ਹੜ੍ਹਾਂ ਨੂੰ ਸੱਦਾ ਦਿੰਦੇ ਗਾਦ ਨਾਲ ਭਰੇ ਦਰਿਆ
ਮੌਨਸੂਨ ਦਾ ਮੌਸਮ ਪੰਜਾਬ ਵਿੱਚ ਹਰ ਸਾਲ ਇੱਕ ਤ੍ਰਾਸਦੀ ਲੈ ਕੇ ਆਉਂਦਾ ਹੈ। ਇੱਕ ਪਾਸੇ ਅਸੀਂ ਮੀਂਹ ਲਈ ਅਰਦਾਸਾਂ ਕਰਦੇ ਹਾਂ ਤਾਂ ਜੋ ਸਾਡੀਆਂ ਫ਼ਸਲਾਂ ਹਰੀਆਂ-ਭਰੀਆਂ ਰਹਿਣ, ਧਰਤੀ ਹੇਠਲੇ ਪਾਣੀ ਦੇ ਭੰਡਾਰ ਭਰੇ ਰਹਿਣ ਅਤੇ ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਦਾ ਪਹੀਆ ਘੁੰਮਦਾ ਰਹੇ ਅਤੇ ਦੂਜੇ ਪਾਸੇ ਹੁਣ ਵਰਖਾ ਕਾਰਨ ਹੋਣ ਵਾਲੀ ਤਬਾਹੀ ਤੇ ਅਨਿਸ਼ਚਿਤਤਾ ਦਾ ਡਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਦਰਿਆਵਾਂ ਦੇ ਕੰਢਿਆਂ ’ਤੇ ਵਸੇ ਪਿੰਡ ਪਾਣੀ ਦੇ ਵਧਦੇ ਪੱਧਰ ਨੂੰ ਸਹਿਮ ਨਾਲ ਤੱਕਦੇ ਹਨ, ਸ਼ਹਿਰੀ ਬਸਤੀਆਂ ਜਲ-ਥਲ (ਵਾਟਰ ਲੌਗਿੰਗ) ਦੇ ਖ਼ੌਫ਼ ਦੇ ਸਾਏ ਹੇਠ ਜਿਊਂਦੀਆਂ ਹਨ ਅਤੇ ਸਰਕਾਰਾਂ ਹੜ੍ਹ ਦੀਆਂ ਚਿਤਾਵਨੀਆਂ ਦਾ ਜਵਾਬ ਦੇਣ ਵਿੱਚ ਰੁੱਝੀਆਂ ਰਹਿੰਦੀਆਂ ਹਨ।
ਪੰਜਾਬ ਸਾਹਮਣੇ ਹੁਣ ਸਿਰਫ਼ ਹੜ੍ਹ ਪ੍ਰਬੰਧਨ ਦੀ ਹੀ ਚੁਣੌਤੀ ਨਹੀਂ ਹੈ ਸਗੋਂ ਬਦਲਦੇ ਜਲਵਾਯੂ, ਘਟਦੀ ਦਰਿਆਈ ਸਮਰੱਥਾ ਅਤੇ ਦਹਾਕਿਆਂ ਦੀ ਵਾਤਾਵਰਣਕ ਅਣਦੇਖੀ ਦੇ ਮੱਦੇਨਜ਼ਰ ਮੌਨਸੂਨ ਲਈ ਤਿਆਰੀ ਵੀ ਵੱਡਾ ਸਵਾਲ ਬਣ ਗਈ ਹੈ। ਸੂਬੇ ਦੇ ਦਰਿਆ, ਖ਼ਾਸਕਰ ਸਤਲੁਜ ਅਤੇ ਬਿਆਸ, ਅੱਜ ਉਸ ਵਾਧੂ ਬੋਝ ਹੇਠ ਦੱਬੇ ਹੋਏ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਗਈ। ਸਾਲਾਂ ਤੋਂ ਨਿਰੰਤਰ ਜਮ੍ਹਾਂ ਹੋ ਰਹੀ ਗਾਦ (ਸਿਲਟ), ਦਰਿਆਈ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਅਤੇ ਗ਼ੈਰ-ਵਿਗਿਆਨਕ ਦਰਿਆਈ ਪ੍ਰਬੰਧਨ ਨੇ ਮੌਨਸੂਨ ਦੇ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਲੰਘਾਉਣ ਦੀ ਦਰਿਆਵਾਂ ਦੀ ਸਮਰੱਥਾ ਨੂੰ ਬਹੁਤ ਘਟਾ ਦਿੱਤਾ ਹੈ। ਨਤੀਜੇ ਵਜੋਂ, ਅੱਜ ਸਾਧਾਰਨ ਜਾਂ ਦਰਮਿਆਨੀ ਮਾਤਰਾ ਵਿੱਚ ਛੱਡਿਆ ਗਿਆ ਪਾਣੀ ਵੀ ਉਨ੍ਹਾਂ ਇਲਾਕਿਆਂ ਵਿੱਚ ਤਬਾਹੀ ਮਚਾ ਦਿੰਦਾ ਹੈ, ਜੋ ਕਦੇ ਪੂਰੀ ਤਰ੍ਹਾਂ ਸੁਰੱਖਿਅਤ ਮੰਨੇ ਜਾਂਦੇ ਸਨ।
ਪੰਜਾਬ ਵਿੱਚ ਹੜ੍ਹਾਂ ਦੀ ਦੁਖਾਂਤਕ ਕਹਾਣੀ ਉੱਪਰਲੇ ਪਹਾੜੀ ਖੇਤਰਾਂ ਤੋਂ ਸ਼ੁਰੂ ਹੁੰਦੀ ਹੈ। ਸਤਲੁਜ ਤੇ ਬਿਆਸ ਦਰਿਆ ਹਿਮਾਲਿਆ ਦੇ ਨਾਜ਼ੁਕ ਪਹਾੜੀ ਸਰੋਤਾਂ ਤੋਂ ਆਪਣੇ ਨਾਲ ਭਾਰੀ ਮਾਤਰਾ ਵਿੱਚ ਮਿੱਟੀ ਤੇ ਗਾਦ ਵਹਾ ਕੇ ਲਿਆਉਂਦੇ ਹਨ। ਰਵਾਇਤੀ ਤੌਰ ’ਤੇ ਦਰਿਆਵਾਂ ਕੋਲ ਇਸ ਮਿੱਟੀ ਨੂੰ ਅੱਗੇ ਲਿਜਾਣ ਲਈ ਕਾਫ਼ੀ ਚੌੜਾਈ ਤੇ ਡੂੰਘਾਈ ਹੁੰਦੀ ਸੀ, ਪਰ ਦਹਾਕਿਆਂ ਤੋਂ ਜਮ੍ਹਾਂ ਹੋ ਰਹੀ ਸਿਲਟ ਨੇ ਦਰਿਆਵਾਂ ਦੇ ਹੇਠਲੇ ਤਲ ਨੂੰ ਉੱਚਾ ਕਰ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਦੇ ਕੁਦਰਤੀ ਪ੍ਰਵਾਹ ਮਾਰਗ ਤੰਗ ਹੋ ਗਏ ਹਨ। ਇਸ ਦੇ ਨਾਲ ਹੀ ਦਰਿਆਈ ਖੇਤਰਾਂ ਵਿੱਚੋਂ ਅੰਨ੍ਹੇਵਾਹ ਹੋ ਰਹੇ ਰੇਤ ਅਤੇ ਬੱਜਰੀ ਦੇ ਗ਼ੈਰ-ਕਾਨੂੰਨੀ ਖਣਨ ਨੇ ਇਸ ਸੰਕਟ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਮਾਹਿਰਾਂ ਅਨੁਸਾਰ ਪੰਜਾਬ ਵਿੱਚ ਕਈ ਥਾਵਾਂ ’ਤੇ ਗਾਦ (ਸਿਲਟ) ਜਮ੍ਹਾਂ ਹੋਣ ਕਾਰਨ ਦਰਿਆਵਾਂ ਦੇ ਹੇਠਲੇ ਹਿੱਸੇ 5 ਤੋਂ 12 ਫੁੱਟ ਤੱਕ ਉੱਚੇ ਹੋ ਗਏ ਹਨ। ਇਸ ਕਾਰਨ ਦਰਿਆਵਾਂ ਅਤੇ ਨਿਕਾਸ ਚੈਨਲਾਂ ਦੀ ਪਾਣੀ ਲਿਜਾਣ ਦੀ ਸਮਰੱਥਾ ਵਿੱਚ ਭਾਰੀ ਕਮੀ ਆਈ ਹੈ। ਕੁਝ ਹਿੱਸਿਆਂ ਵਿੱਚ ਤਾਂ ਇਹ ਸਮਰੱਥਾ ਪਹਿਲਾਂ ਦੇ ਮੁਕਾਬਲੇ ਮਹਿਜ਼ ਇੱਕ-ਤਿਹਾਈ ਰਹਿ ਗਈ ਹੈ। ਇਸ ਦੇ ਨਤੀਜੇ ਹੁਣ ਸਾਫ਼ ਦਿਖਾਈ ਦੇਣ ਲੱਗੇ ਹਨ; ਜੋ ਪਾਣੀ ਪਹਿਲਾਂ ਦਰਿਆ ਦੇ ਕੰਢਿਆਂ ਦੇ ਅੰਦਰ-ਅੰਦਰ ਵਹਿੰਦਾ ਸੀ, ਉਹ ਹੁਣ ਬੰਨ੍ਹਾਂ ਨੂੰ ਤੋੜ ਜਾਂ ਟੱਪ ਕੇ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਜਾਂਦਾ ਹੈ। ਨਤੀਜੇ ਵਜੋਂ, ਕਿਸੇ ਵੇਲੇ ਆਮ ਮੰਨਿਆ ਜਾਂਦਾ ਮੌਨਸੂਨੀ ਵਹਾਅ ਵੀ ਵਿਗਿਆਨਕ ਤਿਆਰੀ ਦੀ ਘਾਟ ਕਾਰਨ ਹੁਣ ਹੜ੍ਹ ਦੀ ਆਫ਼ਤ ਵਿੱਚ ਬਦਲ ਜਾਂਦਾ ਹੈ।
ਮਾਹਿਰਾਂ ਵੱਲੋਂ ਵਾਰ-ਵਾਰ ਦਿੱਤੀਆਂ ਜਾਂਦੀਆਂ ਚਿਤਾਵਨੀਆਂ ਦੇ ਬਾਵਜੂਦ ਦਰਿਆਵਾਂ ਵਿੱਚੋਂ ਗਾਦ ਕੱਢਣ ਦਾ ਕੰਮ ਹਮੇਸ਼ਾ ਖਿੰਡਿਆ-ਪੁੰਡਿਆ ਅਤੇ ਅਣਗੌਲਿਆ ਰਿਹਾ ਹੈ। ਵੱਖ-ਵੱਖ ਥਾਵਾਂ ’ਤੇ ਮਸ਼ੀਨੀ ਢੰਗ ਨਾਲ ਗਾਦ ਕੱਢਣਾ ਸਮੁੱਚੇ ਵਹਾਅ ਖੇਤਰ (ਬੇਸਿਨ) ਦੀ ਰਣਨੀਤੀ ਦਾ ਬਦਲ ਨਹੀਂ ਹੋ ਸਕਦਾ। ਸੂਬੇ ਨੂੰ ਲੰਮੇ ਸਮੇਂ ਦੇ ਅੰਕੜੇ ਇਕੱਠੇ ਕਰਨ, ਵਹਾਅ ਅਧਿਐਨ ਅਤੇ ਦਰਿਆਈ ਬਣਤਰ ਦੀ ਸਮਝ ’ਤੇ ਆਧਾਰਿਤ ਵਿਗਿਆਨਕ ਮਿੱਟੀ ਤੇ ਗਾਦ ਪ੍ਰਬੰਧਨ ਯੋਜਨਾ ਦੀ ਲੋੜ ਹੈ। ਇਹ ਮਸਲਾ ਇਸ ਲਈ ਵੀ ਹੋਰ ਗੰਭੀਰ ਹੋ ਜਾਂਦਾ ਹੈ ਕਿਉਂਕਿ ਦਰਿਆਵਾਂ ਦੇ ਅੰਦਰਲੇ ਹਿੱਸਿਆਂ ਅਤੇ ਹੜ੍ਹ ਮੈਦਾਨਾਂ (ਖੱਡਿਆਂ/ਮੰਡ ਖੇਤਰਾਂ) ’ਤੇ ਲਗਾਤਾਰ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਅਜਿਹੇ ਇਲਾਕਿਆਂ ਵਿੱਚ ਪੱਕੀਆਂ ਬਸਤੀਆਂ ਉਸਰ ਚੁੱਕੀਆਂ ਹਨ, ਜੋ ਇਲਾਕੇ ਇਤਿਹਾਸਕ ਤੌਰ ’ਤੇ ਕੁਦਰਤੀ ਹੜ੍ਹ-ਰੋਕੂ ਬਫ਼ਰ ਜ਼ੋਨ ਦਾ ਕੰਮ ਕਰਦੇ ਸਨ। ਜਦੋਂ ਦਰਿਆ ਡੂੰਘਾਈ ਅਤੇ ਚੌੜਾਈ ਦੋਵੇਂ ਹੀ ਗੁਆ ਲੈਂਦੇ ਹਨ ਤਾਂ ਹੜ੍ਹ ਆਉਣਾ ਅਟੱਲ ਹੋ ਜਾਂਦਾ ਹੈ।
ਪੰਜਾਬ ਦੀ ਹੜ੍ਹਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਸਿੱਧਾ ਸਬੰਧ ਗੋਬਿੰਦ ਸਾਗਰ ਜਲ ਭੰਡਾਰ (ਡੈਮ ਦੀ ਝੀਲ) ਦੀ ਸਥਿਤੀ ਨਾਲ ਵੀ ਜੁੜਿਆ ਹੋਇਆ ਹੈ, ਜੋ ਭਾਖੜਾ ਡੈਮ ਦੁਆਰਾ ਬਣਾਈ ਗਈ ਇੱਕ ਜੀਵਨ-ਰੇਖਾ ਹੈ। ਛੇ ਦਹਾਕਿਆਂ ਤੋਂ ਵੱਧ ਦੇ ਸੰਚਾਲਨ ਦੌਰਾਨ ਇਸ ਜਲ ਭੰਡਾਰ ਅੰਦਰ ਭਾਰੀ ਮਾਤਰਾ ਵਿੱਚ ਸਿਲਟ ਜਮ੍ਹਾਂ ਹੋ ਚੁੱਕੀ ਹੈ। ਹਾਲੀਆ ਅੰਦਾਜ਼ੇ ਦੱਸਦੇ ਹਨ ਕਿ ਜਲ ਭੰਡਾਰ ਦੀ ਅਸਲ ਭੰਡਾਰਨ ਸਮਰੱਥਾ ਦਾ ਲਗਪਗ ਇੱਕ-ਚੌਥਾਈ ਹਿੱਸਾ ਗਾਦ ਕਾਰਨ ਖ਼ਤਮ ਹੋ ਚੁੱਕਾ ਹੈ। ਅਨੁਮਾਨ ਹੈ ਕਿ 2.5 ਅਰਬ ਘਣ ਮੀਟਰ ਤੋਂ ਵੱਧ ਦੀ ਭੰਡਾਰਨ ਥਾਂ ਗਾਦ ਨਾਲ ਭਰ ਚੁੱਕੀ ਹੈ।
ਇਹ ਕੋਈ ਮਾਮੂਲੀ ਤਕਨੀਕੀ ਮੁੱਦਾ ਨਹੀਂ ਹੈ। ਜਲ ਭੰਡਾਰ ਦੀ ਭੰਡਾਰਨ ਸਮਰੱਥਾ ਭਾਰੀ ਮੀਂਹ ਦੌਰਾਨ ਇੱਕ ‘ਸੁਰੱਖਿਆ ਕਵਚ’ ਵਜੋਂ ਕੰਮ ਕਰਦੀ ਹੈ। ਜਿਉਂ-ਜਿਉਂ ਇਹ ਸਮਰੱਥਾ ਘਟਦੀ ਹੈ, ਅਚਾਨਕ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਸੰਭਾਲਣ ਦੀ ਸ਼ਕਤੀ ਵੀ ਘਟਦੀ ਜਾਂਦੀ ਹੈ। ਇਸ ਨਾਲ ਡੈਮ ਦੇ ਸੰਚਾਲਨ ਅਤੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਪ੍ਰਬੰਧਨ ’ਤੇ ਦਬਾਅ ਬਹੁਤ ਵਧ ਜਾਂਦਾ ਹੈ। ਇਹ ਚੁਣੌਤੀ ਇਸ ਤੱਥ ਕਾਰਨ ਹੋਰ ਵੀ ਪੇਚੀਦਾ ਹੋ ਜਾਂਦੀ ਹੈ ਕਿ ਵੱਡੇ ਜਲ ਭੰਡਾਰਾਂ ਵਿੱਚੋਂ ਵਿਗਿਆਨਕ ਤਰੀਕੇ ਨਾਲ ਗਾਦ ਕੱਢਣ ਦੀ ਪ੍ਰਕਿਰਿਆ ਤਕਨੀਕੀ ਤੌਰ ’ਤੇ ਬੇਹੱਦ ਗੁੰਝਲਦਾਰ ਅਤੇ ਆਰਥਿਕ ਤੌਰ ’ਤੇ ਬਹੁਤ ਮਹਿੰਗੀ ਹੈ। ਸਰਕਾਰਾਂ ਇਸ ਮੁੱਦੇ ’ਤੇ ਚਰਚਾ ਕਰਦੀਆਂ ਰਹੀਆਂ ਹਨ, ਕਮੇਟੀਆਂ ਵੀ ਬਣਾਈਆਂ ਗਈਆਂ ਅਤੇ ਪਾਇਲਟ ਪ੍ਰੋਜੈਕਟ ਵੀ ਉਲੀਕੇ ਗਏ, ਪਰ ਵਿਆਪਕ ਪੈਮਾਨੇ ’ਤੇ ਲੋੜੀਂਦੀ ਠੋਸ ਕਾਰਵਾਈ ਹਾਲੇ ਤੱਕ ਹਕੀਕੀ ਪੱਧਰ ’ਤੇ ਨਜ਼ਰ ਨਹੀਂ ਆਈ। ਅਸਲੀਅਤ ਇਹ ਹੈ ਕਿ ਗਾਦ ਦਾ ਲਗਾਤਾਰ ਜਮ੍ਹਾਂ ਹੋਣਾ ਹੁਣ ਸਿਰਫ਼ ਜਲ ਭੰਡਾਰ ਪ੍ਰਬੰਧਨ ਦਾ ਮਸਲਾ ਨਹੀਂ ਰਿਹਾ ਸਗੋਂ ਇਹ ਇੱਕ ਅਜਿਹਾ ਹੜ੍ਹ ਸੰਕਟ ਬਣ ਚੁੱਕਾ ਹੈ, ਜੋ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ।
ਇਸ ਸਾਲ ਦਾ ਮੌਨਸੂਨ ਜਲਵਾਯੂ ਪਰਿਵਰਤਨ ਅਤੇ ਐੱਲ ਨੀਨੋ ਵਰਗੀਆਂ ਮੌਸਮੀ ਤਬਦੀਲੀਆਂ ਦੇ ਵਧ ਰਹੇ ਵਿਸ਼ਵ-ਵਿਆਪੀ ਪ੍ਰਭਾਵ ਹੇਠ ਆਇਆ ਹੈ। ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਗ਼ੈਰ-ਭਰੋਸੇਯੋਗ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਲੰਮੇ ਸੋਕੇ ਤੋਂ ਬਾਅਦ ਅਚਾਨਕ ਭਾਰੀ ਮੀਂਹ ਪੈਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਅਸਥਿਰਤਾ ਪਾਣੀ ਦੇ ਪ੍ਰਬੰਧਨ ਨਾਲ ਜੁੜੇ ਬੁਨਿਆਦੀ ਢਾਂਚੇ ’ਤੇ ਵਾਧੂ ਦਬਾਅ ਪਾਉਂਦੀ ਹੈ। ਭਾਖੜਾ ਡੈਮ ਦਾ ਜਲ ਗ੍ਰਹਿਣ ਖੇਤਰ ਹਿਮਾਲਿਆ ਵਿੱਚ ਲਗਪਗ 68,000 ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਜਦੋਂਕਿ ਗੋਬਿੰਦ ਸਾਗਰ ਝੀਲ ਦਾ ਘੇਰਾ ਲਗਪਗ 164 ਵਰਗ ਕਿਲੋਮੀਟਰ ਹੈ। ਇਸ ਵਿਸ਼ਾਲ ਜਲ ਗ੍ਰਹਿਣ ਖੇਤਰ ਵਿੱਚ ਰਿਕਾਰਡਤੋੜ ਮੀਂਹ ਪੈਣ ਜਾਂ ਬੱਦਲ ਫਟਣ ਦੀ ਕੋਈ ਵੀ ਘਟਨਾ ਥੋੜ੍ਹੇ ਹੀ ਸਮੇਂ ਵਿੱਚ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਪੈਦਾ ਕਰ ਸਕਦੀ ਹੈ, ਜੋ ਡੈਮ ਦੇ ਹੇਠਲੇ ਇਲਾਕਿਆਂ ਵਿੱਚ ਭਿਆਨਕ ਤਬਾਹੀ ਦਾ ਕਾਰਨ ਬਣ ਸਕਦੀ ਹੈ।
ਰਿਪੋਰਟਾਂ ਮੁਤਾਬਿਕ ਇਸ ਸੀਜ਼ਨ ਵਿੱਚ ਜਲ ਭੰਡਾਰ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਉੱਚਾ ਹੈ। ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਜਲ ਭੰਡਾਰ ਵਿੱਚ ਲੋੜੀਂਦਾ ਪਾਣੀ ਹੋਣਾ ਚੰਗੀ ਗੱਲ ਹੈ, ਪਰ ਇਹ ਸਾਨੂੰ ਇਸ ਗੱਲ ਦੀ ਵੀ ਯਾਦ ਦਿਵਾਉਂਦਾ ਹੈ ਕਿ ਮੌਨਸੂਨ ਦੇ ਸਿਖਰਲੇ ਵਹਾਅ ਤੋਂ ਪਹਿਲਾਂ ਡੈਮ ਵਿੱਚ ਹੜ੍ਹ ਰੋਕੂ ਸੁਰੱਖਿਆ ਕੁਸ਼ਨ (ਖਾਲੀ ਥਾਂ) ਬਣਾਈ ਰੱਖਣਾ ਕਿੰਨਾ ਜ਼ਰੂਰੀ ਹੈ। ਪੰਜਾਬ ਹੁਣ ਇਹ ਮੰਨ ਕੇ ਨਹੀਂ ਬੈਠ ਸਕਦਾ ਕਿ ਹੜ੍ਹ ਸਿਰਫ਼ ਇੱਕ ਮੌਸਮੀ ਆਫ਼ਤ ਹੈ, ਜਿਸ ਵੱਲ ਧਿਆਨ ਉਦੋਂ ਹੀ ਦੇਣਾ ਹੈ ਜਦੋਂ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਵੇ। ਹੜ੍ਹਾਂ ਦੇ ਟਾਕਰੇ ਦੀ ਤਿਆਰੀ ਸਾਲ ਭਰ ਸਰਕਾਰ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ।
ਇਸ ਲਈ ਦਰਿਆਵਾਂ ਅਤੇ ਜਲ ਭੰਡਾਰਾਂ ਵਿੱਚੋਂ ਵਿਗਿਆਨਕ ਤਰੀਕੇ ਨਾਲ ਗਾਦ (ਸਿਲਟ) ਕੱਢਣ, ਹੜ੍ਹ ਮੈਦਾਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਸਖ਼ਤੀ ਨਾਲ ਮੁਕਤ ਕਰਵਾਉਣ, ਬੰਨ੍ਹਾਂ ਨੂੰ ਮਜ਼ਬੂਤ ਕਰਨ, ਕੁਦਰਤੀ ਨਿਕਾਸ ਪ੍ਰਣਾਲੀਆਂ ਨੂੰ ਬਹਾਲ ਕਰਨ, ਅਸਲ ਸਮੇਂ ਵਿੱਚ ਪਾਣੀ ਦੇ ਪੱਧਰ ਦੀ ਨਿਗਰਾਨੀ ਅਤੇ ਦਰਿਆਈ ਬੇਸਿਨ ਸਾਂਝੇ ਕਰਨ ਵਾਲੇ ਗੁਆਂਢੀ ਸੂਬਿਆਂ ਵਿੱਚ ਬਿਹਤਰ ਤਾਲਮੇਲ ਦੀ ਸਖ਼ਤ ਲੋੜ ਹੈ। ਪੰਜਾਬ ਨੇ ਹਮੇਸ਼ਾ ਵੱਡੀਆਂ ਮੁਸ਼ਕਿਲਾਂ ਵਿੱਚ ਆਪਣੀ ਦ੍ਰਿੜ੍ਹਤਾ ਅਤੇ ਜੁਝਾਰੂ ਜਜ਼ਬੇ ਦਾ ਸਬੂਤ ਦਿੱਤਾ ਹੈ, ਪਰ ਇਹ ਜਜ਼ਬਾ ਅਗਾਊਂ ਤਿਆਰੀ ਦਾ ਬਦਲ ਨਹੀਂ ਹੋ ਸਕਦਾ। ਜਿਉਂ-ਜਿਉਂ ਜਲਵਾਯੂ ਪਰਿਵਰਤਨ ਦੇ ਖ਼ਤਰੇ ਵਧ ਰਹੇ ਹਨ ਅਤੇ ਦਰਿਆਈ ਪ੍ਰਣਾਲੀਆਂ ਕਮਜ਼ੋਰ ਹੋ ਰਹੀਆਂ ਹਨ, ਸੂਬੇ ਨੂੰ ਹੜ੍ਹ ਆਉਣ ਤੋਂ ਬਾਅਦ ਰਾਹਤ ਕਾਰਜ ਚਲਾਉਣ ਦੀ ਪੁਰਾਣੀ ਪਹੁੰਚ ਛੱਡ ਕੇ ਹੜ੍ਹ ਰੋਕਣ ਦੀ ਅਗਾਊਂ ਰਣਨੀਤੀ ਵੱਲ ਵਧਣਾ ਹੋਵੇਗਾ।
Share this content:



Post Comment