Loading Now

ਅੰਮ੍ਰਿਤਸਰ ਪੁਲਿਸ ਨੇ 21 ਕਿਲੋ ਹੈਰੋਇਨ ਤੇ ਗੈਰ-ਕਾਨੂੰਨੀ ਹਥਿਆਰ ਸਣੇ 5 ਤਸਕਰ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ 21 ਕਿਲੋ ਹੈਰੋਇਨ ਤੇ ਗੈਰ-ਕਾਨੂੰਨੀ ਹਥਿਆਰ ਸਣੇ 5 ਤਸਕਰ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ, 8 ਅਗਸਤ – ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ 21.299 ਕਿਲੋ ਹੈਰੋਇਨ, 970 ਗ੍ਰਾਮ ਆਈਸੀਈ (ਮੈਥਾਮਫੇਟਾਮਾਈਨ), .30 ਬੋਰ ਗੈਰ-ਕਾਨੂੰਨੀ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਪੁਲਿਸ ਵੱਲੋਂ 5 ਮੁਲਜ਼ਮ ਕਾਬੂ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਗਨ ਉਰਫ਼ ਡਿਸ਼ਕਾ (23) ਅਤੇ ਜਸਪਿੰਦਰ ਸਿੰਘ (25) ਦੋਵੇਂ ਵਾਸੀ ਪਿੰਡ ਨਿਕੋਸਰਨ, ਗੁਰਦਾਸਪੁਰ; ਸੁਖਪ੍ਰੀਤ ਸਿੰਘ ਉਰਫ਼ ਸੁੱਖ (30) ਵਾਸੀ ਅੱਡਾ ਜੈਂਤੀਪੁਰ, ਅੰਮ੍ਰਿਤਸਰ ਦਿਹਾਤੀ; ਅਭਿਸ਼ੇਕ ਸਭਰਵਾਲ ਉਰਫ਼ ਅਭੀ (25) ਵਾਸੀ ਸ਼ਰਮਾ ਕਾਲੋਨੀ, ਅੰਮ੍ਰਿਤਸਰ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ (26) ਵਾਸੀ ਪਿੰਡ ਚੰਨਣਕੇ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਵਿਦੇਸ਼ ਅਧਾਰਤ ਤਸਕਰ ਦੇ ਸਿੱਧੇ ਸੰਪਰਕ ਵਿੱਚ ਸੀ। ਜਿਸ ਨੇ ਅੰਤਰਰਾਸ਼ਟਰੀ ਸਰਹੱਦ ਪਾਰੋਂ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਮਦਦ ਕੀਤੀ ਸੀ, ਜੋ ਅੱਗੇ ਸਪਲਾਈ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰਲੇ ਇਸ ਤਸਕਰੀ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਨੈੱਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੁਖਤਾ ਇਤਲਾਹ ‘ਤੇ ਕਾਰਵਾਈ ਕਰਦਿਆਂ ਪਹਿਲਾਂ ਮੁਲਜ਼ਮ ਗਗਨ ਉਰਫ਼ ਡਿਸ਼ਕਾ ਅਤੇ ਜਸਪਿੰਦਰ ਸਿੰਘ ਨੂੰ ਇੱਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੂੰ 1.01 ਕਿਲੋ ਹੈਰੋਇਨ ਅਤੇ 970 ਗ੍ਰਾਮ ਆਈਸੀਈ ਬਰਾਮਦ ਕਰਨ ਵਿੱਚ ਵੀ ਸਫ਼ਲਤਾ ਮਿਲੀ ਹੈ।

NDPS ਐਕਟ ਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੀ ਸ਼ਮੂਲੀਅਤ ਬਾਰੇ ਖੁਲਾਸਾ ਕੀਤਾ ਅਤੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸੁਖਪ੍ਰੀਤ ਉਰਫ਼ ਸੁੱਖ, ਅਭਿਸ਼ੇਕ ਸਭਰਵਾਲ ਉਰਫ਼ ਅਭੀ ਅਤੇ ਮਨਪ੍ਰੀਤ ਉਰਫ਼ ਮੰਨੂ ਨੂੰ 20.2 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੁਖਪ੍ਰੀਤ ਉਰਫ਼ ਸੁੱਖ ਆਦਤਨ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਅਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ।

Share this content:

Post Comment