ਏਸ਼ੀਆ ਕੱਪ 2025 ਵੀ ਹੋ ਜਾਵੇਗਾ ਰੱਦ? ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ, 11 ਜੁਲਾਈ – ਕ੍ਰਿਕਟ ਏਸ਼ੀਆ ਕੱਪ 2025 ਸਤੰਬਰ ਵਿੱਚ ਹੋਣ ਵਾਲਾ ਹੈ, ਪਰ ਹੁਣ ਇਸ ਵੱਡੇ ਟੂਰਨਾਮੈਂਟ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਭਾਰਤ ਅਤੇ ਸ਼੍ਰੀਲੰਕਾ ਵੱਲੋਂ ਲਏ ਗਏ ਫੈਸਲੇ ਕਾਰਨ ਏਸ਼ੀਆ ਕੱਪ ਰੱਦ ਹੋਣ ਦੀ ਸੰਭਾਵਨਾ ਹੈ। ਦਰਅਸਲ, ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ 24 ਜੁਲਾਈ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੋਣੀ ਹੈ, ਪਰ ਬੀਸੀਸੀਆਈ ਅਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ। ਟੂਰਨਾਮੈਂਟ ਸ਼ੁਰੂ ਹੋਣ ‘ਚ 2 ਮਹੀਨਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸ ਦੌਰਾਨ, ਟੈਲੀਕਾਮ ਏਸ਼ੀਆ ਸਪੋਰਟ ਦੀ ਇੱਕ ਰਿਪੋਰਟ ਨੇ ਹਲਚਲ ਮਚਾ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਨੇ 24 ਜੁਲਾਈ ਨੂੰ ਢਾਕਾ ਵਿੱਚ ਹੋਣ ਵਾਲੀ ਏਸੀਸੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
24 ਜੁਲਾਈ ਨੂੰ ਤੈਅ ਸ਼ਡਿਊਲ ਮੁਤਾਬਕ ਹੋਵੇਗੀ ACC ਦੀ ਬੈਠਕ
ਭਾਰਤ ਅਤੇ ਬੰਗਲਾਦੇਸ਼ ਦੇ ਰਾਜਨੀਤਿਕ ਸੰਬੰਧ ਇਸ ਸਮੇਂ ਬਹੁਤ ਚੰਗੇ ਨਹੀਂ ਹਨ, ਟੀਮ ਇੰਡੀਆ ਦਾ ਬੰਗਲਾਦੇਸ਼ ਦੌਰਾ ਵੀ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਬੀਸੀਸੀਆਈ ਨੇ ਅਗਸਤ ਵਿੱਚ ਹੋਣ ਵਾਲੀ ਇਸ ਸੀਰੀਜ਼ ਨੂੰ ਰੱਦ ਕਰਨ ਦਾ ਕਾਰਨ ਅੰਤਰਰਾਸ਼ਟਰੀ ਸ਼ਡਿਊਲ ਨਾਲ ਸਬੰਧਤ ਵਚਨਬੱਧਤਾਵਾਂ ਦਾ ਹਵਾਲਾ ਦਿੱਤਾ ਹੈ, ਪਰ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਿਹਾ ਤਣਾਅ ਵੀ ਇਸ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਇਸ ਵਿੱਚ ਹਿੱਸਾ ਨਹੀਂ ਲੈਣਗੇ, ਇਸ ਦੇ ਬਾਵਜੂਦ ਇਹ ਮੀਟਿੰਗ ਨਿਰਧਾਰਤ ਮਿਤੀ ਅਨੁਸਾਰ 24 ਜੁਲਾਈ ਨੂੰ ਹੀ ਹੋਵੇਗੀ।
ਕੀ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਧਿਕਾਰੀ?
ਟੈਲੀਕਾਮ ਏਸ਼ੀਆ ਸਪੋਰਟ ਨਾਲ ਗੱਲ ਕਰਦਿਆਂ ਹੋਇਆਂ ਇੱਕ ਉੱਚ ਅਧਿਕਾਰੀ ਨੇ ਕਿਹਾ, “ਅਸੀਂ ਸਾਰੇ ਮੈਂਬਰ ਦੇਸ਼ਾਂ ਨੂੰ ਆਪਣੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਕੋਈ ਮੈਂਬਰ ਨਿੱਜੀ ਤੌਰ ‘ਤੇ ਸ਼ਾਮਲ ਨਹੀਂ ਹੋਣਾ ਚਾਹੁੰਦਾ, ਤਾਂ ਉਹ ਔਨਲਾਈਨ ਸ਼ਾਮਲ ਹੋ ਸਕਦਾ ਹੈ। ਮੀਟਿੰਗ ਢਾਕਾ ਵਿੱਚ ਹੋਵੇਗੀ।”
ਕਿੱਥੇ ਹੋਵੇਗਾ ਏਸ਼ੀਅ ਕੱਪ 2025?
ਏਸ਼ੀਆ ਕੱਪ 2025 ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ, ਜਿਸ ਦਾ ਮੇਜ਼ਬਾਨ ਭਾਰਤ ਹੈ ਪਰ ਇਹ ਇੱਕ ਹਾਈਬ੍ਰਿਡ ਮਾਡਲ ਵਿੱਚ ਹੋਣਾ ਹੈ। ਕਿਉਂਕਿ ਪਾਕਿਸਤਾਨ ਆਪਣੇ ਮੈਚ ਭਾਰਤ ਤੋਂ ਬਾਹਰ ਖੇਡੇਗਾ, ਇਹ ਦੁਬਈ ਵਿੱਚ ਹੋ ਸਕਦਾ ਹੈ।
Share this content:



Post Comment