ਦਾਸਤਾਨ -ਏ-ਉਜਾੜਾ/ਦਲਜੀਤ ਸਿੰਘ ਕਾਹਲੋਂ
ਸਾਂਝੀ ਸੱਥ ਵਿੱਚ ਬੈਠੇ ਬੈਠੇ ਚਾਚੇ ਨੂੰ ਆਉਣ ਵਾਲੇ ਅਜ਼ਾਦੀ ਦਿਵਸ ਸਮਾਰੋਹਾਂ ਦਾ ਚੇਤਾ ਆਇਆ ਤੇ ਲੱਗਾ ਅਡਵਾਂਸ ਵਧਾਈਆਂ ਲਿਖਣ । “ ਚਾਚੇ ਦੇ ਚਹੇਤਿਆਂ ਨੂੰ ਅਜ਼ਾਦੀ ਦਿਵਸ ਦੀਆਂ ਬਹੁਤ ਬਹੁਤ – – “ ! ਓ ਚਾਚਾ ਆਹ ਕੀ ਲਿਖਿਆ ? ਜੇ ਅਗਾਂਹ ਕੁੱਝ ਲਿਖਿਆ ਤਾਂ ਸਾਥੋਂ ਬੁਰਾ ਕੋਈ ਨਹੀਂ ਹੋਣਾ । ਪੈੱਨ ਦੇ ਨਾਲ ਨਾਲ ਹੋਰ ਨਾ ਕੁੱਝ ਤੁੜਵਾ ਲਈਂ । ਸਾਡੇ ਲਈ ਇਹ ਕੋਈ ਖੁਸ਼ੀ ਦਾ ਮੌਕਾ ਆ ? ਭੁੱਲ ਗਿਆਂ ਆਪਣੇ ਬਾਪ – ਦਾਦੇ ਦੇ ਉਜਾੜੇ ਨੂੰ ? ਜੇ ਲਿਖਣਾ ਹੀ ਹੈ ਤਾਂ ਓਸ ਵਿਰਲਾਪ ਤੇ ਸੰਤਾਪ ਉੱਪਰ ਲਿਖ । ਜੋ ਸਾਡੇ ਪੁਰਖਿਆਂ ਨੇ ਆਪਣੇ ਪਿੰਡੇ ਉੱਪਰ ਹੰਡਾਇਆ । ਨਹੀਂ ਤਾਂ ਅਭੀ ਹੋ ਜਾਏਗਾ ਤੇਰਾ “ ਹੈਪੀ ਇੰਡੀਪੈਂਡੈਂਸ ਡੇ “! ਓ ਭਾਈ “ ਸੌਰੀ ਫਾਰ ਦੈਟ “! ਲਉ ਸੁਣੋ ਫਿਰ “ ਦਾਸਤਾਨ – ਏ – ਉਜਾੜਾ “: ਇੱਕਨਾ ਦੀ ਅਜ਼ਾਦੀ ਅਤੇ ਦੂਜਿਆਂ ਦੀ ਬਰਬਾਦੀ । ਬਾਕੀ ਧਿਰਾਂ ਲਈ ਖੁਸ਼ੀ ਦਾ ਮੌਕਾ ਤੇ ਇੱਕ ਧਿਰ ਦਾ ਕਬਾੜਾ , ਉਜਾੜਾ ਤੇ ਜਿੰਦਗੀ ਭਰ ਦਾ ਪਛਤਾਵਾ । ਜੀ ਹਾਂ ; ਉਹ ਉਜਾੜਾ ਸੀ , ਉਹ ਰੌਲੇ ਸੀ , ਉਹ ਹੱਲੇ ਸੀ , ਉਹ ਵੱਢ- ਟੁੱਕ ਸੀ , ਉਹ ਕਤਲੇਆਮ ਸੀ । ਕੀ ਉਹ ਖੁਸ਼ੀ ਦਾ ਮੌਕਾ ਸੀ ? ਪੁੱਛੋ ਤਾਂ ਸਹੀ ਉਨ੍ਹਾਂ ਪੰਜਾਬੀਆਂ ਨੂੰ । ਹੋ ਸਕਦਾ ਪੰਜਾਬ ਤੋਂ ਇਲਾਵਾ ਬਾਕੀ ਸੱਭ ਲਈ ਉਹ ਖੁਸ਼ੀ ਦਾ ਮੌਕਾ ਸੀ । ਸੱਭ ਜਾਣਦੇ ਆ ਕਿ 14-15 ਅਗਸਤ 1947 ਨੂੰ ਪੰਜਾਬ ਵਿੱਚ ਅੰਨ੍ਹੇ ਰਾਸ਼ਟਰਵਾਦ ਦੀ ਨੀਂਹ ਰੱਖੀ ਗਈ । ਇਹ ਹਿੰਸਾ ਤੇ ਪਰਵਾਸ ਕਈ ਮਹੀਨਿਆਂ ਤੱਕ ਚੱਲਿਆ । 1947 ਪੰਜਾਬ ਦੀ ਵੰਡ ਵੇਲੇ ਅੰਦਾਜ਼ਨ 10 ਤੋਂ 20 ਲੱਖ ਲੋਕ ਮਾਰੇ ਗਏ ਅਤੇ ਲਗਭਗ 1 ਕਰੋੜ 40 ਲੱਖ ਤੋਂ 1 ਕਰੋੜ 50 ਲੱਖ ਤੱਕ ਦਾ ਉਜਾੜਾ ਹੋਇਆ ਸੀ ।
ਇਸ ਸਮੇ ਦੌਰਾਨ ਪੰਜਾਬੀਆਂ ਦਾ ਕਤਲ , ਇੱਜ਼ਤਾਂ ਦੀ ਲੁੱਟ , ਪਰਿਵਾਰਾਂ ਤੇ ਜਾਨ ਤੋਂ ਪਿਆਰੇ ਧਾਰਮਿਕ ਅਸਥਾਨਾਂ ਸਮੇਤ ਘਰ ਜਾਇਦਾਦ ਦਾ ਸਦੀਵੀ ਵਿਛੋੜਾ ਹੋਇਆ । ਇਹ ਇੱਕ ਉਹ ਸਦੀਵੀ ਦਰਦ ਸੀ ਜੋ ਆਉਣ ਵਾਲੀਆਂ ਨਸਲਾਂ ਨੂੰ ਵੀ ਨਪੀੜਦਾ ਰਿਹਾ । ਇਸੇ ਕਰਕੇ ਇਸ ਦਿਨ ਨੂੰ ਪੀੜਤ ਪੰਜਾਬੀਆਂ ਦੀ ਧਿਰ ਵਲੋਂ ਕੇਵਲ ਹਾਉਕੇ ਲੈ ਲੈ ਅੰਦਰਗਤੀ ਯਾਦ ਕਰਦਿਆਂ ਉਨ੍ਹਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕੀਤੀ ਜਾਂਦੀ ਹੈ । ਇਹ ਦਿਨ ਪੰਜਾਬ ਦੇ ਦੁੱਖੀ ਪਰਿਵਾਰਾਂ ਵਲੋਂ ਸ਼ਾਂਤ ਰਹਿ ਕੇ ਸਿਰਫ਼ ਉਜਾੜੇ ਦੇ ਦੁੱਖ ਵਜੋਂ ਮਹਿਸੂਸ ਕਰਦਿਆਂ ਮਨਾਇਆ ਜਾਣਾ ਸੁਭਾਵਕ ਹੀ ਹੈ । ਵਿਛੜੀ ਹਰ ਛੈਅ ਦਾ ਹੇਰਵਾ ਕੀਤਾ ਜਾਣਾ ਹੀ ਬਣਦਾ ਹੈ । ਖੁਸ਼ੀਆਂ ਤਾਂ ਉਹ ਹੀ ਮਨਾ ਸਕਦੇ ਹਨ ਜਿਨ੍ਹਾਂ ਨੂੰ ਬਿਨਾ ਕੋਈ ਨੁਕਸਾਨ ਕਰਵਾਇਆਂ ਰਾਜ ਭਾਗ ਮਿਲ ਗਿਆ । ਉੱਜੜਨ ਵਾਲੇ ਬਗਾਨੀ ਜੰਜ ਵਿੱਚ ਕਾਹਦਾ ਭੰਗੜਾ ਪਾਉਣ ? ਉਨ੍ਹਾਂ ਦੇ ਮੂੰਹੋਂ ਤਾਂ ਹੌਕਾ ਲੈਂਦਿਆਂ ਆਪ ਮੁਹਾਰੇ ਆਹ ਕੁੱਝ ਹੀ ਨਿਕਲੇਗਾ : “ਅਜ਼ਾਦੀ ਨਹੀਂ ਉਜਾੜਾ”॥ਇਸੇ ਸੰਧਰਵ ਵਿੱਚ ਚਾਚੇ ਵਲੋਂ ਇੱਕ ਨਵੀਂ ਲਿਖਤ “ ਦੇਸ਼ ਪੰਜਾਬ “ ਦੀ ਰਚਨਾ ਕਰਕੇ ਤੇ ਅਖਬਾਰ ਵਿੱਚ ਛਪਵਾਉਣ ਉਪਰੰਤ 15 ਅਗਸਤ ਤੋਂ ਪਹਿਲਾਂ ਰਲੀਜ਼ ਕਰ ਦਿੱਤੀ ਜਾਏਗੀ , ਬੇਸਬਰੀ ਨਾਲ ਇੰਤਜ਼ਾਰ ਕਰੋ ਜੀ । ਉਸੇ ਲਿੰਕ ਨੂੰ ਪੜ੍ਹਨ ਉਪਰੰਤ 15 ਅਗਸਤ ਦੀ ਪੂਰਵ ਸੰਧਿਆ ਤੇ ਹਰ ਕੋਈ ਆਪਣੇ ਸਖੇ – ਸੰਬੰਧੀਆਂ ਤੇ ਮਿੱਤਰਾਂ – ਦੋਸਤਾਂ ਨੂੰ ਅੱਗੇ ਫਾਰਵਰਡ ਕਰਕੇ ; ਬਟਵਾਰੇ ਦੇ ਪੀੜਤਾਂ ਦੀ ਯਾਦ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ ਤੇ ਸੱਚੀ ਸ਼ਰਧਾਂਜਲੀ ਪੇਸ਼ ਕਰਦਿਆਂ ਇੱਕ ਸੱਚਾ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰ ਸਕਦਾ ਹੈ ।

-ਦਲਜੀਤ ਸਿੰਘ ਕਾਹਲੋਂ, ਸੁਪਰਡੈਂਟ
Share this content:



Post Comment