ਨਾਂਹ ਦਾ ਮਤਲਬ ਨਾਂਹ ਹੁੰਦਾ ਹੈ
ਪਿਛਲੇ ਕੁਝ ਹਫ਼ਤਿਆਂ ਤੋਂ ਔਰਤਾਂ ਮੁੜ ਇਸ ਕੌਮੀ ਚਰਚਾ ਦੇ ਕੇਂਦਰ ਵਿੱਚ ਹਨ ਕਿ ਉਨ੍ਹਾਂ ਨੂੰ ਕੀ ਬੋਲਣਾ ਚਾਹੀਦਾ ਹੈ, ਕਿੰਨਾ ਬੋਲਣਾ ਚਾਹੀਦਾ ਹੈ ਅਤੇ ਕਦੋਂ ਚੁੱਪ ਰਹਿਣਾ ਚਾਹੀਦਾ ਹੈ। ਸਭ ਤੋਂ ਵੱਡਾ ਸੁਆਲ ਇਹ ਹੈ ਕਿ ਜਦੋਂ ਕੋਈ ਔਰਤ ‘ਨਾਂਹ’ ਆਖਦੀ ਹੈ, ਭਾਵੇਂ ਹਲਕੀ ਆਵਾਜ਼ ਵਿੱਚ ਜਾਂ ਉੱਚੀ ਆਵਾਜ਼ ਵਿੱਚ ਤਾਂ ਮਰਦ ਉਸ ਨੂੰ ਕਿਉਂ ਨਹੀਂ ਸੁਣਦੇ? ਪਿਛਲੇ ਸਮੇਂ ਦੌਰਾਨ ਪਿਤਰ-ਸੱਤਾ ਬਾਰੇ ਬਥੇਰਾ ਕੁਝ ਆਖਿਆ ਗਿਆ ਹੈ, ਪਰ ਜੰਤਰ-ਮੰਤਰ ’ਤੇ ‘ਕੌਕਰੋਚ ਜਨਤਾ ਪਾਰਟੀ’ ਦੇ ਰੋਸ ਪ੍ਰਦਰਸ਼ਨ ਵੇਲੇ ਇੰਸਟਾਗ੍ਰਾਮ ਉੱਤੇ ਆਏ ਇੱਕ ਨਾਅਰੇ ਨੇ ਇਸ ਸ਼ਬਦ ਦੀ ਅਸਲ ਜਟਿਲਤਾ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਇੱਕ ਨੌਜਵਾਨ ਪ੍ਰਦਰਸ਼ਨਕਾਰੀ ਕੁੜੀ ਆਖਦੀ ਹੈ ਕਿ ਆਪਣੀਆਂ ਮਾਵਾਂ ਨੂੰ ਪ੍ਰਦਰਸ਼ਨ ਵਿੱਚ ਲਿਆਉਣ ਤੋਂ ਨਾ ਡਰੋ ਅਤੇ ਨਾ ਹੀ ਇਸ ਗੱਲੋਂ ਡਰੋ ਕਿ ਹੰਝੂ ਗੈਸ ਦਾ ਗੋਲਾ ਵੱਜਣ ਨਾਲ ਉਹ ਰੋਣ ਲੱਗ ਪੈਣਗੀਆਂ, ਕਿਉਂਕਿ ਪਿਤਰ-ਸੱਤਾ ਨੇ ਤਾਂ ਪਹਿਲਾਂ ਹੀ ਉਨ੍ਹਾਂ ਦੇ ਸਾਰੇ ਹੰਝੂ ਸੁਕਾ ਦਿੱਤੇ ਹਨ। ਇਸ ਸੰਖੇਪ ਵਾਕ ਵਿੱਚ ਵਿਅੰਗ ਨਾਲ ਭਰਪੂਰ ਇਸ ਗੱਲ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕਰ ਦਿੱਤਾ ਹੈ। ਅਸੀਂ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਔਰਤਾਂ ਨਾਲ ਅਜਿਹਾ ਸਲੂਕ ਕਿਉਂ ਕਰਦੇ ਹਾਂ, ਜਿਵੇਂ ਉਨ੍ਹਾਂ ਕੋਲ ਕੋਈ ਆਵਾਜ਼ ਹੀ ਨਾ ਹੋਵੇ ਅਤੇ ਨਾ ਹੀ ਉਸ ਆਵਾਜ਼ ਨੂੰ ਵਰਤਣ ਦੀ ਕੋਈ ਸਮਰੱਥਾ ਹੋਵੇ?
ਸਭ ਨੇ ਉਹ ਵੀਡੀਓ ਦੇਖੀ ਹੈ ਜਿਸ ਵਿੱਚ ਇੱਕ ਪੁਲੀਸ ਵਾਲਾ 20 ਜੁਲਾਈ ਨੂੰ ਸੰਸਦ ਵੱਲ ਕੀਤੇ ਗਏ ਸੀ ਜੇ ਪੀ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਨੌਜਵਾਨ ਕੁੜੀ ਦੀ ਪਿੱਠ ਵਿੱਚ ਡੰਡਾ ਮਾਰਦਾ ਹੈ ਅਤੇ ਇੱਕ ਮਰਦ ਆਈ ਪੀ ਐੱਸ ਅਧਿਕਾਰੀ ਪ੍ਰਦਰਸ਼ਨਕਾਰੀ ਔਰਤ ਨੂੰ ਥੱਪੜ ਮਾਰਦਾ ਹੈ। ਹੁਣ ਤੱਕ ਅਸੀਂ ਟ੍ਰਿਬਿਊਨ ਸਮੇਤ ਹੋਰ ਥਾਵਾਂ ਉੱਤੇ ਉਨ੍ਹਾਂ ਨੌਜਵਾਨ ਕੁੜੀਆਂ ਦੀਆਂ ਇੰਟਰਵਿਊ ਵੀ ਸੁਣ ਲਈਆਂ ਹਨ ਜਿਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਬਦਲੇ ਉਨ੍ਹਾਂ ਨੂੰ ਕਿਵੇਂ ਗਾਲ਼ੀ-ਗਲੋਚ ਅਤੇ ਖ਼ਾਸ ਕਰਕੇ ਜਿਨਸੀ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ। ਅਸੀਂ ਇਹ ਵੀ ਸੁਣਿਆ ਹੈ ਕਿ ਕਿਵੇਂ ਕਈ ਔਰਤਾਂ ਦੀ ਪਛਾਣ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਜਨਤਕ ਕਰ ਦਿੱਤੀ ਗਈ। ‘ਡੌਕਸਿੰਗ’ ਸ਼ਬਦ ਸਾਡੀ ਬੋਲਚਾਲ ਵਿੱਚ ਆ ਗਿਆ ਹੈ ਜੋ ਕਿ ਨੱਬੇ ਦੇ ਦਹਾਕੇ ਦੇ ਸ਼ੁਰੂ ਵਿੱਚ ਪੱਛਮੀ ਦੇਸ਼ਾਂ ਦੇ ਹੈਕਰਾਂ ਦੇ ਸੱਭਿਆਚਾਰ ਵਿੱਚੋਂ ਨਿਕਲਿਆ ਹੈ, ਜਿਸ ਦਾ ਮਤਲਬ ਹੈ ਕਿਸੇ ਦੀ ਨਿੱਜੀ ਜਾਣਕਾਰੀ ਜਾਂ ਦਸਤਾਵੇਜ਼ ਨੂੰ ਜੱਗ-ਜ਼ਾਹਿਰ ਕਰਨਾ। ਅਸੀਂ ਇਹ ਵੀ ਦੇਖਿਆ ਹੈ ਕਿ ਕਿਵੇਂ ਇਨ੍ਹਾਂ ਔਰਤਾਂ ਦਾ ਪਿੱਛਾ ਕੀਤਾ ਗਿਆ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਕਿਉਂਕਿ ਕਮਜ਼ੋਰ ਦਿਲ ਮਰਦਾਂ ਨੂੰ ਲੱਗਦਾ ਸੀ ਕਿ ਇਨ੍ਹਾਂ ਔਰਤਾਂ ਨੂੰ ਇਨ੍ਹਾਂ ਦੀ ਅਸਲ ਔਕਾਤ ਦਿਖਾਉਣੀ ਜ਼ਰੂਰੀ ਹੈ।
ਇਹ ਸਮਝਣ ਲਈ ਕਿਸੇ ਨਾਰੀਵਾਦੀ ਕੋਲੋਂ ਸੁਣਨ ਦੀ ਲੋੜ ਨਹੀਂ ਕਿ ਬੋਲ-ਕੁਬੋਲ ਜਾਂ ਗਾਲ਼ਾਂ ਵਿੱਚ ਜ਼ਿਆਦਾਤਰ ਔਰਤਾਂ, ਖ਼ਾਸ ਕਰਕੇ ਭੈਣਾਂ ਅਤੇ ਮਾਵਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ, ਜਾਂ ਫਿਰ ਜਿਨਸੀ ਸ਼ੋਸ਼ਣ, ਤੰਗ-ਪ੍ਰੇਸ਼ਾਨ ਕਰਨ ਤੇ ਜਬਰ-ਜਨਾਹ ਨੂੰ ਹਿੰਸਾ ਦੇ ਹਥਿਆਰ ਵਜੋਂ ਕਿਉਂ ਵਰਤਿਆ ਜਾਂਦਾ ਹੈ। ਇਹ ਸਭ ਕੁਝ ਤਾਂ ਸਦੀਆਂ ਪੁਰਾਣਾ ਵਰਤਾਰਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 21ਵੀਂ ਸਦੀ ਵਿੱਚ ਵੀ ਔਰਤਾਂ ਉੱਤੇ ਇਹ ਕਾਬੂ ਰੱਖਣ ਦੀ ਮਾਨਸਿਕਤਾ ਜਾਰੀ ਹੈ। ਜਿਵੇਂ-ਜਿਵੇਂ ਭਾਰਤ ‘ਵਿਕਸਿਤ ਭਾਰਤ’ ਬਣਨ ਅਤੇ ਇੱਕ ਆਲਮੀ ਤਾਕਤ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਓਵੇਂ-ਓਵੇਂ ਤਾਕਤ ਦੇ ਅਹੁਦਿਆਂ ’ਤੇ ਬੈਠੇ ਲੋਕਾਂ ਵੱਲੋਂ ਔਰਤਾਂ ਦੇ ਸਰੀਰ ਅਤੇ ਮਨ ਉੱਤੇ ਕਬਜ਼ਾ ਬਣਾਈ ਰੱਖਣ ਦੀ ਇੱਛਾ ਹੋਰ ਵੀ ਪ੍ਰਚੰਡ ਹੁੰਦੀ ਜਾ ਰਹੀ ਹੈ। ਮਰਦਾਂ ਦੀਆਂ ਹੰਕਾਰ ਭਰੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਰਹੀਆਂ ਹਨ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਾਲ ਹੀ ਵਿੱਚ ਹੇਠਲੀ ਅਦਾਲਤ ਨੇ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਬਰੀ ਹੋਣ ਤੋਂ ਬਾਅਦ ਜਦੋਂ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਐੱਨ ਡੀ ਟੀ ਵੀ ਦੀ ਇੱਕ ਨਿਡਰ ਮਹਿਲਾ ਪੱਤਰਕਾਰ ਵੱਲੋਂ ਲਗਾਤਾਰ ਔਖੇ ਸਵਾਲ ਪੁੱਛਣ ’ਤੇ ਉਹ ਉਸ ਦੇ ਮੂੰਹ ਉੱਤੇ ਹੱਸ ਪਿਆ।
ਇਹੀ ਕਾਰਨ ਹੈ ਕਿ ਔਰਤਾਂ ਹੁਣ ਉਸ ਇੱਕੋ ਇੱਕ ਹਥਿਆਰ ਦਾ ਸਹਾਰਾ ਲੈ ਰਹੀਆਂ ਹਨ ਜਿਸ ਬਾਰੇ ਉਹ ਜਾਣਦੀਆਂ ਹਨ ਕਿ ਇਹ ਉਨ੍ਹਾਂ ਨੂੰ ਕਦੇ ਧੋਖਾ ਨਹੀਂ ਦੇਵੇਗਾ। ਇਹੀ ਵਜ੍ਹਾ ਹੈ ਕਿ ਅੱਜ ਤੁਹਾਨੂੰ ਜੰਤਰ-ਮੰਤਰ ਤੋਂ ਲੈ ਕੇ ਰਾਂਚੀ ਤੱਕ ਦੇ ਪ੍ਰਦਰਸ਼ਨਾਂ ਵਿੱਚ ਅੰਬੇਡਕਰ ਦੀਆਂ ਤਸਵੀਰਾਂ ਅਤੇ ਪੋਸਟਰ ਨਜ਼ਰ ਆਉਣਗੇ। ਉੱਥੇ ਗਾਂਧੀ, ਨਹਿਰੂ ਜਾਂ ਸੁਭਾਸ਼ ਚੰਦਰ ਬੋਸ ਨਹੀਂ, ਸਗੋਂ ਅੰਬੇਡਕਰ ਦੀਆਂ ਤਸਵੀਰਾਂ ਸਭ ਤੋਂ ਵੱਧ ਦਿਖਾਈ ਦਿੰਦੀਆਂ ਹਨ। ਅੰਬੇਡਕਰ, ਜੋ ਖ਼ੁਦ ਇੱਕ ਦਲਿਤ ਸਨ, ਆਪਣੇ ਔਖੇ ਹਾਲਾਤ ਨਾਲ ਲੜ ਕੇ ਸੰਵਿਧਾਨ ਬਣਾਉਣ ਦੀ ਅਗਵਾਈ ਕਰਨ ਤੱਕ ਪਹੁੰਚੇ ਸਨ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਜਾਤ ਜਾਂ ਧਰਮ ਤੋਂ ਉੱਪਰ ਉੱਠ ਕੇ ਸਾਰੇ ਮਰਦਾਂ ਅਤੇ ਔਰਤਾਂ ਨੂੰ ਬਰਾਬਰੀ ਤੇ ਇਨਸਾਫ਼ ਦਾ ਹੱਕ ਦੇਣਾ ਕਿਉਂ ਜ਼ਰੂਰੀ ਹੈ। ਉਹ ਜਾਤ ਦੇ ਨਾਂ ਉੱਤੇ ਹੋਣ ਵਾਲੀ ਹਿੰਸਾ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਜਾਤ ਇਨਸਾਨ ਦਾ ਪਿੱਛਾ ਉਮਰ ਭਰ ਨਹੀਂ ਛੱਡਦੀ ਅਤੇ ਤੁਹਾਡੀ ਮੌਤ ਤੋਂ ਬਾਅਦ ਵੀ ਤੁਹਾਡੇ ਬੱਚਿਆਂ ਵਿੱਚ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਅਤੇ ਔਰਤ ਕੋਲ ਜਾਤ ਬਦਲਣ ਦਾ ਇੱਕੋ ਇੱਕ ਤਰੀਕਾ ਉਹੀ ਹੁੰਦਾ ਹੈ ਜਦੋਂ ਉਹ ਕਿਸੇ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਉਂਦੀ ਹੈ। ਅੰਬੇਡਕਰ ਸਮਝਦੇ ਸਨ ਕਿ ਆਜ਼ਾਦੀ ਦਾ ਮਤਲਬ ਸਿਰਫ਼ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣਾ ਅਤੇ ਨਵੇਂ ਦੇਸ਼ ਦਾ ਵਾਅਦਾ ਨਹੀਂ ਹੈ ਸਗੋਂ ਇਸ ਵਿੱਚ ਸੰਵਿਧਾਨਕ ਤੌਰ ਉੱਤੇ ਧਾਰਾ 21 ਤਹਿਤ ਜਿਊਣ ਦਾ ਪੱਕਾ ਹੱਕ ਵੀ ਸ਼ਾਮਲ ਹੈ। ਉਹ ਜਾਣਦੇ ਸਨ ਕਿ ਸੰਵਿਧਾਨ ਹਰ ਨਾਗਰਿਕ ਨੂੰ ਉਸ ਦੀ ਮਰਜ਼ੀ ਬਾਰੇ ਆਜ਼ਾਦੀ ਦੇਣ ਲਈ ਪਾਬੰਦ ਹੈ। ਇਸੇ ਆਜ਼ਾਦੀ ਵਿੱਚ ‘ਨਾਂਹ’ ਆਖਣ ਦਾ ਹੱਕ ਵੀ ਸ਼ਾਮਲ ਹੈ। ਇਹੀ ਉਹ ਗੱਲ ਹੈ ਜਿਹੜੀ ਲੋਕਾਂ ਨੂੰ ਸਭ ਤੋਂ ਵੱਧ ਗ਼ੁੱਸਾ ਦਿਵਾਉਂਦੀ ਹੈ, ਭਾਵੇਂ ਉਹ ਕੰਟਰੋਲ ਕਰਨ ਵਾਲੇ ਮਾਂ-ਬਾਪ ਹੋਣ, ਜੀਵਨ ਸਾਥੀ ਹੋਵੇ ਜਾਂ ਕੋਈ ਅਜਨਬੀ, ਲੋਕਾਂ ਨੂੰ ਸਭ ਤੋਂ ਵੱਧ ਗ਼ੁੱਸਾ ਇਸ ਗੱਲ ਦਾ ਆਉਂਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਆਪਣੀ ‘ਨਾਂਹ’ ਆਖਣ ਦੀ ਆਜ਼ਾਦੀ ਵਰਤ ਰਿਹਾ ਹੈ, ਕਿਉਂਕਿ ਨਾਂਹ ਦਾ ਮਤਲਬ ਸਿਰਫ਼ ਨਾਂਹ ਹੀ ਹੁੰਦਾ ਹੈ।
ਜੀਨ-ਪਾਲ ਸਾਰਤਰ ਨੇ ਸਾਲ 1943 ਵਿੱਚ ਆਪਣੀ ਪੁਸਤਕ ‘ਬੀਂਗ ਐਂਡ ਨਥਿੰਗਨੈੱਸ’ ਵਿੱਚ ਆਖਿਆ ਸੀ ਕਿ ਇਨਸਾਨ ਆਪਣੇ ਫ਼ੈਸਲਿਆਂ ਨਾਲ ਹੀ ਘੜਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਸ ਨੇ ਆਜ਼ਾਦੀ ਤੇ ਜ਼ਿੰਮੇਵਾਰੀ ਦੇ ਵਿਚਾਰ ਨੂੰ ਮਨੁੱਖ ਨਾਲ ਜੋੜਿਆ ਸੀ। ਡਾ. ਬੀ ਆਰ ਅੰਬੇਡਕਰ ਸਾਰਤਰ ਦੇ ਇਨ੍ਹਾਂ ਸ਼ਬਦਾਂ ਨੂੰ ਸੰਵਿਧਾਨਕ ਤਾਕਤ ਪ੍ਰਦਾਨ ਕਰਦੇ ਹਨ। ਜਦੋਂ ਉਨ੍ਹਾਂ ਨੇ ਸੰਵਿਧਾਨ ਘੜਿਆ ਤਾਂ ਉਨ੍ਹਾਂ ਦਾ ਸੰਦੇਸ਼ ਔਰਤਾਂ ਲਈ ਇਹੋ ਸੀ ਕਿ ਅੱਗੇ ਵਧੋ ਅਤੇ ਦੁਨੀਆ ਬਦਲ ਦਿਓ ਕਿਉਂਕਿ ਦੇਸ਼ ਦਾ ਸੰਵਿਧਾਨ ਤੁਹਾਡੀ ਰਾਖੀ ਲਈ ਹਾਜ਼ਰ ਹੈ। ਜੰਤਰ-ਮੰਤਰ ਅਤੇ ਰਾਂਚੀ ਵਿੱਚ ਇਕੱਠੇ ਹੋਏ ਮਰਦਾਂ ਤੇ ਔਰਤਾਂ ਦੇ ਕਾਫ਼ਲੇ ਨੇ ਵੀ ਇਸੇ ਸੱਚਾਈ ਨੂੰ ਅਪਣਾਇਆ ਜਦੋਂ ਉਨ੍ਹਾਂ ਨੇ ਪੁਰਾਣੇ ਸਿਸਟਮ, ਹਕੂਮਤ ਅਤੇ ਤਾਕਤ ਦੇ ਵੱਡੇ ਰੁਤਬਿਆਂ ਨੂੰ ਵੰਗਾਰਿਆ। ਸ਼ਰਧਾ ਸਿੰਘ, ਯਸ਼ਸਵਿਨੀ ਸਿੰਘ ਅਤੇ ਨੇਹਾ ਬੋਰਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹਨ।
(ਨੇਹਾ ਦੇ ਵਜੂਦ ਦੇ ਕਈ ਰੰਗ ਦੇਖਣਯੋਗ ਹਨ, ਜਿੱਥੇ ਇੱਕ ਪਾਸੇ ਉਹ ਸੰਵਿਧਾਨ ਵਿੱਚ ਪੂਰੀ ਆਸਥਾ ਰੱਖਦੀ ਹੈ ਅਤੇ ਦੂਜੇ ਪਾਸੇ ਉਸ ਰਾਜਸੀ ਧਿਰ ਨਾਲ ਜੁੜੀ ਹੈ ਜਿਸ ਦੀ ਖੱਬੇਪੱਖੀ ਵਿਚਾਰਧਾਰਾ ਇਨਕਲਾਬ ਦੀ ਗੱਲ ਕਰਦੀ ਹੈ)। ਉੱਥੇ ਹੀ ਉਹ ਨਾਬਾਲਗ ਕੁੜੀ ਵੀ ਸਾਡੇ ਸਾਹਮਣੇ ਹੈ ਜਿਸ ਦਾ ਨਾਂ ਨਹੀਂ ਲਿਆ ਜਾ ਸਕਦਾ, ਜਿਸ ਉੱਤੇ ਬਲਾਤਕਾਰ, ਮੌਤ ਦੀਆਂ ਧਮਕੀਆਂ ਅਤੇ ਹੋਰ ਜਿਨਸੀ ਤਸ਼ੱਦਦ ਇਸ ਹੱਦ ਤੱਕ ਵਰ੍ਹਾਇਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਵੀਡੀਓ ਵਿੱਚ ਉਸ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਮਾਂ ਵਿਰੁੱਧ ਕੀਤੀ ਗਈ ਟਿੱਪਣੀ ਦਾ ਜ਼ਿਕਰ ਕਰਨ ਤੋਂ ਬਾਅਦ ਉਸ ਨੂੰ ਅਤੇ ਉਸ ਦੀ ਮਾਂ ਨੂੰ ਡਰ ਦੇ ਮਾਰੇ ਆਪਣਾ ਘਰ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਕੋਈ ਵੀ ਪੁੱਛ ਸਕਦਾ ਹੈ ਕਿ ਅੱਜ ਦੀ ਇਸ ਅਸਾਵੀਂ ਅਤੇ ਹਿੰਸਕ ਦੁਨੀਆ ਵਿੱਚ ਆਖ਼ਰ ਇੱਕ ਔਰਤ ਕੋਲ ਕੀ ਰਾਹ ਬਚਦੇ ਹਨ। ਇਸ ਦਾ ਬਿਹਤਰੀਨ ਜਵਾਬ ਇਹ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਔਰਤਾਂ ਦਾ ਸਾਥ ਦਿਓ ਤਾਂ ਜੋ ਉਹ ਇੱਕ ਵਧੇਰੇ ਨਿਆਂਪੂਰਨ ਸਮਾਜ ਦੀ ਸਿਰਜਣਾ ਲਈ ਸਮਾਜਿਕ ਅੜਿੱਕਿਆਂ ਅਤੇ ਮਾਨਸਿਕ ਦੀਵਾਰਾਂ ਨੂੰ ਤੋੜ ਸਕਣ।
Share this content:



Post Comment