ਪੰਜਾਬੀ ਯੂਨੀਵਰਸਿਟੀ ਨੇ ਦੁਰਲੱਭ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਕੀਤਾ ਸਮਝੌਤਾ
ਪਟਿਆਲਾ, 7 ਅਗਸਤ – ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਦੁਰਲੱਭ ਦਸਤਾਵੇਜ਼ਾਂ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਸੰਭਾਲਣ ਲਈ ਇੱਕ ਅਹਿਮ ਪਹਿਲਕਦਮੀ ਕਰਦਿਆਂ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ.ਡੀ.ਐੱਲ.), ਚੰਡੀਗੜ੍ਹ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ ਹੈ। ਦੋਹੇਂ ਅਦਾਰਿਆਂ ਦੀ ਇਸ ਭਾਈਵਾਲੀ ਤਹਿਤ ਪੰਜਾਬ ਡਿਜੀਟਲ ਲਾਇਬ੍ਰੇਰੀ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਉੱਚ-ਗੁਣਵੱਤਾ ਵਾਲਾ ਡਿਜੀਟਾਈਜ਼ੇਸ਼ਨ, ਇਮੇਜ ਪ੍ਰੋਸੈਸਿੰਗ, ਮੈਟਾਡੇਟਾ ਤਿਆਰ ਕਰਨ ਅਤੇ ਓ.ਸੀ.ਆਰ. ਆਦਿ ਦਾ ਕੰਮ ਕਰੇਗੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਇਸ ਇਕਰਾਰਨਾਮੇ ‘ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਆਊਟਰੀਚ ਡਾਇਰੈਕਟਰ ਸ. ਦਲਵੀਰ ਸਿੰਘ ਨੇ ਦਸਤਖ਼ਤ ਕੀਤੇ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਸ ਇਕਰਾਰਨਾਮੇ ਦਾ ਮੁੱਖ ਮਕਸਦ ਯੂਨੀਵਰਸਿਟੀ ਦੇ ਦੁਰਲੱਭ ਖਜ਼ਾਨੇ ਦੀ ਡਿਜੀਟਾਈਜ਼ੇਸ਼ਨ, ਸੰਭਾਲ, ਮੈਟਾਡੇਟਾ ਤਿਆਰ ਕਰਨਾ ਅਤੇ ਇਸ ਤੱਕ ਨਿਯੰਤਰਿਤ ਡਿਜੀਟਲ ਪਹੁੰਚ ਯਕੀਨੀ ਬਣਾਉਣਾ ਹੈ। ਉਨ੍ਹਾਂ ਇਸ ਸਾਂਝ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯੂਨੀਵਰਸਿਟੀ ਦੀ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਕਰਨ ਵੱਲ ਇੱਕ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਦੁਰਲੱਭ ਪੁਸਤਕਾਂ, ਹੱਥ-ਲਿਖਤਾਂ (ਪਾਂਡੂਲਿਪੀਆਂ), ਅਖ਼ਬਾਰਾਂ, ਰਸਾਲਿਆਂ, ਦਸਤਾਵੇਜ਼ੀ ਰਿਕਾਰਡ, ਤਸਵੀਰਾਂ, ਨਕਸ਼ਿਆਂ ਅਤੇ ਹੋਰ ਮਹੱਤਵਪੂਰਨ ਸਰੋਤਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ, ਜਿਸ ਨਾਲ ਅਕਾਦਮਿਕ ਅਤੇ ਖੋਜ ਕਾਰਜਾਂ ਨੂੰ ਵੱਡਾ ਹੁਲਾਰਾ ਮਿਲੇਗਾ।
Share this content:



Post Comment