿੰਦੇ ਆਏ ਹਨ। ਧਰਮ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਜੇ ਧਰਮ ਦੇ ਨਾਮ ’ਤੇ ਕਿਸੇ ਹੋਰ ਨਾਲ ਨਫ਼ਰਤ ਪੈਦਾ ਹੋਵੇ ਤਾਂ ਸਮੱਸਿਆ ਧਰਮ ’ਚ ਨਹੀਂ, ਉਸ ਦੀ ਗ਼ਲਤ ਵਿਆਖਿਆ ਅਤੇ ਗ਼ਲਤ ਵਰਤੋਂ ’ਚ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ- ਆਪਣੇ ਧਰਮ ਨਾਲ ਪਿਆਰ ਕਰੋ ਤੇ ਦੂਜੇ ਧਰਮ ਨਾਲ ਨਫ਼ਰਤ ਨਾ ਕਰੋ। ਆਪਣੀ ਪਛਾਣ ’ਤੇ ਮਾਣ ਕਰੋ ਪਰ ਦੂਜੇ ਦੀ ਪਛਾਣ ਦਾ ਅਪਮਾਨ ਨਾ ਕਰੋ। ਇਹੀ ਭਾਰਤੀਅਤ ਦੀ ਅਸਲ ਭਾਵਨਾ ਹੈ।

Share this content:

Post Comment