Loading Now

ਦਾਦੇ-ਪੋਤੇ ਨੇ ਯੂਰਪ ਦੀ 5,642 ਮੀਟਰ ਉੱਚੀ ਮਾਊਂਟ ਐਲਬਰਸ ਚੋਟੀ ਕੀਤੀ ਸਰ

ਦਾਦੇ-ਪੋਤੇ ਨੇ ਯੂਰਪ ਦੀ 5,642 ਮੀਟਰ ਉੱਚੀ ਮਾਊਂਟ ਐਲਬਰਸ ਚੋਟੀ ਕੀਤੀ ਸਰ

ਨਵੀਂ ਦਿੱਲੀ, 19 ਅਗਸਤ – ਆਂਧਰਾ ਦੇ ਵਿਜੇਵਾੜਾ ਦੇ ਲਿੰਗਮ ਰਵਿੰਦਰ ਰਾਓ ਲਈ ਯੂਰਪ ਦੀ ਮਾਊਂਟ ਐਲਬਰਸ ਦੀ ਚੋਟੀ ‘ਤੇ ਪਹੁੰਚਣਾ ਸਿਰਫ ਇੱਕ ਹੋਰ ਪਰਬਤਾਰੋਹੀ ਪ੍ਰਾਪਤੀ ਨਹੀਂ ਸੀ। ਇਹ ਹੌਸਲੇ ਦੀ ਇੱਕ ਸ਼ਾਨਦਾਰ ਯਾਤਰਾ ਸੀ, ਜੋ ਉਸ ਨੇ ਆਪਣੇ 17 ਸਾਲ ਦੇ ਪੋਤੇ ਅਨੁਰਾਗ ਪੋਕੁਰੀ ਦੇ ਨਾਲ ਕੀਤੀ। ਰਾਓ 14 ਅਗਸਤ ਨੂੰ 72 ਸਾਲ, ਇੱਕ ਮਹੀਨਾ ਅਤੇ 13 ਦਿਨਾਂ ਦੀ ਉਮਰ ਵਿੱਚ ਮਾਊਂਟ ਐਲਬਰਸ ਦੀ 5,642 ਮੀਟਰ ਉੱਚੀ ਪੱਛਮੀ ਚੋਟੀ ਨੂੰ ਸਰ ਕਰਨ ਵਾਲਾ ਸਭ ਤੋਂ ਬਜ਼ੁਰਗ ਭਾਰਤੀ ਬਣਿਆ। ਅਨੁਰਾਗ ਨੇ 3 ਘੰਟੇ 44 ਮਿੰਟਾਂ ਵਿੱਚ ਲਗਾਤਾਰ ਪੱਛਮੀ ਅਤੇ ਪੂਰਬੀ ਦੋਵੇਂ ਚੋਟੀਆਂ ‘ਤੇ ਚੜ੍ਹਾਈ ਕੀਤੀ। ਉਹ ਹੁਣ ਭਾਰਤੀ ਮੂਲ ਦਾ ਸਭ ਤੋਂ ਘੱਟ ਉਮਰ ਦਾ ਨਾਗਰਿਕ ਹੈ, ਜਿਸ ਨੇ ਲਗਾਤਾਰ ਦੋਵੇਂ ਚੋਟੀਆਂ ‘ਤੇ ਚੜ੍ਹਾਈ ਕੀਤੀ ਹੈ।

ਰਾਓ ਨੇ 1972 ਵਿੱਚ 18 ਸਾਲ ਦੀ ਉਮਰ ਵਿੱਚ ਆਈ ਆਈ ਟੀ ਖੜਗਪੁਰ ਵਿੱਚ ਪੜ੍ਹਦੇ ਸਮੇਂ ਦੋਸਤਾਂ ਨਾਲ ਖੜਗਪੁਰ ਤੋਂ ਦਾਰਜੀਲਿੰਗ ਤੱਕ ਸਾਈਕਲ ਚਲਾ ਕੇ 10 ਦਿਨਾਂ ਵਿੱਚ ਲਗਭਗ 1,700 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ। ਬਾਅਦ ਵਿੱਚ ਉਸ ਨੇ ਪੇਸ਼ੇਵਰ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ‘ਚ ਜ਼ਿਆਦਾਤਰ ਸਮਾਂ ਬਿਤਾਇਆ, ਪਰ ਤੰਦਰੁਸਤੀ ਉਸ ਦੀ ਜ਼ਿੰਦਗੀ ਦਾ ਇੱਕ ਨਿਰੰਤਰ ਹਿੱਸਾ ਰਹੀ। ਉਸ ਨੇ ਖੇਡਾਂ ਖੇਡਣੀਆਂ ਅਤੇ ਇੱਕ ਸਰਗਰਮ ਜੀਵਨ ਸ਼ੈਲੀ ਬਣਾਈ ਰੱਖੀ। ਨਵੀਂ ਦਿਲਚਸਪੀ ਉਸ ਨੂੰ 2024 ਵਿੱਚ ਮਾਊਂਟ ਕਿਲੀਮੰਜਾਰੋ, ਮਾਊਂਟ ਲਾਬੋਚੇ ਤੇ ਹੁਣ ਮਾਊਂਟ ਐਲਬਰਸ ਲੈ ਗਈ। ਰਾਓ ਅਤੇ ਅਨੁਰਾਗ ਦੋਵੇਂ ਹੀ ਸੱਤ ਚੋਟੀਆਂ ਨੂੰ ਸਰ ਕਰਨੀਆਂ ਚਾਹੁੰਦੇ ਹਨ, ਜੋ ਕਿ ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਹਰੇਕ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ। ਇੰਟਰਨੈਸ਼ਨਲ ਸਕੂਲ ਹੈਦਰਾਬਾਦ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਅਨੁਰਾਗ ਪਹਿਲਾਂ ਹੀ ਕਿਲੀਮੰਜਾਰੋ ਪਹਾੜ ‘ਤੇ ਚੜ੍ਹ ਚੁੱਕਾ ਹੈ। ਰਾਓ ਲਈ ਇਸ ਮੁਹਿੰਮ ‘ਤੇ ਅਨੁਰਾਗ ਦਾ ਉਸ ਦੇ ਨਾਲ ਹੋਣਾ ਉਸ ਦੀ ਆਪਣੀ ਪਰਬਤਾਰੋਹੀ ਯਾਤਰਾ ਵਿੱਚ ਇੱਕ ਹੋਰ ਪਹਿਲੂ ਜੋੜਦਾ ਹੈ। ਇੱਕ ਨਿੱਜੀ ਪ੍ਰਾਪਤੀ ਵਜੋਂ ਸ਼ੁਰੂ ਹੋਈ ਮੁਹਿੰਮ, ਹੁਣ ਇੱਕ ਸਾਂਝਾ ਪਰਵਾਰਕ ਟੀਚਾ ਬਣ ਗਈ ਹੈ।

Share this content:

Post Comment