Loading Now

ਨਿਊਜ਼ੀਲੈਂਡ ਰਾਜਨੀਤੀ ਵਿੱਚ ਵੱਧਦੀ ਭਾਰਤੀ ਭਾਈਚਾਰੇ ਦੀ ਸ਼ਾਨ

ਨਿਊਜ਼ੀਲੈਂਡ ਰਾਜਨੀਤੀ ਵਿੱਚ ਵੱਧਦੀ ਭਾਰਤੀ ਭਾਈਚਾਰੇ ਦੀ ਸ਼ਾਨ

*ਨੈਸ਼ਨਲ ਪਾਰਟੀ ਨੇ ਆਮ ਚੋਣਾਂ ਲਈ ਜਾਰੀ ਕੀਤੀ ਲਿਸਟ ਉਮੀਦਵਾਰਾਂ ਦੀ ਸੂਚੀ, ਭਾਰਤੀ ਚਿਹਰਿਆਂ ਨੂੰ ਵੀ ਮਿਲੀ ਥਾਂ
*ਰੋਬਿਨ ਅਟਵਾਲ ਸਮੇਤ ਪ੍ਰਮੁੱਖ ਭਾਰਤੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ
ਔਕਲੈਂਡ, 08 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੀ ਸੱਤਾਧਾਰੀ ਨੈਸ਼ਨਲ ਪਾਰਟੀ ਨੇ 2026 ਦੀਆਂ ਆਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਮੁਕੰਮਲ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਸੰਵਿਧਾਨ ਮੁਤਾਬਕ ਪਾਰਟੀ ਨੇਤਾ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਪਹਿਲੇ ਨੰਬਰ ’ਤੇ ਅਤੇ ਉਪ-ਨੇਤਾ ਨਿਕੋਲਾ ਵਿਲਿਸ ਦੂਜੇ ਨੰਬਰ ’ਤੇ ਹਨ। ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੂਚੀ ਵਿੱਚ ਸੁਰੱਖਿਅਤ ਸਥਾਨ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਦੀ ਸੰਸਦ ਵਿੱਚ ਵਾਪਸੀ ਯਕੀਨੀ ਹੋ ਸਕੇ। ਕ੍ਰਿਸ ਬਿਸ਼ਪ ਤੀਜੇ, ਸੀਮੋਨ ਬ੍ਰਾਊਨ ਚੌਥੇ, ਐਰਿਕਾ ਸਟੈਨਫੋਰਡ ਪੰਜਵੇਂ, ਪਾਲ ਗੋਲਡਸਮਿਥ ਛੇਵੇਂ, ਲੂਈਸ ਅਪਸਟਨ ਸੱਤਵੇਂ ਅਤੇ ਮਾਰਕ ਮਿਚਲ ਅੱਠਵੇਂ ਨੰਬਰ ’ਤੇ ਹਨ। ਸਪੀਕਰ ਗੈਰੀ ਬ੍ਰਾਊਨਲੀ ਨੂੰ 9ਵਾਂ ਰੈਂਕ ਦਿੱਤਾ ਗਿਆ ਹੈ। ਤਾਮਾ ਪੋਟਾਕਾ 11ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦਕਿ ਮੈਲਿਸਾ ਲੀ ਡਿੱਗ ਕੇ 30ਵੇਂ ਸਥਾਨ ’ਤੇ ਆ ਗਈ ਹੈ। ਹਾਲੀਆ ਸਰਵੇਖਣਾਂ ਵਿੱਚ ਨੈਸ਼ਨਲ ਪਾਰਟੀ ਨੂੰ ਲਗਭਗ 31 ਫੀਸਦੀ ਸਮਰਥਨ ਮਿਲਦਾ ਦਿਖਾਇਆ ਗਿਆ ਹੈ, ਜਿਸ ਨਾਲ ਪਾਰਟੀ ਨੂੰ 39 ਤੋਂ 40 ਸੀਟਾਂ ਮਿਲ ਸਕਦੀਆਂ ਹਨ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੈਲਿੰਗਟਨ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦਾ ਪੂਰਾ ਧਿਆਨ ਪਾਰਟੀ ਵੋਟ ਵਧਾਉਣ ’ਤੇ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸਿਲਵੀਆ ਵੁੱਡ ਦੇ ਪੂਰੇ ਸਮਰਥਨ ਨਾਲ ਕਿਹਾ ਕਿ ਰਾਜਨੀਤੀ ਵਿੱਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਉਹ ਪੂਰੀ ਮਜ਼ਬੂਤੀ ਨਾਲ ਚੋਣ ਮੁਹਿੰਮ ਵੱਲ ਵਧ ਰਹੇ ਹਨ।

ਭਾਰਤੀ ਚਿਹਰੇ ਅਤੇ ਘੱਟ ਉਮਰ ਦਾ ਨੌਜਵਾਨ ਰੌਬਿਨ ਅਟਵਾਲ

ਇਸ ਸੂਚੀ ਵਿੱਚ ਭਾਰਤੀ ਭਾਈਚਾਰੇ ਦੇ ਕਈ ਪ੍ਰਮੁੱਖ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮਹੇਸ਼ ਮੁਰਲੀਧਰ (ਤਾਮਾਕੀ, ਰੈਂਕ 24), ਅੰਕਿਤ ਬੰਸਲ (ਪਾਮਰਸਟਨ ਨੌਰਥ, ਰੈਂਕ 53), ਲਲਿਤ ਆਰੀਆ (ਓਤਾਹੁਹੂ, ਰੈਂਕ 59), ਸੁਨੀਲ ਕੁਮਾਰ (ਗਲੇਨਡੇਨ, ਰੈਂਕ 63), ਕਰੁਣਾ ਮੁਥੂ (ਵੈਲਿੰਗਟਨ ਬੇਅਜ਼, ਰੈਂਕ 64), ਰੋਬਿਨ ਅਟਵਾਲ (ਲਿਸਟ ਉਮੀਦਵਾਰ, ਰੈਂਕ 70) ਅਤੇ ਆਸ਼ੂ ਨਈਅਰ (ਲਿਸਟ ਉਮੀਦਵਾਰ, ਰੈਂਕ 71) ਸ਼ਾਮਲ ਹਨ। ਖਾਸ ਤੌਰ ’ਤੇ 70ਵੇਂ ਨੰਬਰ ’ਤੇ ਸ਼ਾਮਲ ਕੀਤੇ ਗਏ ਰੋਬਿਨ ਅਟਵਾਲ ਔਕਲੈਂਡ ਦੇ ਜਾਣੇ-ਪਛਾਣੇ ਕਾਰੋਬਾਰੀ ਪਰਿਵਾਰ ਦੇ ਫਰਜ਼ੰਦ ਹਨ। ਉਹ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਆਰਗੇਨਾਈਜ਼ਿੰਗ ਕਮੇਟੀ ਵਿੱਚ ਲੌਜਿਸਟਿਕਸ ਅਤੇ ਆਪ੍ਰੇਸ਼ਨਜ਼ ਮੁਖੀ ਵਜੋਂ ਸੇਵਾਵਾਂ ਵੀ ਨਿਭਾਉਂਦੇ ਹਨ। ਨੈਸ਼ਨਲ ਪਾਰਟੀ ਦੇ ਵਿਚ ਉਹ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ। ਇਵੈਂਟ ਮੈਨੇਜਮੈਂਟ ਅਤੇ ਬਿਜ਼ਨਸ ਆਪ੍ਰੇਸ਼ਨਜ਼ ਵਿੱਚ ਉੱਚ ਯੋਗਤਾ ਅਤੇ ਤਜਰਬਾ ਰੱਖਣ ਵਾਲੇ ਰੌਬਿਨ ਅਟਵਾਲ ਤੋਂ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਵੱਡੀਆਂ ਆਸਾਂ ਹਨ।

ਕੋਣ ਹੁੰਦਾ ਹੈ ਲਿਸਟ ਐਮ.ਪੀ.?

ਨਿਊਜ਼ੀਲੈਂਡ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਲਿਸਟ ਐਮ.ਪੀ. ਸੰਸਦ ਦਾ ਉਹ ਮੈਂਬਰ ਹੁੰਦਾ ਹੈ ਜੋ ਕਿਸੇ ਖਾਸ ਭੂਗੋਲਿਕ ਇਲਾਕੇ ਜਾਂ ਹਲਕੇ ਤੋਂ ਚੋਣ ਜਿੱਤ ਕੇ ਨਹੀਂ ਆਉਂਦਾ, ਸਗੋਂ ਆਪਣੀ ਰਾਜਨੀਤਿਕ ਪਾਰਟੀ ਦੀ ਕੇਂਦਰੀ ਸੂਚੀ ਦੇ ਅਧਾਰ ’ਤੇ ਚੁਣਿਆ ਜਾਂਦਾ ਹੈ। ਨਿਊਜ਼ੀਲੈਂਡ ਵਿੱਚ ਐਮ.ਐਮ.ਪੀ. ਚੋਣ ਪ੍ਰਣਾਲੀ ਲਾਗੂ ਹੈ, ਜਿਸ ਵਿੱਚ ਹਰੇਕ ਵੋਟਰ ਨੂੰ ਦੋ ਵੋਟਾਂ ਪਾਉਣ ਦਾ ਅਧਿਕਾਰ ਹੁੰਦਾ ਹੈ। ਇੱਕ ਵੋਟ ਸਥਾਨਕ ਹਲਕੇ ਦੇ ਉਮੀਦਵਾਰ ਲਈ ਹੁੰਦੀ ਹੈ ਅਤੇ ਦੂਜੀ ਵੋਟ ਪਸੰਦੀਦਾ ਰਾਜਨੀਤਿਕ ਪਾਰਟੀ ਲਈ ਹੁੰਦੀ ਹੈ। ਚੋਣਾਂ ਤੋਂ ਪਹਿਲਾਂ ਹਰੇਕ ਪਾਰਟੀ ਆਪਣੇ ਉਮੀਦਵਾਰਾਂ ਦੀ ਇੱਕ ਲੜੀਵਾਰ ਸੂਚੀ ਜਾਰੀ ਕਰਦੀ ਹੈ। ਚੋਣਾਂ ਦੇ ਨਤੀਜਿਆਂ ਵਿੱਚ ਪਾਰਟੀ ਨੂੰ ਦੇਸ਼ ਭਰ ਵਿੱਚੋਂ ਮਿਲੀ ਕੁੱਲ ਪਾਰਟੀ ਵੋਟ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਸੰਸਦ ਵਿੱਚ ਉਸਦੀਆਂ ਕੁੱਲ ਸੀਟਾਂ ਤੈਅ ਹੁੰਦੀਆਂ ਹਨ। ਜੇਕਰ ਕਿਸੇ ਪਾਰਟੀ ਦੀਆਂ ਕੁੱਲ ਪ੍ਰਾਪਤ ਸੀਟਾਂ ਦੇ ਮੁਕਾਬਲੇ ਉਸ ਦੇ ਹਲਕਾ ਜਿੱਤਣ ਵਾਲੇ ਉਮੀਦਵਾਰ ਘੱਟ ਹੁੰਦੇ ਹਨ, ਤਾਂ ਬਾਕੀ ਰਹਿੰਦੀਆਂ ਸੀਟਾਂ ਪਾਰਟੀ ਦੀ ਲਿਸਟ ਵਿੱਚ ਦਰਜ ਉਮੀਦਵਾਰਾਂ ਦੇ ਰੈਂਕ ਅਨੁਸਾਰ ਭਰੀਆਂ ਜਾਂਦੀਆਂ ਹਨ। ਕਿਸੇ ਵੀ ਪਾਰਟੀ ਨੂੰ ਲਿਸਟ ਐਮ.ਪੀ. ਰਾਹੀਂ ਸੰਸਦ ਵਿੱਚ ਸੀਟਾਂ ਪ੍ਰਾਪਤ ਕਰਨ ਲਈ ਘੱਟੋ-ਘੱਟ ਪੰਜ ਫੀਸਦੀ ਪਾਰਟੀ ਵੋਟ ਹਾਸਲ ਕਰਨੀ ਪੈਂਦੀ ਹੈ ਜਾਂ ਘੱਟੋ-ਘੱਟ ਇੱਕ ਇਲਾਕਾਈ ਸੀਟ ਜਿੱਤਣੀ ਜ਼ਰੂਰੀ ਹੁੰਦੀ ਹੈ। ਸੰਸਦ ਦੇ ਅੰਦਰ ਲਿਸਟ ਐਮ.ਪੀ. ਕੋਲ ਇਲਾਕਾਈ ਐਮ.ਪੀ. ਦੇ ਬਰਾਬਰ ਹੀ ਸ਼ਕਤੀਆਂ, ਵੋਟਿੰਗ ਦਾ ਅਧਿਕਾਰ ਅਤੇ ਮੰਤਰੀ ਬਣਨ ਦੇ ਪੂਰੇ ਮੌਕੇ ਹੁੰਦੇ ਹਨ। ਫਰਕ ਸਿਰਫ ਇਹ ਹੁੰਦਾ ਹੈ ਕਿ ਇਲਾਕਾਈ ਐਮ.ਪੀ. ਆਪਣੇ ਖਾਸ ਖੇਤਰ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਜਦਕਿ ਲਿਸਟ ਐਮ.ਪੀ. ਆਪਣੀ ਪਾਰਟੀ ਅਤੇ ਪੂਰੇ ਦੇਸ਼ ਦੇ ਵੋਟਰਾਂ ਦੀ ਵਕਾਲਤ ਕਰਦਾ ਹੈ।

Share this content:

Post Comment