ਹਾਲੇ ਹਰੇ ਹਨ ਜਾਪਾਨ ਦੇ ਜ਼ਖ਼ਮ
6 ਅਗਸਤ ਤੇ 9 ਅਗਸਤ 1945, ਇਹ ਦੋ ਅਜਿਹੇ ਦਿਨ ਹਨ, ਜਿਨ੍ਹਾਂ ਨੂੰ ਮਨੁੱਖਤਾ ਕਦੇ ਨਹੀਂ ਭੁੱਲ ਸਕਦੀ। ਇਨ੍ਹਾਂ ਦਿਨਾਂ ਦੌਰਾਨ ਅਮਰੀਕਾ ਦੁਆਰਾ ਜਾਪਾਨ ਦੇ ਦੋ ਵੱਡੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਬੰਬ ਸੁੱਟੇ ਗਏ ਸਨ। ਇਸ ਪਰਮਾਣੂ ਹਮਲੇ ਨੇ ਨਾ ਸਿਰਫ਼ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਬਲਕਿ ਆਉਣ ਵਾਲੀਆਂ ਨਸਲਾਂ ਨੂੰ ਵੀ ਹਮੇਸ਼ਾ ਲਈ ਜ਼ਖ਼ਮੀ ਕਰ ਦਿੱਤਾ। ਸਾਲ 1939 ਤੋਂ ਸ਼ੁਰੂ ਹੋਇਆ ਦੂਜਾ ਵਿਸ਼ਵ ਯੁੱਧ 1945 ਤੱਕ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਚੁੱਕਾ ਸੀ। ਯੂਰਪ ’ਚ ਹਿਟਲਰ ਦੀ ਹਾਰ ਹੋ ਚੁੱਕੀ ਸੀ ਅਤੇ ਜਰਮਨੀ ਨੇ ਆਤਮ-ਸਮਰਪਣ ਕਰ ਦਿੱਤਾ ਸੀ ਪਰ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ’ਚ ਜਾਪਾਨ ਅਜੇ ਵੀ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ ਸਾਹਮਣੇ ਡਟਿਆ ਹੋਇਆ ਸੀ।
ਇਸ ਦੌਰਾਨ ਅਮਰੀਕਾ ਨੇ ਇਕ ਗੁਪਤ ਮਿਸ਼ਨ ਦੇ ਤਹਿਤ ਵਿਸ਼ਵ ਦਾ ਪਹਿਲਾ ਪਰਮਾਣੂ ਬੰਬ ਤਿਆਰ ਕਰ ਲਿਆ ਸੀ, ਜਿਸ ਨੂੰ ‘ਮੈਨਹਟਨ ਪ੍ਰੋਜੈਕਟ’ ਕਿਹਾ ਜਾਂਦਾ ਹੈ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦਾ ਮੰਨਣਾ ਸੀ ਕਿ ਜੇਕਰ ਜਾਪਾਨ ’ਤੇ ਸਿੱਧਾ ਜ਼ਮੀਨੀ ਹਮਲਾ ਕੀਤਾ ਗਿਆ ਤਾਂ ਲੱਖਾਂ ਅਮਰੀਕੀ ਸੈਨਿਕਾਂ ਦੀ ਜਾਨ ਜਾ ਸਕਦੀ ਹੈ। ਇਸ ਲਈ ਯੁੱਧ ਨੂੰ ਜਲਦੀ ਖ਼ਤਮ ਕਰਨ ਅਤੇ ਜਾਪਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਦੇ ਬਹਾਨੇ ਪਰਮਾਣੂ ਬੰਬ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ।
6 ਅਗਸਤ 1945 ਦੀ ਸਵੇਰ ਹੀਰੋਸ਼ੀਮਾ ਦੇ ਲੋਕਾਂ ਲਈ ਇੱਕ ਆਮ ਸਵੇਰ ਵਰਗੀ ਸੀ। ਸਵੇਰੇ ਠੀਕ 8:15 ਵਜੇ ਅਮਰੀਕੀ ਹਵਾਈ ਸੈਨਾ ਦੇ ਇੱਕ ਬੀ-29 ਬੰਬਾਰ ਜਹਾਜ਼, ਜਿਸ ਦਾ ਨਾਮ ‘ਇਨੋਲਾ ਗੇਅ’ ਸੀ ਨੇ ਹੀਰੋਸ਼ੀਮਾ ਸ਼ਹਿਰ ਦੇ ਉੱਪਰ ਯੂਰੇਨੀਅਮ ਆਧਾਰਿਤ ਪਰਮਾਣੂ ਬੰਬ ਸੁੱਟਿਆ। ਇਸ ਬੰਬ ਦਾ ਕੋਡ ਨਾਮ ‘ਲਿਟਲ ਬੁਆਏ’ ਸੀ। ਬੰਬ ਦੇ ਫਟਣ ਨਾਲ ਜ਼ਮੀਨ ਤੋਂ ਕੁਝ ਸੌ ਮੀਟਰ ਉੱਪਰ ਇੱਕ ਅਜਿਹਾ ਧਮਾਕਾ ਹੋਇਆ ਜਿਸ ਦੀ ਰੌਸ਼ਨੀ ਸੂਰਜ ਨਾਲੋਂ ਵੀ ਹਜ਼ਾਰਾਂ ਗੁਣਾ ਤੇਜ਼ ਸੀ। ਪਲ ਭਰ ਵਿਚ ਹੀ ਸ਼ਹਿਰ ਦਾ ਤਾਪਮਾਨ ਲਗਭਗ 4,000 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਾਣਕਾਰੀ ਮੁਤਾਬਕ ਉਸੇ ਪਲ ਲਗਭਗ 80,000 ਲੋਕ ਮਾਰੇ ਗਏ।
9 ਅਗਸਤ 1945 ਨੂੰ ਇੱਕ ਹੋਰ ਬੀ-29 ਜਹਾਜ਼ ‘ਬਾਕਸਕਾਰ’ ਨੇ ਪਲੂਟੋਨੀਅਮ ਆਧਾਰਿਤ ਬੰਬ ਲਿਆ ਕੇ ਜਾਪਾਨ ਦੇ ਸ਼ਹਿਰ ਨਾਗਾਸਾਕੀ ‘ਤੇ ਸੁੱਟਿਆ। ਇਸ ਧਮਾਕੇ ਨਾਲ ਹੀ 40,000 ਤੋਂ ਵੱਧ ਲੋਕ ਤੁਰੰਤ ਮਾਰੇ ਗਏ। ਰੇਡੀਏਸ਼ਨ ਦੇ ਪ੍ਰਭਾਵ ਕਾਰਨ ਸਾਲ ਦੇ ਅੰਤ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ ਲਗਭਗ 74,000 ਹੋ ਗਈ। ਹਸਪਤਾਲ, ਸਕੂਲ ਅਤੇ ਉਦਯੋਗ ਪੂਰੀ ਤਰ੍ਹਾਂ ਨਸ਼ਟ ਹੋ ਗਏ। ਇਨ੍ਹਾਂ ਪਰਮਾਣੂ ਹਮਲਿਆਂ ਤੋਂ ਬਚੇ ਹੋਏ ਲੋਕਾਂ ਨੂੰ ਜਾਪਾਨ ਵਿੱਚ ‘ਹਿਬਾਕੂਸ਼ਾ’ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਸਾਰੀ ਉਮਰ ਸਰੀਰਕ ਅਤੇ ਮਾਨਸਿਕ ਪੀੜਾ ਹੰਢਾਈ। ਮੁਜ਼ਾਹਰਾ ਕਰਨ ਲਈ ਲੱਖਾਂ ਬੇਕਸੂਰ ਨਾਗਰਿਕਾਂ ਦੀ ਬਲੀ ਦਿੱਤੀ। 6 ਤੇ 9 ਅਗਸਤ ਦਾ ਦਿਨ ਸਾਨੂੰ ਇਹ ਸਬਕ ਦਿੰਦਾ ਹੈ ਕਿ ਵਿਗਿਆਨ ਦੀ ਵਰਤੋਂ ਮਨੁੱਖਤਾ ਦੇ ਵਿਨਾਸ਼ ਲਈ ਨਹੀਂ ਬਲਕਿ ਉਸਦੇ ਭਲੇ ਲਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਸ਼ਹਿਰ ਨੂੰ ‘ਹੀਰੋਸ਼ੀਮਾ’ ਜਾਂ ‘ਨਾਗਾਸਾਕੀ’ ਨਾ ਬਣਨਾ ਪਵੇ।
Share this content:



Post Comment