Loading Now

ਰਿਸ਼ਤੇ ਹੰਕਾਰ ਤੋਂ ਉੱਪਰ ਰੱਖੋ

ਰਿਸ਼ਤੇ ਹੰਕਾਰ ਤੋਂ ਉੱਪਰ ਰੱਖੋ

ਕਿਸੇ ਵੀ ਰਿਸ਼ਤੇ ਦੀ ਮੌਤ ਹਮੇਸ਼ਾ ਕਿਸੇ ਵੱਡੇ ਤੂਫ਼ਾਨ ਨਾਲ ਨਹੀਂ ਹੁੰਦੀ। ਬਹੁਤ ਵਾਰ ਇਹ ਇੱਕ ਛੋਟੀ ਜਿਹੀ ਗੱਲ, ਇੱਕ ਅਣਕਹੇ ਸ਼ਬਦ, ਇੱਕ ਗਲਤਫ਼ਹਿਮੀ ਜਾਂ ਇੱਕ ਪਲ ਦੇ ਹੰਕਾਰ ਨਾਲ ਸ਼ੁਰੂ ਹੁੰਦੀ ਹੈ, ਪਰ ਦੁਖਦਾਈ ਗੱਲ ਇਹ ਨਹੀਂ ਕਿ ਨਾਰਾਜ਼ਗੀ ਪੈਦਾ ਹੋਈ; ਦੁਖਦਾਈ ਗੱਲ ਇਹ ਹੈ ਕਿ ਅਸੀਂ ਉਸ ਨੂੰ ਸਮੇਂ ਦੇ ਨਾਲ ਜਿਊਂਦਾ ਰੱਖਦੇ ਹਾਂ। ਇੱਕ ਸਮਾਂ ਅਜਿਹਾ ਵੀ ਆ ਜਾਂਦਾ ਹੈ ਜਦੋਂ ਨਾਰਾਜ਼ਗੀ ਦਾ ਅਸਲ ਕਾਰਨ ਯਾਦ ਨਹੀਂ ਰਹਿੰਦਾ, ਪਰ ਨਾਰਾਜ਼ ਰਹਿਣ ਦੀ ਆਦਤ ਬਣ ਜਾਂਦੀ ਹੈ। ਫਿਰ ਨਾਰਾਜ਼ਗੀ ਕਿਸੇ ਘਟਨਾ ਦੀ ਪ੍ਰਤੀਕਿਰਿਆ ਨਹੀਂ ਰਹਿੰਦੀ, ਉਹ ਆਪਣੀ ਹੀ ਵਜ੍ਹਾ ਬਣ ਜਾਂਦੀ ਹੈ।

ਅੱਜ ਦੇ ਸਮਾਜ ਵਿੱਚ ਇਹ ਸਿਰਫ਼ ਨਿੱਜੀ ਸਮੱਸਿਆ ਨਹੀਂ, ਇੱਕ ਸਮਾਜਿਕ ਚੁਣੌਤੀ ਬਣ ਚੁੱਕੀ ਹੈ। ਘਰਾਂ ਵਿੱਚ ਚੁੱਪ ਦੀਆਂ ਕੰਧਾਂ ਉੱਚੀਆਂ ਹੋ ਰਹੀਆਂ ਹਨ, ਰਿਸ਼ਤਿਆਂ ਵਿੱਚ ਦੂਰੀਆਂ ਵਧ ਰਹੀਆਂ ਹਨ ਅਤੇ ਮਨੁੱਖ ਸੰਵਾਦ ਦੀ ਥਾਂ ਖਾਮੋਸ਼ੀ ਨੂੰ ਚੁਣ ਰਿਹਾ ਹੈ। ਅਸੀਂ ਡਿਜੀਟਲ ਤੌਰ ’ਤੇ ਪਹਿਲਾਂ ਨਾਲੋਂ ਵੱਧ ਜੁੜੇ ਹੋਏ ਹਾਂ, ਪਰ ਭਾਵਨਾਤਮਕ ਤੌਰ ’ਤੇ ਪਹਿਲਾਂ ਨਾਲੋਂ ਵੱਧ ਦੂਰ ਹੋ ਗਏ ਹਾਂ। ਹਜ਼ਾਰਾਂ ਸੁਨੇਹੇ ਭੇਜਣ ਵਾਲਾ ਮਨੁੱਖ ਕਈ ਵਾਰ ‘ਮੈਨੂੰ ਅਫ਼ਸੋਸ ਹੈ’ ਲਿਖਣ ਤੋਂ ਵੀ ਹਿਚਕਚਾਉਂਦਾ ਹੈ।

ਰਿਸ਼ਤਿਆਂ ਦੀ ਸਭ ਤੋਂ ਵੱਡੀ ਦੁਸ਼ਮਣ ਗ਼ਲਤੀ ਨਹੀਂ, ਸਗੋਂ ਅਹੰਕਾਰ ਹੈ। ਗ਼ਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਹਨ, ਪਰ ਜਦੋਂ ਹੰਕਾਰ ਮੁਆਫ਼ੀ ਦੇ ਰਾਹ ਵਿੱਚ ਖੜ੍ਹਾ ਹੋ ਜਾਂਦਾ ਹੈ, ਉਦੋਂ ਦੂਰੀਆਂ ਸਥਾਈ ਹੋਣ ਲੱਗਦੀਆਂ ਹਨ। ਅਸੀਂ ਆਪਣੇ ਆਪ ਨੂੰ ਇਹ ਕਹਿ ਕੇ ਤਸੱਲੀ ਦੇ ਦਿੰਦੇ ਹਾਂ ਕਿ ‘ਪਹਿਲਾਂ ਉਹ ਗੱਲ ਕਰੇ।’ ਇਹ ਇੱਕ ਵਾਕ ਪਤਾ ਨਹੀਂ ਕਿੰਨੇ ਰਿਸ਼ਤਿਆਂ ਦੀ ਆਖ਼ਰੀ ਲਕੀਰ ਬਣ ਜਾਂਦਾ ਹੈ।

ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਸਮਾਂ ਲੰਘਣ ਨਾਲ ਅਸੀਂ ਕਾਰਨ ਭੁੱਲ ਜਾਂਦੇ ਹਾਂ, ਪਰ ਦੂਰੀ ਨੂੰ ਸੰਭਾਲ ਕੇ ਰੱਖਦੇ ਹਾਂ। ਜੇ ਸਾਲਾਂ ਬਾਅਦ ਕੋਈ ਪੁੱਛੇ ਕਿ ਝਗੜਾ ਕਿਸ ਗੱਲ ਦਾ ਸੀ ਤਾਂ ਅਕਸਰ ਜਵਾਬ ਨਹੀਂ ਮਿਲਦਾ। ਇਹ ਸਥਿਤੀ ਸਾਡੇ ਸਮਾਜ ਲਈ ਇੱਕ ਗੰਭੀਰ ਪ੍ਰਸ਼ਨ ਹੈ—ਕੀ ਅਸੀਂ ਸੱਚਮੁੱਚ ਸਹੀ ਹੋਣ ਦੀ ਲੜਾਈ ਲੜ ਰਹੇ ਹਾਂ ਜਾਂ ਸਿਰਫ਼ ਆਪਣੇ ਅਹੰਕਾਰ ਦੀ ਰਾਖੀ ਕਰ ਰਹੇ ਹਾਂ?

ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਜਿਨ੍ਹਾਂ ਲੋਕਾਂ ਨਾਲ ਅੱਜ ਅਸੀਂ ਨਾਰਾਜ਼ ਹਾਂ, ਹੋ ਸਕਦਾ ਹੈ ਕੱਲ੍ਹ ਉਹ ਸਾਡੇ ਕੋਲ ਨਾ ਹੋਣ। ਜੀਵਨ ਦੀ ਅਨਿਸ਼ਚਿਤਤਾ ਸਾਨੂੰ ਹਰ ਰੋਜ਼ ਇਹ ਸਿਖਾਉਂਦੀ ਹੈ ਕਿ ਰਿਸ਼ਤਿਆਂ ਨੂੰ ਕੱਲ੍ਹ ਲਈ ਨਹੀਂ ਛੱਡਣਾ ਚਾਹੀਦਾ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਇਹ ਸਬਕ ਅਕਸਰ ਕਿਸੇ ਵਿਛੋੜੇ ਤੋਂ ਬਾਅਦ ਹੀ ਸਿੱਖਦੇ ਹਾਂ।

ਸਮਾਜ ਨੂੰ ਮਜ਼ਬੂਤ ਬਣਾਉਣ ਲਈ ਸਿਰਫ਼ ਆਰਥਿਕ ਵਿਕਾਸ ਜਾਂ ਤਕਨੀਕੀ ਤਰੱਕੀ ਕਾਫ਼ੀ ਨਹੀਂ। ਮਜ਼ਬੂਤ ਸਮਾਜ ਉਹ ਹੁੰਦਾ ਹੈ ਜਿੱਥੇ ਲੋਕ ਅਸਹਿਮਤੀ ਦੇ ਬਾਵਜੂਦ ਸੰਵਾਦ ਜਾਰੀ ਰੱਖਦੇ ਹਨ, ਜਿੱਥੇ ਮੁਆਫ਼ੀ ਨੂੰ ਕਮਜ਼ੋਰੀ ਨਹੀਂ, ਸਗੋਂ ਪਰਿਪੱਕਤਾ ਮੰਨਿਆ ਜਾਂਦਾ ਹੈ ਅਤੇ ਜਿੱਥੇ ਰਿਸ਼ਤਿਆਂ ਦੀ ਕੀਮਤ ­ਹੰਕਾਰ ਨਾਲੋਂ ਵੱਧ ਹੁੰਦੀ ਹੈ। ਇਹੀ ਸੰਸਕਾਰ ਪਰਿਵਾਰਾਂ ਨੂੰ ਜੋੜਦੇ ਹਨ ਅਤੇ ਇਹੀ ਕਦਰਾਂ ਕੀਮਤਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀਆਂ ਹਨ।

ਮੁਆਫ਼ ਕਰਨਾ ਕਿਸੇ ਉੱਤੇ ਅਹਿਸਾਨ ਨਹੀਂ, ਆਪਣੇ ਮਨ ਨੂੰ ਆਜ਼ਾਦ ਕਰਨਾ ਹੈ। ਗਿਲੇ-ਸ਼ਿਕਵੇ ਮਨ ਵਿੱਚ ਰੱਖਣ ਵਾਲਾ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਜ਼ਾ ਦਿੰਦਾ ਹੈ। ਮਨ ਦੀ ਸ਼ਾਂਤੀ, ਖ਼ੁਸ਼ੀ ਅਤੇ ਸਕਾਰਾਤਮਕ ਸੋਚ ਉਸ ਤੋਂ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਇਸ ਦੇ ਉਲਟ ਜੋ ਵਿਅਕਤੀ ਪਹਿਲ ਕਰਕੇ ਗੱਲ ਕਰ ਲੈਂਦਾ ਹੈ, ਉਹ ਰਿਸ਼ਤਾ ਹੀ ਨਹੀਂ, ਆਪਣਾ ਮਨ ਵੀ ਬਚਾ ਲੈਂਦਾ ਹੈ।

ਅੱਜ ਲੋੜ ਇਸ ਗੱਲ ਦੀ ਨਹੀਂ ਕਿ ਹਰ ਬਹਿਸ ਵਿੱਚ ਜਿੱਤ ਹਾਸਲ ਕੀਤੀ ਜਾਵੇ; ਲੋੜ ਇਸ ਗੱਲ ਦੀ ਹੈ ਕਿ ਹਰ ਸੰਭਵ ਰਿਸ਼ਤਾ ਬਚਾਇਆ ਜਾਵੇ। ਜਿੱਤੀਆਂ ਹੋਈਆਂ ਦਲੀਲਾਂ ਸਮੇਂ ਨਾਲ ਭੁੱਲ ਜਾਂਦੀਆਂ ਹਨ, ਪਰ ਟੁੱਟੇ ਹੋਏ ਰਿਸ਼ਤਿਆਂ ਦੀ ਖਾਮੋਸ਼ੀ ਲੰਬੇ ਸਮੇਂ ਤੱਕ ਮਨ ਨੂੰ ਚੁਭਦੀ ਰਹਿੰਦੀ ਹੈ। ਇਸ ਲਈ ਜੇ ਤੁਹਾਡੇ ਜੀਵਨ ਵਿੱਚ ਕੋਈ ਅਜਿਹਾ ਵਿਅਕਤੀ ਹੈ ਜਿਸ ਨਾਲ ਸਿਰਫ਼ ਨਾਰਾਜ਼ਗੀ ਹੀ ਰਿਸ਼ਤਾ ਬਣ ਕੇ ਰਹਿ ਗਈ ਹੈ ਤਾਂ ਇੱਕ ਪਲ ਠਹਿਰ ਕੇ ਆਪਣੇ ਆਪ ਨੂੰ ਪੁੱਛੋ—ਕੀ ਅੱਜ ਵੀ ਉਹ ਕਾਰਨ ਇੰਨਾ ਵੱਡਾ ਹੈ ਜਾਂ ਹੁਣ ਸਿਰਫ਼ ਨਾਰਾਜ਼ਗੀ ਹੀ ਨਾਰਾਜ਼ ਰਹਿਣ ਦੀ ਵਜ੍ਹਾ ਬਣ ਚੁੱਕੀ ਹੈ? ਜੇ ਜਵਾਬ ਦੂਜਾ ਹੈ ਤਾਂ ਪਹਿਲਾ ਕਦਮ ਚੁੱਕਣ ਵਿੱਚ ਦੇਰੀ ਨਾ ਕਰੋ।

Share this content:

Post Comment