Loading Now

ਬਦਲਦੇ ਸਮੇਂ ’ਚ ਮਾਸਟਰਜ਼ ਡਿਗਰੀ ਕਿੰਨੀ ਕੁ ਲਾਹੇਵੰਦ

ਬਦਲਦੇ ਸਮੇਂ ’ਚ ਮਾਸਟਰਜ਼ ਡਿਗਰੀ ਕਿੰਨੀ ਕੁ ਲਾਹੇਵੰਦ

ਨਵੀਂ ਦਿੱਲੀ, 5 ਅਗਸਤ – ਅੱਜ-ਕੱਲ੍ਹ ਦੇਸ਼ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ’ਚ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਿਆਂ ਦੀ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਲੱਖਾਂ ਵਿਦਿਆਰਥੀ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਤੇ ਬਿਹਤਰ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਵੱਖ-ਵੱਖ ਕੋਰਸਾਂ ਤੇ ਸਿੱਖਿਆ ਸੰਸਥਾਵਾਂ ਦੀ ਚੋਣ ਕਰ ਰਹੇ ਹਨ। ਗ੍ਰੈਜੂਏਸ਼ਨ ਦੇ ਨਤੀਜਿਆਂ ਤੋਂ ਬਾਅਦ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਅਨੇਕਾਂ ਮਹੱਤਵਪੂਰਨ ਫ਼ੈਸਲੇ ਕਰਨ ਦੇ ਮੋੜ ’ਤੇ ਖੜ੍ਹੇ ਹੁੰਦੇ ਹਨ। ਉੱਚ ਸਿੱਖਿਆ, ਰੁਜ਼ਗਾਰ ਜਾਂ ਹੋਰ ਪੇਸ਼ੇਵਰ ਮੌਕਿਆਂ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਰੁਚੀਆਂ, ਯੋਗਤਾਵਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਇਸ ਸਮੇਂ ਇਕ ਸਵਾਲ ਅਕਸਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ’ਚ ਉੱਠਦਾ ਹੈ ਕਿ ਬੱਚੇ ਨੂੰ ਇੰਨਾ ਪੜ੍ਹਾ-ਲਿਖਾ ਲਿਆ ਹੈ, ਹੁਣ ਅੱਗੇ ਮਾਸਟਰਜ਼ ਕਰਵਾਉਣ ਦਾ ਕੀ ਲਾਭ ਹੋਵੇਗਾ? ਕੀ ਮਾਸਟਰਜ਼ ਦੀ ਡਿਗਰੀ ਅੱਜ ਦੇ ਸਮੇਂ ਵਿਚ ਰੁਜ਼ਗਾਰ ਤੇ ਕਰੀਅਰ ਲਈ ਕੋਈ ਵਾਧੂ ਮਹੱਤਤਾ ਰੱਖਦੀ ਹੈ ਜਾਂ ਫਿਰ ਇਹ ਸਿਰਫ਼ ਇਕ ਹੋਰ ਅਕਾਦਮਿਕ ਯੋਗਤਾ ਬਣ ਕੇ ਰਹਿ ਗਈ ਹੈ?

ਬਦਲਿਆ ਹੈ ਸੰਦਰਭ ਤੇ ਉਦੇਸ਼

ਇਹ ਸਵਾਲ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ’ਚ ਸਿੱਖਿਆ ਅਤੇ ਰੁਜ਼ਗਾਰ ਦੇ ਰਵਾਇਤੀ ਸਮੀਕਰਨ ਕਾਫ਼ੀ ਹੱਦ ਤੱਕ ਬਦਲ ਚੁੱਕੇ ਹਨ। ਇਕ ਸਮਾਂ ਸੀ, ਜਦੋਂ ਮਾਸਟਰਜ਼ ਦੀ ਡਿਗਰੀ ਨੂੰ ਬਿਹਤਰ ਨੌਕਰੀ, ਆਰਥਿਕ ਸਥਿਰਤਾ ਤੇ ਸਮਾਜਿਕ ਸਨਮਾਨ ਦੀ ਲਗਪਗ ਗਾਰੰਟੀ ਮੰਨਿਆ ਜਾਂਦਾ ਸੀ ਪਰ ਅੱਜ ਦੇ ਬਦਲਦੇ ਆਰਥਿਕ, ਤਕਨੀਕੀ ਤੇ ਸਿੱਖਿਆਤਮਕ ਮਾਹੌਲ ਵਿਚ ਇਸ ਦੀ ਭੂਮਿਕਾ ਨੂੰ ਨਵੇਂ ਸੰਦਰਭਾਂ ’ਚ ਸਮਝਣ ਦੀ ਲੋੜ ਹੈ। ਅੱਜ ਜਦੋਂ ਹੁਨਰ-ਆਧਾਰਿਤ ਸਿੱਖਿਆ, ਸ਼ਾਰਟ ਟਰਮ ਕੋਰਸ, ਆਨਲਾਈਨ ਸਰਟੀਫਿਕੇਟ ਕੋਰਸ ਤੇ ਤਕਨੀਕੀ ਯੋਗਤਾਵਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ, ਤਾਂ ਇਹ ਸਵਾਲ ਸੁਭਾਵਿਕ ਹੈ ਕਿ ਕੀ ਮਾਸਟਰਜ਼ ਦੀ ਡਿਗਰੀ ਦੀ ਮਹੱਤਤਾ ਅਜੇ ਵੀ ਪਹਿਲਾਂ ਵਾਂਗ ਬਰਕਰਾਰ ਹੈ? ਇਸ ਸਵਾਲ ਦਾ ਜਵਾਬ ਸਿੱਧਾ ‘ਹਾਂ’ ਜਾਂ ‘ਨਾ’ ਵਿਚ ਨਹੀਂ ਦਿੱਤਾ ਜਾ ਸਕਦਾ। ‘ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ 2021–22’ ਦੀ ਰਿਪੋਰਟ ਅਨੁਸਾਰ ਅੱਜ ਵੀ ਲੱਖਾਂ ਨੌਜਵਾਨ ਆਪਣੇ ਕਰੀਅਰ, ਖੋਜ ਤੇ ਵਿਅਕਤੀਗਤ ਵਿਕਾਸ ਲਈ ਮਾਸਟਰਜ਼ ਦੀ ਡਿਗਰੀ ਨੂੰ ਮਹੱਤਵਪੂਰਨ ਮੰਨਦੇ ਹਨ। ਹਕੀਕਤ ਇਹ ਹੈ ਕਿ ਮਾਸਟਰਜ਼ ਦੀ ਡਿਗਰੀ ਦੀ ਮਹੱਤਤਾ ਖ਼ਤਮ ਨਹੀਂ ਹੋਈ ਸਗੋਂ ਇਸ ਦਾ ਸੰਦਰਭ ਤੇ ਉਦੇਸ਼ ਬਦਲਿਆ ਹੈ।

ਖੋਜ ਦੀ ਯੋਗਤਾ ਕਰਦੀ ਪ੍ਰਦਾਨ

ਅੱਜ ਦੇ ਮੁਕਾਬਲੇ ਵਾਲੇ ਯੁੱਗ ’ਚ ਸਿਰਫ਼ ਡਿਗਰੀ ਪ੍ਰਾਪਤ ਕਰ ਲੈਣਾ ਹੀ ਸਫਲਤਾ ਦੀ ਗਾਰੰਟੀ ਨਹੀਂ ਹੈ ਪਰ ਉੱਚ ਸਿੱਖਿਆ ਵਿਅਕਤੀ ਨੂੰ ਵਿਸ਼ੇ ਦੀ ਡੂੰਘੀ ਸਮਝ, ਵਿਸ਼ਲੇਸ਼ਣਾਤਮਕ ਸੋਚ ਤੇ ਖੋਜ ਦੀ ਯੋਗਤਾ ਪ੍ਰਦਾਨ ਕਰਦੀ ਹੈ। ਖ਼ਾਸ ਤੌਰ ’ਤੇ ਅਧਿਆਪਨ, ਖੋਜ ਤੇ ਅਕਾਦਮਿਕ ਖੇਤਰਾਂ ਵਿਚ ਮਾਸਟਰਜ਼ ਦੀ ਡਿਗਰੀ ਅਜੇ ਵੀ ਲਾਜ਼ਮੀ ਯੋਗਤਾ ਹੈ। ਯੂਜੀਸੀ-ਨੈੱਟ, ਪੀਐੱਚ.ਡੀ., ਖੋਜ ਪ੍ਰੋਜੈਕਟਾਂ ਤੇ ਕਾਲਜਾਂ-ਯੂਨੀਵਰਸਿਟੀਆਂ ’ਚ ਅਧਿਆਪਨ ਨਾਲ ਜੁੜੇ ਮੌਕਿਆਂ ਲਈ ਮਾਸਟਰਜ਼ ਦੀ ਡਿਗਰੀ ਬੁਨਿਆਦੀ ਸ਼ਰਤ ਹੈ। ਇਸ ਤੋਂ ਇਲਾਵਾ ਕਈ ਉੱਚ ਪੱਧਰੀ ਪ੍ਰਤੀਯੋਗੀ ਪ੍ਰੀਖਿਆਵਾਂ ਤੇ ਵਿਸ਼ੇਸ਼ ਖੇਤਰਾਂ ’ਚ ਕਰੀਅਰ ਬਣਾਉਣ ਲਈ ਵੀ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕਈ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ’ਚ ਲੋਕ ਸੰਪਰਕ ਅਫ਼ਸਰ ਜਾਂ ਇਸ ਨਾਲ ਸਬੰਧਿਤ ਅਹੁਦਿਆਂ ਲਈ ਪੱਤਰਕਾਰੀ ਤੇ ਜਨ ਸੰਚਾਰ, ਲੋਕ ਸੰਪਰਕ ਜਾਂ ਸਬੰਧਿਤ ਵਿਸ਼ਿਆਂ ਵਿਚ ਮਾਸਟਰਜ਼ ਡਿਗਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ।

Share this content:

Post Comment