ਨਾਭਾ ਤੋਂ ਵਾਹਗਾ ਬਾਰਡਰ ਤੱਕ ਭਾਰਤ- ਪਾਕਿ ਦੋਸਤੀ ਮਾਰਚ

ਪਿੰਡ ਪਲਾਹੀ ਵਿਖੇ ਕੀਤਾ ਪੜਾਅ- ਹਮੀਰ ਸਿੰਘ ਨੇ ਵਿਚਾਰ ਰੱਖੇ
ਫਗਵਾੜਾ, 14 ਅਗਸਤ( ਏ.ਡੀ.ਪੀ. ਨਿਊਜ਼ ) ਨਾਭਾ ਤੋਂ ਵਾਹਗਾ ਬਾਰਡਰ ਤੱਕ ਕੱਢੇ ਜਾ ਰਹੇ ‘ਭਾਰਤ-ਪਾਕਿ ਦੋਸਤੀ ਮਾਰਚ’ ਦਾ ਪੈਗਾਮ ਦੇਣ ਅਤੇ 14 ਅਗਸਤ ਦੀ ਰਾਤ ਨੂੰ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਬਾਲ ਕੇ ਅਮਨ-ਸ਼ਾਂਤੀ ਦਾ ਸੰਦੇਸ਼ ਦੇਣ ਲਈ ਜਾ ਰਹੇ ਕਾਫ਼ਲੇ ਦਾ ਪਿੰਡ ਪਲਾਹੀ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇੰਡੀਅਨ ਡੈਮੋਕ੍ਰੇਟਿਕ ਪਾਰਟੀ (ਆਈ.ਡੀ.ਪੀ.) ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਦੀ ਅਗਵਾਈ ਹੇਠ ਕੱਢੇ ਜਾ ਰਹੇ ਇਸ ਮਾਰਚ ਦੌਰਾਨ ਪਿੰਡ ਪਲਾਹੀ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ 1947 ਦੀ ਪੰਜਾਬ ਵੰਡ ਦੌਰਾਨ ਲਗਭਗ 8 ਲੱਖ ਪੰਜਾਬੀ ਪ੍ਰਭਾਵਿਤ ਹੋਏ ਸਨ ਅਤੇ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਵੱਡਾ ਸੰਤਾਪ ਭੋਗਣਾ ਪਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਮਨ-ਚੈਨ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਦੇਸ਼ ਦੀਆਂ ਮੌਜੂਦਾ ਨੀਤੀਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਨੇ ਧਰਮ ਨਿਰਪੱਖਤਾ ਦੀ ਰੱਖਿਆ ਦਾ ਹੋਕਾ ਦਿੱਤਾ ਅਤੇ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ ਨੀਤੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਬਣ ਕੇ ਫ਼ੈਸਲੇ ਲੈ ਰਹੀਆਂ ਹਨ, ਜਿਸ ਨਾਲ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਹੈ।
ਇਸੇ ਦੌਰਾਨ ਆਈ.ਡੀ.ਪੀ. ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜੱਖੇਪਾਲ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਹੋਏ ਪ੍ਰਮਾਣੂ ਹਮਲਿਆਂ ਦੇ ਦੁਖਾਂਤ ਦਾ ਜ਼ਿਕਰ ਕਰਦਿਆਂ ਦੁਨੀਆ ਭਰ ਵਿੱਚ ਸ਼ਾਂਤੀ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਮਰੀਕਾ ਵੱਲੋਂ ਇਰਾਨ ਅਤੇ ਹੋਰਨਾਂ ਦੇਸ਼ਾਂ ’ਤੇ ਕੀਤੇ ਜਾ ਰਹੇ ਹਮਲਿਆਂ ਅਤੇ ਸਾਮਰਾਜਵਾਦੀ ਨੀਤੀਆਂ ਦੀ ਵੀ ਕੜੀ ਨਿਖੇਧੀ ਕੀਤੀ।

ਸਮਾਗਮ ਦੇ ਅੰਤ ਵਿੱਚ ਨਗਰ ਪੰਚਾਇਤ ਅਤੇ ਗੁਰਦੁਆਰਾ ਬਾਬਾ ਟੇਕ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਹਮੀਰ ਸਿੰਘ, ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ, ਕੌਮੀ ਪ੍ਰਧਾਨ ਕਰਨੈਲ ਸਿੰਘ ਜੱਖੇਪਾਲ, ਸਹਾਇਕ ਸਕੱਤਰ ਮਨਪ੍ਰੀਤ ਕੌਰ ਰਾਜਪੁਰਾ, ਖਜ਼ਾਨਚੀ ਫਲਜੀਤ ਸਿੰਘ, ਗੁਰਮੀਤ ਸਿੰਘ ਥੂਹੀ, ਤਾਰਾ ਸਿੰਘ ਫੱਗੂਵਾਲਾ, ਕਿਰਨਜੀਤ ਝੁਨੀਰ ਅਤੇ ਰਾਮ ਲਾਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਨਿਵਾਜਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸੁਖਵਿੰਦਰ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਚਰਨਜੀਤ ਚਾਨਾ, ਸਰਬਜੀਤ ਚਾਨਾ, ਰਣਜੀਤ ਸਿੰਘ ਮੈਨੇਜਰ, ਪਲਵਿੰਦਰ ਸਿੰਘ ਸੱਲ, ਬਲਵਿੰਦਰ ਸਿੰਘ ਫੋਰਮੈਨ, ਰਵੀ ਸੱਗੂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ।
Share this content:



Post Comment