ਵੇ ਪੁੰਨਣਾ/ਬਾਬੂ ਸਿੰਘ ਮਾਨ/ਗੁਰਭਜਨ ਗਿੱਲ
ਇਹ ਗੀਤ ਪੰਜਾਬੀ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅੰਮ੍ਰਿਤਸਰ ਤੋਂ ਕਰਤਾਰ ਸਿੰਘ ਬਲੱਗਣ ਦੀ ਸੰਪਾਦਨਾ ਹੇਠ ਛਪਦੇ ਮਾਸਿਕ ਪੱਤਰ “ਕਵਿਤਾ” ਵਿੱਚੋਂ ਲੈ ਕੇ ਸਾਰੀ ਉਮਰ ਗਾਉਂਦਾ ਰਿਹਾ , ਪਰ ਸਬੱਬ ਦੇਖੋ, ਅਮਰਜੀਤ ਗੁਰਦਾਸਪੁਰੀ ਤੇ ਬਾਬੂ ਸਿੰਘ ਮਾਨ ਸਾਰੀ ਉਮਰ ਕਦੇ ਨਾ ਮਿਲ ਸਕੇ। ਇਸ ਤੋਂ ਦੋ ਗੱਲਾਂ ਸਾਬਤ ਹੁੰਦੀਆਂ ਨੇ ਕਿ ਉਦੋਂ ਗਾਇਕ ਸਾਹਿੱਤਕ ਰਸਾਲੇ ਪੜ੍ਹਦੇ ਹੁੰਦੇ ਸਨ ਤੇ ਦੂਸਰੀ ਗੱਲ ਇਹ ਕਿ ਗੀਤਕਾਰ ਵੀ ਗੀਤਾਂ ਤੇ ਵਲੀ ਕੰਧਾਰੀ ਬਣ ਕੇ ਨਹੀਂ ਸੀ ਬਹਿੰਦੇ। ਹੁਣ ਤਾਂ ਵਪਾਰਕ ਬਿਰਤੀ ਨੇ ਸਾਨੂੰ ਸਭ ਨੂੰ ਵਣਜਾਰੇ ਬਣਾ ਦਿੱਤਾ ਹੈ।
ਵੇ ਪੁੰਨਣਾ, ਵੇ ਜ਼ਾਲਮਾ
ਮੇਰੇ ਦਿਲਾਂ ਦਿਆ ਮਹਿਰਮਾ
ਵੇ ਮਹਿਰਮਾਂ, ਵੇ ਬੱਦਲਾ
ਕਿੰਨਾ ਚਿਰ ਹੋਰ ਤੇਰੀ ਛਾਂ
ਕਹਿਰ ਦੀ ਦੁਪਹਿਰ ਭੈੜੀ ਮੌਤ ਨਾਲੋਂ ਚੁੱਪ
ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ
ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ
ਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇ
ਕੱਚਾ ਘੜਾ ਜ਼ਿੰਦਗੀ ਦਾ ਲੋਹੜੇ ਦਾ ਤੂਫਾਨ
ਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ…
ਵੇ ਪੁੰਨਣਾਂ…
ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀ
ਤਿੱਖੇ ਕੰਡਿਆਂ ਨੇ ਪੱਛਿਆ ਸਰੀਰ ਨੂੰ।
ਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸ
ਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰ
ਮਿਟ ਚੱਲੇ ਡਾਚੀ ਦੀਆਂ ਪੈੜਾਂ ਦੇ ਨਿਸ਼ਾਨ
ਕੱਕੇ ਰੇਤਿਆਂ ਨੂੰ ਚੁੰਮਦੀ ਫਿਰਾਂ…
ਵੇ ਪੁੰਨਣਾਂ…
ਫਿਰਦੀ ਭਟਕਦੀ ਉਜਾੜਾਂ ‘ਚ ਇਕੱਲੀ
ਜਿਵੇਂ ਦੋਜ਼ਕਾਂ ‘ਚ ਰਿਸ਼ੀਆਂ ਦੀ ਆਤਮਾ।
ਸੁੱਤਿਆਂ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ ਵੇ ਧੰਨ ਤੇਰਾ ਜਿਗਰਾ ਮਹਾਤਮਾ
ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ ਮੈਂ ਹੌਕਿਆਂ ਦਾ ਜਾਪ ਕਰਾਂ…
ਵੇ ਪੁੰਨਣਾਂ…
ਮਹਿੰਦੀ ਰੰਗੇ ਪੈਰਾਂ ਵਿਚੋਂ ਰਿਸਦਾ ਏ ਖ਼ੂਨ,
ਮੋਹਰਾਂ ਰੱਤੀਆਂ ਥਲਾਂ ਦੇ ਵਿਚ ਲੱਗੀਆਂ।
ਹੰਭ ਗਏ ਵਰੋਲੇ ਪਰ ਮਿਟੇ ਨਾ ਕਲੰਕ
ਲੱਖਾਂ ਪੌਣਾਂ ਕਹਿਰਵਾਨ ਹੋ ਹੋ ਵੱਗੀਆਂ
ਠਹਿਰ ਜ਼ਰਾ ਮੌਤੇ ਪੁੱਜ ਲੈਣ ਤਾਂ ਦੇ ਪਾਪਣੇ ਨੀ
ਚੰਦਰੇ ਬਲੋਚ ਦੇ ਗਿਰਾਂ …
ਵੇ ਪੁੰਨਣਾਂ…

-ਗੁਰਭਜਨ ਗਿੱਲ
Share this content:



Post Comment